ਕਾਨਪੁਰ ਨੇੜੇ ਪੱਟੜੀ ਤੋਂ ਲੱਥੀ ਪੂਰਵਾ ਐਕਸਪ੍ਰੈੱਸ, 100 ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਨਪੁਰ ਦੇ ਰੂਮਾ ਵਿਚ ਦੇਰ ਰਾਤ ਕਰੀਬ 1 ਵਜੇ ਟ੍ਰੇਨ ਨਾਲ ਵੱਡਾ ਹਾਦਸਾ ਵਾਪਰ ਗਿਆ।

Poorva express

ਉੱਤਰ ਪ੍ਰਦੇਸ਼: ਕਾਨਪੁਰ ਦੇ ਰੂਮਾ ਵਿਚ ਦੇਰ ਰਾਤ ਕਰੀਬ 1 ਵਜੇ ਟ੍ਰੇਨ ਨਾਲ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਜਦੋਂ ਹਾਵੜਾ ਤੋਂ ਨਵੀਂ ਦਿੱਲੀ ਜਾ ਰਹੀ ਪੂਰਵਾ ਐਕਸ੍ਰਪੈੱਸ ਦੇ 15 ਡੱਬੇ ਪੱਟੜੀ ਤੋਂ ਉਤਰ ਗਏ  ਜਿਨ੍ਹਾਂ ਵਿਚੋਂ 4 ਡੱਬੇ ਪਲਟ ਗਏ। ਇਸ ਹਾਦਸੇ ਵਿਚ ਜਾਨੀ ਨੁਕਸਾਨ ਬਚਾਅ ਹੋ ਗਿਆ ਹੈ ਪਰ 100 ਦੇ ਕਰੀਬ ਲੋਕ ਜ਼ਖ਼ਮੀ ਹੋ ਗਏ ਹਨ। 

ਅੱਧੀ ਰਾਤ ਵੇਲੇ ਹਾਦਸਾ ਵਾਪਰਦਿਆਂ ਹੀ ਚੀਕ ਚਿਹਾੜਾ ਮਚ ਗਿਆ। ਰੇਲਵੇ ਨੇ ਤੁਰੰਤ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕੀਤੇ। ਜ਼ਖ਼ਮੀ ਹੋਏ ਯਾਤਰੀਆਂ ਨੂੰ  ਨੇੜੇ ਦੇ ਹਸਪਤਾਲਾਂ ਵਿਚ ਲਿਜਾਇਆ ਗਿਆ। ਇਸ ਤੋਂ ਇਲਾਵਾ ਕਾਨਪੁਰ ਅਤੇ ਇਲਾਹਾਬਾਦ ਤੋਂ ਸੀਨੀਅਰ ਡਾਕਟਰਾਂ ਦੀ ਟੀਮ ਮੌਕੇ 'ਤੇ ਪਹੁੰਚ ਗਈ। ਹਾਦਸੇ ਤੋਂ ਬਾਅਦ ਅੱਪ ਅਤੇ ਡਾਊਨ ਲਾਈਨ 'ਤੇ ਰੇਲ ਆਵਾਜਾਈ ਠੱਪ ਹੋ ਗਈ ਹੈ।

ਰੇਲ ਮੰਤਰਾਲੇ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਇਕ ਰਿਲੀਫ ਟ੍ਰੇਨ 900 ਯਾਤਰੀਆਂ ਨੂੰ ਲੈ ਕੇ ਕਾਨਪੁਰ ਤੋਂ ਰਵਾਨਾ ਹੋ ਚੁਕੀ ਹੈ। CRPO ਨਾਰਥ ਸੈਂਟਰਲ ਰੇਲਵੇਜ਼ ਨੇ ਦੱਸਿਆ ਹੈ ਕਿ ਹਾਵੜਾ ਤੋਂ ਦਿੱਲੀ ਰੇਲਵੇ ਲਾਈਨ ਦੀ ਮੁਰੰਮਤ ਵਿਚ ਵਕਤ ਲੱਗ ਸਕਦਾ ਹੈ। ਇਸਦੀ ਮੁਰੰਮਤ ਸ਼ਨੀਵਾਰ ਸ਼ਾਮ 4 ਵਜੇ ਤੱਕ ਕੀਤੀ ਜਾਵੇਗੀ। ਰੇਲਵੇ ਵੱਲੋਂ ਜਾਰੀ ਬਿਆਨ ਵਿਚ ਦੱਸਿਆ ਗਿਆ ਹੈ ਕਿ ਇਸ ਹਾਦਸੇ ਕਾਰਨ ਕਈ ਟ੍ਰੇਨਾਂ ਦੇ ਰੂਟ ਬਦਲ ਦਿੱਤੇ ਗਏ ਹਨ।

ਪੂਰਵਾ ਐਕਸਪ੍ਰੈੱਸ ਦੇ ਡ੍ਰਾਈਵਰ ਫੂਲ ਸਿੰਘ ਨੇ ਦੱਸਿਆ ਕਿ ਟ੍ਰੇਨ ਦੀ ਜ਼ਿਆਦਾਤਰ ਰਫਤਾਰ 130 ਕਿਲੋਮੀਟਰ ਪ੍ਰਤੀ ਘੰਟਾ ਹੈ ਅਤੇ ਹਾਦਸੇ ਸਮੇਂ ਟ੍ਰੇਨ ਲਗਭਗ 127 ਦੀ ਸਪੀਡ ‘ਤੇ ਜਾ ਰਹੀ ਸੀ। ਪੂਰਵਾ ਐਕਸਪ੍ਰੈਸ ਹਾਦਸਾ ਹੋਣ ਤੋਂ ਬਾਅਦ ਭਾਰਤੀ ਰੇਲਵੇ ਨੇ ਹਾਵੜਾ ਵਿਚ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਹਨ। ਦਸ ਦਈਏ ਕਿ ਇਸ ਤੋਂ ਪਹਿਲਾਂ ਰਾਂਚੀ ਨੇੜੇ ਰਾਂਚੀ-ਨਵੀਂ ਦਿੱਲੀ ਐਕਸਪ੍ਰੈੱਸ ਵੀ ਚਲਦੇ ਹੋਏ ਦੋ ਹਿੱਸਿਆਂ ਵਿਚ ਵੰਡੀ ਗਈ ਸੀ ਪਰ ਵੱਡਾ ਹਾਦਸਾ ਹੋਣੋਂ ਟਲ ਗਿਆ ਸੀ।