ਤਿਹਾੜ ਜੇਲ੍ਹ 'ਚ ਮੁਸਲਿਮ ਕੈਦੀ ਦੀ ਪਿੱਠ 'ਤੇ ਦਾਗ਼ੇ 'ਓਮ' ਦੇ ਨਿਸ਼ਾਨ ਦਾ ਅਦਾਲਤ ਨੇ ਲਿਆ ਨੋਟਿਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਦੀ ਤਿਹਾੜ ਜੇਲ੍ਹ ਵਿਚ ਇਕ ਮੁਸਲਮਾਨ ਕੈਦੀ ਨੇ ਆਪਣੀ ਪਿੱਠ ‘ਤੇ ਜੇਲ੍ਹ ਅਧਿਕਾਰੀ ਵੱਲੋਂ ਜਬਰਦਸਤੀ ‘ਓਮ’ ਦਾ ਨਿਸ਼ਾਨ ਬਣਾਉਣ ਦਾ ਇਲਜ਼ਾਮ ਲਗਾਇਆ ਹੈ।

Muslim Prisoner

ਨਵੀਂ ਦਿੱਲੀ: ਦਿੱਲੀ ਦੀ ਤਿਹਾੜ ਜੇਲ੍ਹ ਵਿਚ ਇਕ ਮੁਸਲਮਾਨ ਕੈਦੀ ਨੇ ਆਪਣੀ ਪਿੱਠ ‘ਤੇ ਜੇਲ੍ਹ ਅਧਿਕਾਰੀ ਵੱਲੋਂ ਜਬਰਦਸਤੀ ‘ਓਮ’ ਦਾ ਨਿਸ਼ਾਨ ਬਣਾਉਣ ਦਾ ਇਲਜ਼ਾਮ ਲਗਾਇਆ ਹੈ। ਇਸ ਮਾਮਲੇ ਵਿਚ ਅਦਾਲਤ ਨੇ ਜਾਂਚ ਦੇ ਆਦੇਸ਼ ਦਿੱਤੇ ਹਨ। ਇਕ ਰਿਪੋਰਟ ਮੁਤਾਬਿਕ ਮੁਸਲਮਾਨ ਕੈਦੀ ਨਾਬਿਰ ਦਾ ਕਹਿਣਾ ਹੈ ਕਿ ਜੇਲ੍ਹ ਅਧਿਕਾਰੀ ਰਾਜੇਸ਼ ਚੌਹਾਨ ਨੇ ਗਰਮ ਚੀਜ਼ ਨਾਲ ਉਸਦੀ ਪਿੱਠ ‘ਤੇ ‘ਓਮ’ ਦਾ ਨਿਸ਼ਾਨ ਬਣਾਇਆ ਸੀ।

ਨਾਬਿਰ ਨੇ ਮੈਟਰੋਪੋਲੀਟਨ ਮੈਜਿਸਟਰੇਟ ਰੀਚਾ ਪਰਿਹਾਰ ਨੂੰ ਦੱਸਿਆ ਕਿ ਜੇਲ੍ਹ ਅਧਿਕਾਰੀ ਨੇ ਨਰਾਤਿਆਂ ਦੇ ਨਾਂਅ ‘ਤੇ ਉਸ ਨੂੰ ਦੋ ਦਿਨਾਂ ਤੱਕ ਭੁੱਖਾ ਵੀ ਰੱਖਿਆ ਅਤੇ ਇਸਦੇ ਨਾਲ ਹੀ ਧਰਮ ਬਦਲ ਕੇ ਹਿੰਦੂ ਬਣਾਉਣ ਦੀ ਗੱਲ ਵੀ ਕਹੀ।ਨਾਬਿਰ ਦੇ ਵਕੀਲ ਜਗਮੋਹਨ ਸਿੰਘ ਨੇ ਬੁੱਧਵਾਰ ਨੂੰ ਅਦਾਲਤ ਵਿਚ ਇਕ ਪਟੀਸ਼ਨ ਦਰਜ ਕੀਤੀ ਸੀ। ਇਸ ਤੋਂ ਇਕ ਦਿਨ ਪਹਿਲਾਂ ਹੀ ਨਾਬਿਰ ਨੇ ਇਹ ਘਟਨਾ ਆਪਣੇ ਪਰਿਵਾਰ ਵਾਲਿਆ ਨੂੰ ਦੱਸੀ ਸੀ। ਨਾਬਿਰ ਨੂੰ MCOCA ਅਤੇ ਹਥਿਆਰ ਐਕਟ ਦੇ ਤਹਿਤ 2016 ਵਿਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਨੂੰ ਤਿਹਾੜ ਦੀ ਜੇਲ੍ਹ ਨੰਬਰ ਚਾਰ ਵਿਚ ਰੱਖਿਆ ਗਿਆ ਹੈ।

ਮੈਟਰੋਪੋਲੀਟਨ ਮੈਜਿਸਟਰੇਟ ਨੇ ਤਿਹਾੜ ਜੇਲ੍ਹ ਪ੍ਰਸ਼ਾਸਨ ਨੂੰ ਮਾਮਲੇ ਦੀ ਜਾਂਚ ਕਰਨ ਅਤੇ ਇਸ ਸਬੰਧ ਵਿਚ ਰਿਪੋਰਟ ਪੇਸ਼ ਕਰਨ ਦਾ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਨਾਬਿਰ ਵੱਲੋਂ ਲਗਾਏ ਗਏ ਇਲਜ਼ਾਮ ਗੰਭੀਰ ਹਨ ਅਤੇ ਇਸਦੀ ਤੁਰੰਤ ਜਾਂਚ ਕਰਨ ਦੀ ਜ਼ਰੂਰਤ ਹੈ। ਇਸ ਸਬੰਧ ਵਿਚ ਤਿਹਾੜ ਜੇਲ੍ਹ ਦੇ ਡੀਜੀਪੀ ਨੂੰ ਜਾਂਚ ਦੀ ਰਿਪੋਰਟ ਪੇਸ਼ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਸੀਸੀਟੀਵੀ ਫੂਟੇਜ ਅਤੇ ਜੇਲ੍ਹ ਹੋਰਨਾਂ ਕੈਦੀਆਂ ਦੇ ਬਿਆਨ ਲੈਣ ਲਈ ਵੀ ਕਿਹਾ ਗਿਆ।

ਅਦਾਲਤ ਨੇ ਜੇਲ੍ਹ ਪ੍ਰਸ਼ਾਸਨ ਨੂੰ ਨਾਬਿਰ ਦੀ ਸੁਰੱਖਿਆ ਨਿਸ਼ਚਿਤ ਕਰਨ ਦੇ ਨਿਰਦੇਸ਼ ਦਿੰਦੇ ਹੋਏ, ਜੇਲ੍ਹ ਵਿਚ ਜ਼ਰੂਰੀ ਇੰਤਜ਼ਾਮ ਕਰਨ ਲਈ ਕਿਹਾ। ਇਸਦੇ ਨਾਲ ਹੀ ਸੀਸੀਟੀਵੀ ਫੂਟੇਜ ਅਤੇ ਨਾਬਿਰ ਦੀ ਮੈਡੀਕਲ ਜਾਂਚ ਵੀ ਕੀਤੀ ਜਾਵੇਗੀ। ਅਦਾਲਤ ਨੇ ਕਿਹਾ ਕਿ ਨਾਬਿਰ ਦੀ ਮੈਡੀਕਲ ਜਾਂਚ ਕਰਵਾਈ ਜਾਵੇਗੀ ਜੇਕਰ ਜੇਲ੍ਹ ਅਧਿਕਾਰੀ ਨੂੰ ਦੋਸ਼ੀ ਪਾਇਆ ਗਿਆ ਤਾਂ ਉਹਨਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅਦਾਲਤ ਨੇ ਜੇਲ੍ਹ ਪ੍ਰਸ਼ਾਸਨ ਨੂੰ ਸੋਮਵਾਰ (22 ਅਪ੍ਰੈਲ) ਤੱਕ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ।