ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਲੱਗੇਗਾ ਕੋਰੋਨਾ ਦਾ ਟੀਕਾ, ਅਨਿਲ ਵਿਜ ਬੋਲੇ ਚਿੰਤਾ ਕਰਨਾ ਮੇਰਾ ਫਰਜ਼
ਮੇਰਾ ਫਰਜ਼ ਬਣਦਾ ਹੈ ਕਿ ਮੈਂ ਹਰਿਆਣੇ ਵਿਚ ਹਰ ਕਿਸੇ ਦੀ ਚਿੰਤਾ ਕਰਾਂ- ਅਨਿਲ ਵਿਜ ਬੋਲੇ
ਚੰਡੀਗੜ੍ਹ: ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਦੱਸਿਆ ਕਿ ਹਰਿਆਣਾ ਸਰਕਾਰ ਵੱਲੋਂ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਕੋਰੋਨਾ ਦਾ ਟੀਕਾ ਲਗਵਾਇਆ ਜਾਵੇਗਾ। ਇਸ ਦੇ ਨਾਲ ਹੀ ਉਹਨਾਂ ਦੀ ਕੋਵਿਡ-19 ਜਾਂਚ ਵੀ ਕੀਤੀ ਜਾਵੇਗੀ।
ਅਨਿਲ ਵਿਜ ਨੇ ਕਿਹਾ, ‘ਮੇਰਾ ਫਰਜ਼ ਬਣਦਾ ਹੈ ਕਿ ਮੈਂ ਹਰਿਆਣੇ ਵਿਚ ਹਰ ਕਿਸੇ ਦੀ ਚਿੰਤਾ ਕਰਾਂ। ਇੱਥੇ ਵੱਡੀ ਗਿਣਤੀ ਵਿਚ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ। ਅਸੀਂ ਉਹਨਾਂ ਨੂੰ ਟੀਕਾ ਲਗਾਉਣ ਅਤੇ ਉਹਨਾਂ ਦੀ ਕੋਵਿਡ 19 ਜਾਂਚ ਕਰਵਾਉਣ ਦਾ ਫੈਸਲਾ ਕੀਤਾ ਹੈ।‘ ਉਹਨਾਂ ਦੱਸਿਆ ਕਿ ਇਸ ਦੇ ਲਈ ਪਹਿਲਾਂ ਕਿਸਾਨ ਆਗੂਆਂ ਨਾਲ ਗੱਲ ਕੀਤੀ ਜਾਵੇਗੀ।
ਇਸ ਮੌਕੇ ਅਨਿਲ ਵਿਜ ਨੇ ਕਿਹਾ ਕਿ ਕੋਰੋਨਾ ਮਾਮਲਿਆਂ ਨੂੰ ਦੇਖਦਿਆਂ ਸਾਰੇ ਸਰਕਾਰੀ ਹਸਪਤਾਲਾਂ ਵਿਚ ਸਰਜਰੀ ਬੰਦ ਕਰ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਕੁੰਭ ਤੋਂ ਪਰਤਣ ਵਾਲਿਆਂ ਦੀ ਹਰਿਆਣਾ ਵਿਚ ਐਂਟਰੀ ਮੌਕੇ ਕੋਰੋਨਾ ਜਾਂਚ ਹੋਵੇਗੀ। ਇਸ ਤੋਂ ਪਹਿਲਾਂ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਸੀ ਕਿ ਉਹ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨਾਲ ਗੱਲਬਾਤ ਫਿਰ ਤੋਂ ਸ਼ੁਰੂ ਕਰਨ ਕਿਉਂਕਿ ਕੋਰੋਨਾ ਵਾਇਰਸ ਲਾਗ ਦਾ ਖ਼ਤਰਾ ਲਗਾਤਾਰ ਵਧਦਾ ਜਾ ਰਿਹਾ ਹੈ।
ਮੰਤਰੀ ਨੇ ਕਿਹਾ ਸੀ ਕਿ, ''ਹਰਿਆਣਾ 'ਚ ਕੋਰੋਨਾ ਵਾਇਰਸ ਦੀ ਸਥਿਤੀ ਨੂੰ ਕੰਟਰੋਲ 'ਚ ਲਿਆਉਣ ਲਈ ਸਾਰੇ ਯਤਨ ਕੀਤੇ ਜਾ ਰਹੇ ਹਨ, ਪਰ ਹਜ਼ਾਰਾਂ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਲੈ ਕੇ ਚਿੰਤਾ ਬਣੀ ਹੋਈ ਹੈ, ਜੋ ਹਰਿਆਣਾ ਦੀਆਂ ਹੱਦਾਂ ਤੇ ਬੈਠੇ ਹਨ ਅਤੇ ਮੈਂ ਉਹਨਾਂ ਨੂੰ ਕੋਰੋਨਾ ਤੋਂ ਬਚਾਉਣਾ ਹੈ |''