ਕੇਂਦਰ ਦੀ ਚਾਲ ਵਿਰੁਧ ਕਿਸਾਨਾਂ ਦੀ ਰਣਨੀਤੀ, ਅਪ੍ਰੇਸ਼ਨ ਸ਼ਕਤੀ ਨਾਲ ਕਰਨਗੇ ਅਪ੍ਰੇਸ਼ਨ ਕਲੀਨ ਦਾ ਮੁਕਾਬਲਾ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਕਰਨਗੇ ਅਪ੍ਰੇਸ਼ਨ ਸ਼ਕਤੀ ਨਾਲ

Farmers Protest

ਚੰਡੀਗੜ੍ਹ (ਭੁੱਲਰ) : ਕਿਸਾਨ-ਜਥੇਬੰਦੀਆਂ ਨੇ “ਆਪ੍ਰੇਸਨ ਕਲੀਨ” ਦਾ ਮੁਕਾਬਲਾ “ਆਪ੍ਰੇਸਨ ਸ਼ਕਤੀ” ਨਾਲ ਕਰਨ ਲਈ ਰਣਨੀਤੀ ਬਣਾਈ ਹੈ। ਇਸ ਰਣਨੀਤੀ ਤਹਿਤ ਇਕ ਪਾਸੇ ਪ੍ਰਤੀਰੋਧ ਹਫ਼ਤਾ ਮਨਾ ਕੇ ਕਿਸਾਨ ਸਾਰੇ ਮੋਰਚਿਆਂ ’ਤੇ ਕੋਰੋਨਾ ਨਾਲ ਲੜਨ ਦਾ ਸਖ਼ਤ ਪ੍ਰਬੰਧ ਕਰਨਗੇ, ਦੂਜੇ ਪਾਸੇ ਕਿਸਾਨਾਂ ਨੂੰ ਅਗਲੇ ਹਫ਼ਤੇ ਤੋਂ ਅਪਣੇ ਮੋਰਚਿਆਂ ’ਤੇ ਵਾਪਸ ਆਉਣ ਲਈ ਬੁਲਾਇਆ ਗਿਆ ਹੈ।  

ਬੀਤੇ ਦਿਨੀਂ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਕੀਤੀ ਗਈ, ਮੀਟਿੰਗ ਦੇ ਫ਼ੈਸਲਿਆਂ ਦਾ ਐਲਾਨ ਸੰਯੁਕਤ ਕਿਸਾਨ ਮੋਰਚੇ ਦੀ ਪ੍ਰੈਸ ਕਾਨਫ਼ਰੰਸ ਦੌਰਾਨ ਕੀਤਾ ਗਿਆ। ਪਿਛਲੇ ਕੁੱਝ ਦਿਨਾਂ ਤੋਂ ਇਹ ਸੰਕੇਤ ਮਿਲ ਰਹੇ ਹਨ ਕਿ ਸਰਕਾਰ ਕੋਰੋਨਾ ਦੀ ਲਾਗ ਦੇ ਬਹਾਨੇ ਕਿਸਾਨੀ ਅੰਦੋਲਨ ਨੂੰ ਖ਼ਤਮ ਕਰਨ ਦੀ ਸਾਜ਼ਸ਼ ਰਚ ਰਹੀ ਹੈ। ਮੀਡੀਆ ਵਿਚ ਕਈ ਅਜਿਹੀਆਂ ਖ਼ਬਰਾਂ ਆਈਆਂ ਹਨ ਕਿ ਜਿਵੇਂ ਹੀ ਵਿਧਾਨ ਸਭਾ ਚੋਣਾਂ ਖ਼ਤਮ ਹੋਣਗੀਆਂ, ਹਰਿਆਣਾ ਅਤੇ ਕੇਂਦਰ ਸਰਕਾਰ ਨੇ “ਆਪ੍ਰੇਸ਼ਨ ਕਲੀਨ” ਦੇ ਨਾਮ ’ਤੇ ਕਿਸਾਨਾਂ ਦੇ ਮੋਰਚਿਆਂ ’ਤੇ ਹਮਲਾ ਕਰਨ ਅਤੇ ਉਨ੍ਹਾਂ ਦਾ ਸਫ਼ਾਇਆ ਕਰਨ ਦੀ ਯੋਜਨਾ ਬਣਾਈ ਹੈ।

ਇਸ ਯੋਜਨਾ ਦੀ ਭੂਮਿਕਾ ਨਿਭਾਉਣ ਲਈ ਕੇਂਦਰੀ ਖੇਤੀਬਾੜੀ ਮੰਤਰੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਨੇ ਕੋਰੋਨਾ ਸੰਕਟ ਕਾਰਨ ਕਿਸਾਨੀ ਅੰਦੋਲਨ ਨੂੰ ਖ਼ਤਮ ਕਰਨ ਦੀ ਅਪੀਲ ਕਰਨ ਦਾ ਵਿਖਾਵਾ ਵੀ ਕੀਤਾ ਹੈ।  ਸੰਯੁਕਤ ਕਿਸਾਨ ਮੋਰਚਾ ਨੇ ਸਰਕਾਰ ਨੂੰ ਚੇਤਾਵਨੀ ਦਿਤੀ ਹੈ ਕਿ ਜੇਕਰ ਅਜਿਹੀ ਕੋਈ ਕਾਰਵਾਈ ਹੁੰਦੀ ਹੈ ਤਾਂ ਕਿਸਾਨ ਇਸ ਦਾ ਡੱਟ ਕੇ ਵਿਰੋਧ ਕਰਨਗੇ ਤੇ ਇਸ ਚੁਨੌਤੀ ਦਾ ਮੁਕਾਬਲਾ ਕਰਨ ਲਈ ਕਿਸਾਨੀ ਲਹਿਰ ਨੇ ਦੋਹਰੀ ਰਣਨੀਤੀ ਬਣਾਈ ਹੈ।  

ਇਕ ਪਾਸੇ ਸੰਯੁਕਤ ਕਿਸਾਨ ਮੋਰਚਾ ਨੇ ਸਾਰੇ ਕਿਸਾਨਾਂ ਨੂੰ ਵਾਢੀ ਦਾ ਕੰਮ ਪੂਰਾ ਹੁੰਦੇ ਹੀ ਅਪਣੇ-ਅਪਣੇ ਮੋਰਚੇ ਵੱਲ ਪਰਤਣ ਦੀ ਅਪੀਲ ਕੀਤੀ ਹੈ।  ਭਾਰਤੀ ਕਿਸਾਨ ਯੂਨੀਅਨ (ਉਗਰਾਹਾ) ਨੇ ਪਹਿਲਾਂ ਹੀ ਅਪਣੇ ਮੈਂਬਰਾਂ ਨੂੰ 21 ਅਪ੍ਰੈਲ ਤੋਂ ਟਿਕਰੀ ਬਾਰਡਰ ’ਤੇ ਪਹੁੰਚਣ ਲਈ ਕਿਹਾ ਹੈ। ਇਸ ਦਾ ਸਵਾਗਤ ਕਰਦਿਆਂ ਸੰਯੁਕਤ ਕਿਸਾਨ ਮੋਰਚਾ ਨੇ ਹੋਰ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ 24 ਅਪ੍ਰੈਲ ਤੋਂ ਕਿਸਾਨਾਂ ਅਤੇ ਆਮ ਲੋਕਾਂ ਨੂੰ ‘ਫਿਰ ਦਿੱਲੀ ਚਲੋ’ ਦਾ ਸੱਦਾ ਦੇ ਕੇ ਅਪਣੇ ਮੋਰਚਿਆਂ ਤਕ ਪਹੁੰਚਣ ਦਾ ਪ੍ਰੋਗਰਾਮ ਬਣਾਉਣ।