ਦੁਨੀਆ ਦੇ ਸਭ ਤੋਂ ਉਚੇ ਵੋਟਿੰਗ ਸੈਂਟਰ ‘ਤੇ 143 ਫੀਸਦੀ ਵੋਟਿੰਗ
ਹਿਮਾਚਲ ਪ੍ਰਦੇਸ਼ ਵਿਚ ਦੁਨੀਆ ਦੇ ਸਭ ਤੋਂ ਉਚੇ ਵੋਟਿੰਗ ਸੈਂਟਰ ਤਾਸ਼ੀਗਾਂਗ ਪਿੰਡ ਵਿਚ ਐਤਵਾਰ ਨੂੰ 142.85 ਫੀਸਦੀ ਵੋਟਿੰਗ ਦਰਜ ਕੀਤੀ ਗਈ।
ਸ਼ਿਮਲਾ: ਹਿਮਾਚਲ ਪ੍ਰਦੇਸ਼ ਵਿਚ ਦੁਨੀਆ ਦੇ ਸਭ ਤੋਂ ਉਚੇ ਵੋਟਿੰਗ ਸੈਂਟਰ ਤਾਸ਼ੀਗਾਂਗ ਪਿੰਡ ਵਿਚ ਐਤਵਾਰ ਨੂੰ 142.85 ਫੀਸਦੀ ਵੋਟਿੰਗ ਦਰਜ ਕੀਤੀ ਗਈ ਅਤੇ ਸਾਰੀਆਂ ਵੋਟਾਂ ਨੂੰ ਜਾਇਜ਼ ਐਲਾਨਿਆ ਗਿਆ ਹੈ। ਦੇਸ਼ ਦੀ ਸਭ ਤੋਂ ਵੱਡੇ ਲੋਕਤਾਂਤਰਿਕ ਕਵਾਇਦ ਵਿਚ ਇਕ ਹੋਰ ਖਾਸ ਗੱਲ ਸਾਹਮਣੇ ਆਉਂਦੀ ਹੈ ਜਿੱਥੇ ਸਪਿਤੀ ਘਾਟੀ ਦੇ ਤਾਸ਼ੀਗਾਂਗ ਵਿਚ ਵੀ ਸਭ ਤੋਂ ਛੋਟੇ ਵੋਟਿੰਗ ਕੇਂਦਰ ‘ਕਾ’ ਵਿਚ ਵੋਟਿੰਗ 81.25 ਫੀਸਦੀ ਤੋਂ ਜ਼ਿਆਦਾ ਦਰਜ ਕੀਤੀ ਗਈ। ‘ਕਾ’ ਵਿਚ ਕੁੱਲ 13 ਵੋਟਰਾਂ ਨੇ ਵੋਟ ਪਾਈ।
ਐਸਡੀਐਮ ਜੀਵਨ ਜੋਗੀ ਨੇ ਕਿਹਾ ਕਿ ਤਾਸ਼ੀਗਾਂਗ ਦੀ ਵੋਟਰ ਸੂਚੀ ਵਿਚ ਮਹਿਜ 49 ਰਜਿਸਟਰਡ ਵੋਟਰ ਸ਼ਾਮਿਲ ਹਨ ਅਤੇ ਕੁੱਲ 70 ਵੋਟਰਾਂ ਨੇ ਪਿੰਡ ਦੇ ਵੋਟਿੰਗ ਸੈਂਟਰ ‘ਤੇ ਵੋਟ ਪਾਈ। ਵੋਟਿੰਗ ਪ੍ਰਤੀਸ਼ਤ ਵਿਚ ਇਸ ਬੇਮਿਸਾਲ ਵਾਧੇ ਦੀ ਵਜ੍ਹਾ ਨਾਲ ਤਾਸ਼ੀਗਾਂਗ ਅਤੇ ਆਸਪਾਸ ਦੇ ਹੋਰ ਵੋਟਿੰਗ ਸੈਂਟਰਾਂ ‘ਤੇ ਤੈਨਾਤ ਕਈ ਚੋਣ ਅਧਿਕਾਰੀਆਂ ਦੀ ਵੀ 15,256 ਫੁੱਟ ਦੀ ਉਚਾਈ ‘ਤੇ ਸਥਿਤ ਦੁਨੀਆ ਦੇ ਸਭ ਤੋਂ ਉਚੇ ਵੋਟਿੰਗ ਸੈਂਟਰ ਵਿਚ ਵੋਟ ਪਾਉਣ ਦੀ ਇੱਛਾ ਰਹੀ।
ਤਾਸ਼ੀਗਾਂਗ ਪਿੰਡ ਦੇ ਕੁੱਲ ਰਜਿਸਟਰਡ ਵੋਟਰਾਂ ਵਿਚੋਂ ਕੁੱਲ 36 ਪਿੰਡ ਵਾਸੀਆਂ ਨੇ ਵੋਟਿੰਗ ਕੀਤੀ। ਇਹਨਾਂ ਵਿਚੋਂ 21 ਮਰਦ ਅਤੇ 15 ਔਰਤਾਂ ਵੋਟਰ ਸ਼ਾਮਿਲ ਹਨ। ਉਹਨਾਂ ਨੇ ਕਿਹਾ ਕਿ ਚੋਣ ਅਧਿਕਾਰੀਆਂ ਦੇ ਸਬੰਧਿਤ ਸਹਾਇਕ ਚੋਣ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਜਾਰੀ ਕੀਤੇ ਗਏ। ਚੋਣ ਪ੍ਰਮਾਣ ਪੱਤਰ ਦਿਖਾਉਣ ਤੋਂ ਬਾਅਦ ਤਾਸ਼ੀਗਾਂਗ ਵੋਟਿੰਗ ਸੈਂਟਰ ਵਿਚ ਵੋਟ ਪਾਈ। ਤਾਸ਼ੀਗਾਂਗ ਹਿਮਾਚਲ ਪ੍ਰਦੇਸ਼ ਵਿਚ ਇਕ ਪ੍ਰਾਚੀਨ ਬੋਧੀ ਮੱਠ ਦੇ ਨੇੜੇ ਸਥਿਤ ਪਿੰਡ ਹੈ।
ਇਹ ਭਾਰਤੀ-ਤਿੱਬਤ ਸਰਹੱਦ ਦੇ ਕੋਲ ਸਪਿਤੀ ਘਾਟੀ ਵਿਚ ਸਭ ਤੋਂ ਉਚਾ ਪਿੰਡ ਹੈ। ਇਥੇ ਵੋਟਿੰਗ ਸਵੇਰੇ ਸੱਤ ਵਜੇ ਸ਼ੁਰੂ ਹੋਈ ਸੀ। ਵੋਟਰਾਂ ਨੇ ਠੰਡ ਵਿਚ ਵੀ ਅਪਣੇ ਵੋਟ ਹੱਕ ਦੀ ਵਰਤੋਂ ਕੀਤੀ। ਤਾਸ਼ੀਗਾਂਗ ਅਤੇ ‘ਕਾ’ ਦੋਵੇਂ ਵੋਟਿੰਗ ਸੈਂਟਰ ਮੰਡੀ ਸੰਸਦੀ ਖੇਤਰ ਵਿਚ ਆਉਂਦੇ ਹਨ, ਜਿੱਥੇ ਸੂਬੇ ਦੀਆਂ ਚਾਰ ਲੋਕ ਸਭਾ ਸੀਟਾਂ ਵਿਚ 17 ਉਮੀਦਵਾਰ ਖੜੇ ਹਨ। ਮੰਡੀ ਵਿਚ ਸਿੱਧਾ ਮੁਕਾਬਲਾ ਭਾਜਪਾ ਦੇ ਮੌਜੂਦਾ ਸਾਂਸਦ ਰਾਮ ਸਵਰੂਪ ਸ਼ਰਮਾ ਅਤੇ ਕਾਂਗਰਸ ਉਮੀਦਵਾਰ ਆਸ਼ਰਿਯ ਸ਼ਰਮਾ ਵਿਚ ਹੈ। ਆਸ਼ਰਿਯ ਸਾਬਕਾ ਕੇਂਦਰੀ ਮੰਤਰੀ ਸੁੱਖਰਾਮ ਦੇ ਪੋਤੇ ਹਨ।