ਲੋਕ ਸਭਾ ਚੋਣਾਂ ਦੌਰਾਨ ਸੋਸ਼ਲ ਮੀਡੀਆ ਦੀ ਦੁਰਵਰਤੋਂ ਦੇ 900 ਮਾਮਲੇ ਆਏ ਸਾਹਮਣੇ
ਚੋਣ ਕਮਿਸ਼ਨ ਨੇ ਦੱਸਿਆ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ 647 ਪੇਡ ਨਿਊਜ਼ ਦੇ ਮਾਮਲੇ ਸਾਹਮਣੇ ਆਏ।
ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਦੱਸਿਆ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ 647 ਪੇਡ ਨਿਊਜ਼ ਦੇ ਮਾਮਲੇ ਸਾਹਮਣੇ ਆਏ ਜਦਕਿ ਵੱਖ ਵੱਖ ਸੋਸ਼ਲ ਮੀਡੀਆ ਦੇ ਸਰੋਤਾਂ ਤੋਂ 909 ਪੋਸਟਾਂ ਹਟਾਈਆਂ ਗਈਆਂ। ਸੱਤ ਗੇੜਾਂ ਵਿਚ ਹੋਈਆ ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਦੀ ਵੋਟਿੰਗ ਐਤਵਾਰ ਨੂੰ ਖਤਮ ਹੋਈ ਅਤੇ ਚੋਣਾਂ ਦੇ ਨਤੀਜੇ 23 ਮਈ ਨੂੰ ਐਲਾਨੇ ਜਾਣਗੇ।
ਚੋਣ ਕਮਿਸ਼ਨ ਅਨੁਸਾਰ ਪੇਡ ਨਿਊਜ਼ ਦੇ ਕੁੱਲ ਮਾਮਲਿਆਂ ਵਿਚੋਂ 57 ਮਾਮਲੇ ਸੱਤਵੇਂ ਗੇੜ ਦੀ ਵੋਟਿੰਗ ਦੌਰਾਨ ਪਾਏ ਗਏ ਜਦਕਿ ਛੇਵੇਂ ਗੇੜ ਵਿਚ ਇਕ, ਪੰਜਵੇਂ ਗੇੜ ਵਿਚ ਅੱਠ, ਚੌਥੇ ਗੇੜ ਵਿਚ 136, ਤੀਜੇ ਗੇੜ ਵਿਚ 52, ਦੂਜੇ ਗੇੜ ਵਿਚ 51 ਅਤੇ ਸਭ ਤੋਂ ਜ਼ਿਆਦਾ 342 ਮਾਮਲੇ ਪਹਿਲੇ ਗੇੜ ਵਿਚ ਪਾਏ ਗਏ। ਕਮਿਸ਼ਨ ਨੇ ਦੱਸਿਆ ਕਿ ਲੋਕ ਸਭਾ ਚੋਣਾਂ 2014 ਦੌਰਾਨ ਅਜਿਹੀਆਂ ਪੇਡ ਨਿਊਜ਼ਾਂ ਦੇ 1,297 ਮਾਮਲੇ ਪਾਏ ਗਏ ਸੀ। ਜੋ ਸਭ ਤੋਂ ਜ਼ਿਆਦਾ ਖਰਾਬ ਸਥਿਤੀ ਸੀ।
ਚੋਣ ਕਮਿਸ਼ਨ ਨੇ ਪਹਿਲੀ ਵਾਰ ਸੋਸ਼ਲ ਮੀਡੀਆ ਲਈ ਨੈਤਿਕ ਚੋਣ ਜ਼ਾਬਤਾ ਲਾਗੂ ਕੀਤਾ ਸੀ ਅਤੇ ਸਾਰੇ ਚੋਣ ਖੇਤਰਾਂ ਵਿਚ ਮਾਹਿਰ ਅਫਸਰ ਨਿਯੁਕਤ ਕੀਤੇ ਗਏ ਸਨ। ਕਮਿਸ਼ਨ ਨੇ ਦੱਸਿਆ ਕਿ ਫੇਸਬੁੱਕ ਤੋਂ 650 ਪੋਸਟਾਂ, ਟਵਿਟਰ ਤੋਂ 220 ਪੋਸਟਾਂ , ਸ਼ੇਅਰਚੈਟ ਤੋਂ 31 ਅਤੇ ਗੂਗਲ ਤੋਂ ਪੰਜ ਅਤੇ ਵਟਸਐਪ ਤੋਂ ਤਿੰਨ ਪੋਸਟਾਂ ਹਟਾਈਆਂ ਗਈਆਂ।