ਬ੍ਰਿਟੇਨ ਤੋਂ ਲਗਭਗ 2200 ਭਾਰਤੀਆਂ ਨੂੰ ਲਿਆਂਦਾ ਗਿਆ ਭਾਰਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਦੀ ਲਾਗ ਕਾਰਨ ਅੰਤਰਰਾਸ਼ਟਰੀ ਉਡਾਣਾਂ ’ਤੇ ਲੱਗੀ ਰੋਕ ਕਾਰਨ ਬ੍ਰਿਟੇਨ ਵਿਚ ਫਸੇ ਲਗਭਗ 2200 ਭਾਰਤੀਆਂ ਨੂੰ ਪਹਿਲੇ ਪੜਾਅ ਵਿਚ ਭਾਰਤ ਲਿਆਂਦਾ ਗਿਆ ਹੈ।

Photo

ਨਵੀਂ ਦਿੱਲੀ: ਕੋਰੋਨਾ ਵਾਇਰਸ ਦੀ ਲਾਗ ਕਾਰਨ ਅੰਤਰਰਾਸ਼ਟਰੀ ਉਡਾਣਾਂ ’ਤੇ ਲੱਗੀ ਰੋਕ ਕਾਰਨ ਬ੍ਰਿਟੇਨ ਵਿਚ ਫਸੇ ਲਗਭਗ 2200 ਭਾਰਤੀਆਂ ਨੂੰ ਵੰਦੇ ਭਾਰਤ ਮਿਸ਼ਨ ਦੇ ਪਹਿਲੇ ਪੜਾਅ ਵਿਚ ਭਾਰਤ ਲਿਆਂਦਾ ਗਿਆ ਹੈ।

ਭਾਰਤ ਸਰਕਾਰ ਦੁਆਰਾ ਵਿਦੇਸ਼ ਵਿਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਸ਼ੁਰੂ ਹੁਣ ਤਕ ਦੇ ਸੱਭ ਤੋਂ ਵੱਡੇ ਮਿਸ਼ਨ ਤਹਿਤ ਏਅਰ ਇੰਡੀਆ ਦੀ ਪਹਿਲੀ ਉਡਾਨ ਅੱਠ ਮਈ ਨੂੰ ਲੰਦਨ ਦੇ ਹੀਥਰੋ ਹਵਾਈ ਅੱਡੇ ਤੋਂ ਮੁੰਬਈ ਵਿਚਾਲੇ ਚਲਾਈ ਗਈ।  ਇਸ ਤੋਂ ਇਲਾਵਾ ਭਾਰਤੀ ਵਿਦਿਆਰਥੀਆਂ ਅਤੇ ਸੈਲਾਨੀਆਂ ਨੂੰ ਲੈ ਕੇ ਬ੍ਰਿਟੇਨ ਤੋਂ ਭਾਰਤ ਦੇ ਵੱਖ ਵੱਖ ਸ਼ਹਿਰਾਂ ਲਈ ਵਿਸ਼ੇਸ਼ ਉਡਾਣਾਂ ਚਲਾਈਆਂ ਗਈਆਂ।

ਭਾਰਤ ਦੀ ਸਰਕਾਰੀ ਜਹਾਜ਼ ਕੰਪਨੀ ਏਅਰ ਇੰਡੀਆ ਦੇ ਜਹਾਜ਼ ਬ੍ਰਿਟੇਨ ਤੋਂ ਭਾਰਤੀਆਂ ਨੂੰ ਲੈ ਕੇ ਮੁੰਬਈ, ਨਵੀਂ ਦਿੱਲੀ, ਬੰਗਲੌਰ, ਚੇਨਈ ਅਤੇ ਅਹਿਮਦਾਬਾਦ ਰਵਾਨਾ ਹੋਏ। ਲੰਦਨ ਵਿਚਲੇ ਭਾਰਤੀ ਸਫ਼ਾਰਤਖ਼ਾਨੇ ਨੇ ਦਸਿਆ, ‘ਅਸੀਂ 17 ਮਈ ਤਕ ਏਅਰ ਇੰਡੀਆ ਦੀਆਂ ਅੱਠ ਉਡਾਣਾਂ ਜ਼ਰੀਏ ਬ੍ਰਿਟੇਨ ਵਿਚ ਫਸੇ 2288 ਭਾਰਤੀਆਂ ਨੂੰ ਵਾਪਸ ਭੇਜਿਆ ਹੈ।

ਕੋਵਿਡ-19 ਕਾਰਨ ਅੰਤਰਰਾਸ਼ਟਰੀ ਯਾਤਰਾਵਾਂ ’ਤੇ ਲੱਗੀ ਰੋਕ ਕਾਰਨ ਫਸੇ ਭਾਰਤੀਆਂ ਨੂੰ ਲਿਆਉਣ ਲਈ ਭਾਰਤ ਨੇ ਹੁਣ ਤਕ ਦੀ ਸੱਭ ਤੋਂ ਵੱਡੀ ਵਾਪਸੀ ਮੁਹਿੰਮ ਵੰਦੇ ਭਾਰਤ ਮਿਸ਼ਨ ਦੀ ਸ਼ੁਰੂਆਤ ਕੀਤੀ ਹੈ। ਭਾਰਤੀਆਂ ਨੂੰ ਵਾਪਸ ਲਿਆਉਣ ਦੀ ਮੁਹਿੰਮ ਦਾ ਦੂਜਾ ਪੜਾਅ ਚੱਲ ਰਿਹਾ ਹੈ। ਵੀਰਵਾਰ ਨੂੰ ਦਿੱਲੀ ਲਈ ਰਵਾਨਾ ਹੋਣ ਵਾਲੇ ਜਹਾਜ਼ ਵਿਚ ਬ੍ਰਿਟੇਨ ਵਿਚ ਭਾਰਤੀ ਸਫ਼ੀਰ ਦੇ ਅਹੁਦੇ ਤੋਂ ਸੇਵਾਮੁਕਤ ਹੋਈ ਰੁਚੀ ਘਨਸ਼ਿਆਮ ਵੀ ਹੋਵੇਗੀ।