ਨਵਜੋਤ ਸਿੱਧੂ ਦੀ ਪਾਰਟੀ ਵਿਧਾਇਕਾਂ ਨੂੰ ਸਲਾਹ, ‘ਹਾਈ ਕਮਾਂਡ ਨੂੰ ਸੱਚ ਲਾਜ਼ਮੀ ਦੱਸਣਾ ਚਾਹੀਦਾ ਹੈ’
ਦੋਸ਼ੀਆਂ ਨੂੰ ਬਚਾਉਣ ਵਾਲੇ ਨੂੰ ਦਿੱਤੀ ਜਾਵੇ ਸਜ਼ਾ- ਸਿੱਧੂ
ਚੰਡੀਗੜ੍ਹ: ਬੇਅਦਬੀ ਅਤੇ ਗੋਲੀ ਕਾਂਡ ਦੇ ਮੁੱਦੇ ਨੂੰ ਲੈ ਕੇ ਪੰਜਾਬ ਕਾਂਗਰਸ ਵਿਚ ਛਿੜਿਆ ਆਪਸੀ ਘਮਾਸਾਣ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਇਸ ਦੌਰਾਨ ਨਵਜੋਤ ਸਿੱਧੂ ਨੇ ਪਾਰਟੀ ਵਿਧਾਇਕਾਂ ਅਤੇ ਵਰਕਰਾਂ ਨੂੰ ਦਿੱਲੀ ਜਾ ਕੇ ਪਾਰਟੀ ਹਾਈ ਕਮਾਂਡ ਨੂੰ ਸੱਚ ਦੱਸਣ ਦੀ ਸਲਾਹ ਦਿੱਤੀ ਹੈ।
ਸਿੱਧੂ ਨੇ ਕਿਹਾ ਕਿ ਉਹਨਾਂ ਨੇ 2019 ਵਿਚ ਚੋਣ ਮੁਹਿੰਮ ਦਾ ਆਗਾਜ਼ ਤੇ ਅੰਤ ਇਕੋ ਮੰਗ ਨਾਲ ਕੀਤਾ ਸੀ ਕਿ ਬੇਅਦਬੀ ਮਾਮਲੇ ਵਿਚ ਪੰਜਾਬੀਆਂ ਨੂੰ ਇਨਸਾਫ ਮਿਲੇ ਅਤੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ।
ਉਹਨਾਂ ਨੇ ਟਵੀਟ ਕੀਤਾ, ‘ਪੰਜਾਬ ਵਿਚ ਮੈਂ 2019 ’ਚ ਚੋਣ ਮੁਹਿੰਮ ਦਾ ਆਰੰਭ ਤੇ ਅੰਤ ਇੱਕੋ ਮੰਗ ਨਾਲ ਕੀਤਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ਼ ਹੋਵੇ, ਦੋਸ਼ੀਆਂ ਨੂੰ ਸਜ਼ਾ ਹੋਵੇ ਅਤੇ ਉਨ੍ਹਾਂ ਨੂੰ ਬਚਾਉਣ “ਵਾਲੇ” ਨੂੰ ਵੀ ਸਜ਼ਾ ਦਿੱਤੀ ਜਾਵੇ। ਹੁਣ, ਸਾਡੇ ਵਿਧਾਇਕਾਂ ਤੇ ਪਾਰਟੀ ਵਰਕਰਾਂ ਨੂੰ ਦਿੱਲੀ ਜਾ ਕੇ ਮਾਣਯੋਗ ਹਾਈ ਕਮਾਂਡ ਨੂੰ ਸੱਚ ਲਾਜ਼ਮੀ ਦੱਸਣਾ ਚਾਹੀਦਾ ਹੈ, ਜੋ ਮੈਂ ਲਗਾਤਾਰ ਦੱਸ ਰਿਹਾ ਹਾਂ’।
ਦੱਸ ਦਈਏ ਕਿ ਹਾਈ ਕਮਾਨ ਦੀ ਦਖ਼ਲ ਤੋਂ ਬਾਅਦ ਪੰਜਾਬ ਕਾਂਗਰਸ ਦੇ ਨਾਰਾਜ਼ ਨੇਤਾਵਾਂ ਨੇ ਚੁੱਪ ਧਾਰ ਲਈ ਹੈ ਅਤੇ ਹੁਣ ਸਭ ਦੀਆਂ ਨਜ਼ਰਾਂ ਕਾਂਗਰਸ ਹਾਈ ਕਮਾਨ ਵੱਲ ਲੱਗ ਗਈਆਂ ਹਨ। ਇਸ ਦੌਰਾਨ ਵੀ ਨਵਜੋਤ ਸਿੱਧੂ ਲਗਾਤਾਰ ਬੇਅਦਬੀ ਮਾਮਲੇ ਨੂੰ ਲੈ ਕੇ ਸਰਕਾਰ ਅਤੇ ਬਾਦਲਾਂ ’ਤੇ ਸ਼ਬਦੀ ਹਮਲੇ ਬੋਲ ਰਹੇ ਹਨ।