ਰੂਪ ਬਦਲਣ ਵਿਚ ਮਾਹਰ ਹੈ ਕੋਰੋਨਾ, ਸਾਨੂੰ ਵੀ ਅਪਣੇ ਤਰੀਕੇ ਤੇ ਰਣਨੀਤੀਆਂ ਬਦਲਣੀਆਂ ਪੈਣਗੀਆਂ- ਪੀਐਮ
ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਵਿਚ ਪੀਐਮ ਮੋਦੀ ਨੇ ਵੈਕਸੀਨ ਦੀ ਬਰਬਾਦੀ ’ਤੇ ਜਤਾਈ ਚਿੰਤਾ
ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਦੇ ਚਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਵਾਰ ਫਿਰ ਵੱਖ-ਵੱਖ ਜ਼ਿਲ੍ਹਿਆਂ ਦੇ ਜ਼ਿਲ੍ਹਾ ਅਧਿਕਾਰੀਆਂ ਨਾਲ ਵਰਚੁਅਲ ਕਾਨਫਰੰਸ ਜ਼ਰੀਏ ਗੱਲਬਾਤ ਕੀਤੀ। ਇਸ ਦੌਰਾਨ ਪੀਐਮ ਨੇ ਕਿਹਾ ਕਿ ਕੋਰੋਨਾ ਵਾਇਰਸ ਰੂਪ ਬਦਲਣ ਵਿਚ ਮਾਹਰ, ਇਸ ਲਈ ਸਾਨੂੰ ਵੀ ਅਪਣੇ ਤੌਰ- ਤਰੀਕੇ ਤੇ ਰਣਨੀਤੀਆਂ ਬਦਲਣੀਆਂ ਪੈਣਗੀਆਂ। ਉਹਨਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਪਿਛਲੇ 100 ਸਾਲਾਂ ਵਿਚ ਸਭ ਤੋਂ ਵੱਡੀ ਆਪਦਾ ਹੈ ਤੇ ਇਸ ਨੇ ਤੁਹਾਡੇ ਸਾਹਮਣੇ ਚੁਣੌਤੀਆਂ ਹੋਰ ਵਧਾ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ, ‘ਪਿਛਲੀਆਂ ਮਹਾਂਮਾਰੀਆਂ ਹੋਣ ਜਾਂ ਫਿਰ ਇਹ ਸਮਾਂ, ਹਰ ਮਹਾਂਮਾਰੀ ਨੇ ਸਾਨੂੰ ਇਕ ਗੱਲ ਸਿਖਾਈ ਹੈ। ਮਹਾਂਮਾਰੀ ਨਾਲ ਨਜਿੱਠਣ ਦੇ ਸਾਡੇ ਤੌਰ-ਤਰੀਕਿਆਂ ਵਿਚ ਲਗਾਤਾਰ ਬਦਲਾਅ ਹੋਵੇ। ਇਹ ਵਾਇਰਸ ਰੂਪ ਬਦਲਣ ਵਿਚ ਮਾਹਰ ਹੈ, ਇਸ ਲਈ ਸਾਡੇ ਤੌਰ-ਤਰੀਕਿਆਂ ਅਤੇ ਰਣਨੀਤੀਆਂ ਵਿਚ ਵਿਸਥਾਰ ਹੋਣਾ ਜ਼ਰੂਰੀ ਹੈ’।
ਪੀਐਮ ਨੇ ਕਿਹਾ ਕਿ, ‘ਬੀਤੇ ਕੁਝ ਸਮੇਂ ਤੋਂ ਦੇਸ਼ ਵਿਚ ਐਕਟਿਵ ਮਾਮਲੇ ਘਟਣੇ ਸ਼ੁਰੂ ਹੋਏ ਹਨ ਪਰ ਇਸ ਦੌਰਾਨ ਇਹ ਸਿੱਖਿਆ ਹੈ ਕਿ ਜਦੋਂ ਤੱਕ ਲਾਗ ਛੋਟੇ ਪੱਧਰ ’ਤੇ ਵੀ ਮੌਜੂਦ ਹੈ, ਉਦੋਂ ਤੱਕ ਚੁਣੌਤੀ ਬਣੀ ਰਹਿੰਦੀ ਹੈ’। ਉਹਨਾਂ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਕਿਹਾ ਕਿ ਅਸੀਂ ਪਿੰਡ-ਪਿੰਡ ਇਹੀ ਸੰਦੇਸ਼ ਪਹੁੰਚਾਉਣਾ ਹੈ ਕਿ ਅਸੀਂ ਅਪਣੇ ਪਿੰਡ ਨੂੰ ਕੋਰੋਨਾ ਮੁਕਤ ਰੱਖਣਾ ਹੈ।
ਪ੍ਰਧਾਨ ਮੰਤਰੀ ਨੈ ਵੈਕਸੀਨ ਦੀ ਬਰਬਾਦੀ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਅਤੇ ਕਿਹਾ ਕਿ ਇਸ ਨੂੰ ਰੋਕਣਾ ਬੇਹੱਦ ਜ਼ਰੂਰੀ ਹੈ। ਉਹਨਾਂ ਕਿਹਾ ਕਿ, ‘ਇਕ ਵੀ ਵੈਕਸੀਨ ਬਰਬਾਦ ਹੋਣ ਦਾ ਮਤਲਬ ਹੈ ਕਿ ਇਕ ਜੀਵਨ ਨੂੰ ਜ਼ਰੂਰੀ ਸੁਰੱਖਿਆ ਕਵਚ ਨਹੀਂ ਦੇਣਾ, ਇਸ ਲਈ ਵੈਕਸੀਨ ਬਰਬਾਦੀ ਰੋਕਣਾ ਬੇਹੱਦ ਜ਼ਰੂਰੀ ਹੈ’।