ਪੀਐਮ ਮੋਦੀ ਦੇ ਬਿਆਨ ‘ਤੇ PMO ਦੀ ਸਫਾਈ, ਚੀਨ ਦਾ ਭਾਰਤ ਦੇ ਕਿਸੇ ਵੀ ਖੇਤਰ ‘ਤੇ ਕਬਜ਼ਾ ਨਹੀਂ
ਚੀਨ ਦੇ ਨਾਲ ਸਰਹੱਦ ‘ਤੇ ਚੱਲ ਰਹੇ ਤਣਾਅ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 19 ਜੂਨ ਨੂੰ ਸਰਬ ਪਾਰਟੀ ਮੀਟਿੰਗ ਬੁਲਾਈ ਸੀ।
ਨਵੀਂ ਦਿੱਲੀ: ਚੀਨ ਦੇ ਨਾਲ ਸਰਹੱਦ ‘ਤੇ ਚੱਲ ਰਹੇ ਤਣਾਅ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 19 ਜੂਨ ਨੂੰ ਸਰਬ ਪਾਰਟੀ ਮੀਟਿੰਗ ਬੁਲਾਈ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੈਠਕ ਵਿਚ ਇਹ ਦਾਅਵਾ ਕੀਤਾ ਸੀ ਕਿ ਸਾਡੀ ਜ਼ਮੀਨ ਵਿਚ ਨਾ ਕੋਈ ਆਇਆ ਹੈ ਅਤੇ ਨਾ ਹੀ ਕੋਈ ਆਇਆ ਸੀ। ਇਸ ਬਿਆਨ ਦੇ ਅਧਾਰ ‘ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇਲਜ਼ਾਮ ਲਗਾਇਆ ਹੈ ਕਿ ਪੀਐਮ ਨੇ ਚੀਨ ਦੇ ਹਮਲਾਵਰ ਰਵੱਈਏ ਦੇ ਸਾਹਮਣੇ ਦੇਸ਼ ਦੀ ਜ਼ਮੀਨ ਸਮਰਪਣ ਕਰ ਦਿੱਤੀ ਹੈ।
ਰਾਹੁਲ ਗਾਂਧੀ ਨੇ ਕਈ ਸਵਾਲ ਵੀ ਖੜ੍ਹੇ ਕੀਤੇ। ਇਹਨਾਂ ਕਈ ਸਵਾਲਾਂ ਦੇ ਚਲਦਿਆਂ ਹੁਣ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਸਫਾਈ ਦਿੱਤੀ ਗਈ ਹੈ। ਸਰਬ ਪਾਰਟੀ ਮੀਟਿੰਗ ਵਿਚ ਪ੍ਰਧਾਨ ਮੰਤਰੀ ਦੇ ਬਿਆਨਾਂ ਨੂੰ ਲੈ ਕੇ ਵਿਵਾਦ ਹੁੰਦਾ ਦੇਖ ਦੇ ਸਰਕਾਰ ਨੇ ਸਫਾਈ ਦਿੱਤੀ ਹੈ।
ਸਰਕਾਰ ਨੇ ਪੀਐਮ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੀ ਕੋਸ਼ਿਸ਼ ਦਾ ਇਲਜ਼ਾਮ ਲਗਾਉਂਦੇ ਹੋਏ ਕਿਹਾ ਹੈ ਕਿ ਪ੍ਰਧਾਨ ਮੰਤਰੀ ਨੇ ਇਹ ਸਾਫ ਕਰ ਦਿੱਤਾ ਹੈ ਕਿ ਲਾਈਨ ਆਫ ਐਕਚੁਅਲ ਕੰਟਰੋਲ (LAC) ‘ਤੇ ਢਾਂਚਾ ਖੜ੍ਹਾ ਕਰਨ ਦੀਆਂ ਚੀਨੀ ਕੋਸ਼ਿਸ਼ਾਂ ਨੂੰ 16 ਬਿਹਾਰ ਰੇਜੀਮੈਂਟ ਦੇ ਜਵਾਨਾਂ ਨੇ ਬਹਾਦਰੀ ਦਿਖਾਉਂਦੇ ਹੋਏ ਨਾਕਾਮ ਕਰ ਦਿੱਤਾ ਸੀ। ਸਾਡੇ ਜਵਾਨਾਂ ਦੀ ਬਹਾਦਰੀ ਦੇ ਚਲਦਿਆਂ ਸਾਡੀ ਸਰਹੱਦ ‘ਤੇ ਚੀਨ ਦੀ ਕੋਈ ਮੌਜੂਦਗੀ ਨਹੀਂ ਹੈ।
ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਭਾਰਤ ਦਾ ਖੇਤਰ ਕਿੰਨਾ ਹੈ, ਇਹ ਸਾਡੇ ਨਕਸ਼ੇ ‘ਤੇ ਸਪੱਸ਼ਟ ਹੈ। ਸਰਕਾਰ ਨੇ ਕਿਹਾ ਕਿ ਸਰਬ ਪਾਰਟੀ ਮੀਟਿੰਗ ਵਿਚ ਇਸ ‘ਤੇ ਵੀ ਜਾਣਕਾਰੀ ਦਿੱਤੀ ਗਈ ਕਿ ਪਿਛਲੇ 60 ਸਾਲ ਵਿਚ 43000 ਵਰਗ ਕਿਲੋਮੀਟਰ ਜ਼ਮੀਨ ‘ਤੇ ਕਬਜ਼ਾ ਕੀਤਾ ਗਿਆ ਹੈ, ਜਿਸ ਦੀ ਜਾਣਕਾਰੀ ਦੇਸ਼ ਨੂੰ ਹੈ । ਅਸੀਂ ਐਲਏਸੀ ‘ਤੇ ਇਕਤਰਫਾ ਬਦਲਾਅ ਨਹੀਂ ਕਰਨ ਦੇਵਾਂਗੇ। ਇਸ ਤਰ੍ਹਾਂ ਦੀ ਕਿਸੇ ਵੀ ਕੋਸ਼ਿਸ਼ ਦਾ ਭਾਰਤ ਮਜਬੂਤੀ ਨਾਲ ਜਵਾਬ ਦੇਵੇਗਾ।