ਦੂਜੇ ਦੇਸ਼ਾਂ ‘ਤੇ ਨਿਰਭਰ ਹੈ ਅੰਤਰਰਾਸ਼ਟਰੀ ਉਡਾਨਾਂ ਦੀ ਸ਼ੁਰੂਆਤ-ਹਰਦੀਪ ਸਿੰਘ ਪੁਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਿਵਲ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਘਰੇਲੂ ਹਵਾਈ ਸੇਵਾਵਾਂ ਦੀ ਪੂਰੀ ਸਮਰੱਥਾ ਦੇ ਨਾਲ ਸ਼ੁਰੂਆਤ ਸਾਲ ਦੇ ਅਖੀਰ ਤੱਕ ਹੋ ਸਕਦੀ ਹੈ।

Hardeep Singh Puri

ਨਵੀਂ ਦਿੱਲੀ: ਸਿਵਲ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਘਰੇਲੂ ਹਵਾਈ ਸੇਵਾਵਾਂ ਦੀ ਪੂਰੀ ਸਮਰੱਥਾ ਦੇ ਨਾਲ ਸ਼ੁਰੂਆਤ ਸਾਲ ਦੇ ਅਖੀਰ ਤੱਕ ਹੋ ਸਕਦੀ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਇਹ ਦੂਜੇ ਦੇਸ਼ਾਂ ‘ਤੇ ਨਿਰਭਰ ਹੈ ਕਿ ਅੰਤਰਰਾਸ਼ਟਰੀ ਉਡਾਨਾਂ ਕਦੋਂ ਸ਼ੁਰੂ ਹੋਣਗੀਆਂ। 

ਹਵਾਬਾਜ਼ੀ ਮੰਤਰੀ ਨੇ ਕਿਹਾ ਕਿ ਜਦੋਂ ਦੂਜੇ ਦੇਸ਼ ਉਡਾਨਾਂ ਨੂੰ ਸਵੀਕਾਰ ਕਰਨਗੇ, ਉਸੇ ਸਮੇਂ ਅੰਤਰਰਾਸ਼ਟਰੀ ਉਡਾਨਾਂ ਸ਼ੁਰੂ ਹੋ ਸਕਦੀਆਂ ਹਨ, ਉਦੋਂ ਤੱਕ ਵੰਦੇ ਭਾਰਤ ਮਿਸ਼ਨ ਦੇ ਤਹਿਤ ਹੀ ਲੋਕਾਂ ਨੂੰ ਦੇਸ਼ ਵਿਚ ਲਿਆਂਦਾ ਜਾ ਸਕਦਾ ਹੈ।  ਹਰਦੀਪ ਸਿੰਘ ਪੁਰੀ ਨੇ ਕਿਹਾ, ‘ਅਸੀਂ ਘਰੇਲੂ ਉਡਾਨਾਂ ਦੀ ਸੇਵਾ ਵਧਾਵਾਂਗੇ। ਮੌਜੂਦਾ ਸਮੇਂ ਵਿਚ ਅਸੀਂ ਸਿਰਫ 33 ਫੀਸਦੀ ਜਹਾਜ਼ਾਂ ਨੂੰ ਇਜਾਜ਼ਤ ਦਿੱਤੀ ਹੈ। ਉਡਾਨਾਂ ਪੂਰੀ ਸਮਰੱਥਾ ਦੇ ਨਾਲ ਨਹੀਂ ਚਲਾਈਆਂ ਜਾ ਰਹੀਆਂ।

ਜਿੱਥੇ ਜ਼ਿਆਦਾ ਮੰਗ ਹੈ, ਉਹਨਾਂ ਰੂਟਾਂ ‘ਤੇ ਅਸੀਂ ਹੋਰ ਉਡਾਨਾਂ ਵਧਾਵਾਂਗੇ। ਜੇਕਰ ਕਿਤੇ ਮੰਗ ਜ਼ਿਆਦਾ ਹੈ ਤਾਂ ਅਸੀਂ 40-45 ਫੀਸਦੀ ਸਰਵਿਸ ਸ਼ੁਰੂ ਕਰਨ ਲਈ ਤਿਆਰ ਹਾਂ’। ਹਵਾਬਾਜ਼ੀ ਮੰਤਰੀ ਨੇ ਦੱਸਿਆ ਕਿ ਘਰੇਲੂ ਨਿੱਜੀ ਹਵਾਈ ਕੰਪਨੀਆਂ ਨੂੰ ਵੰਦੇ ਭਾਰਤ ਮਿਸ਼ਨ ਦੇ ਤੀਜੇ ਅਤੇ ਚੌਥੇ ਪੜਾਅ ਵਿਚ ਫਸੇ ਹੋਏ ਲੋਕਾਂ ਨੂੰ ਪਹੁੰਚਾਉਣ ਲਈ 750 ਉਡਾਨਾਂ ਦੇ ਸੰਚਾਲਨ ਦੀ ਪੇਸ਼ਕਸ਼ ਕੀਤੀ ਗਈ ਹੈ।

ਹਵਾਬਾਜ਼ੀ ਸਕੱਤਰ ਪੀ ਏਕ ਖਰੋਲਾ ਨੇ ਕਿਹਾ ਕਿ ਸਥਿਤੀ ਕਿਵੇਂ ਰਹਿੰਦੀ ਹੈ, ਇਸ ਦੇ ਅਧਾਰ ‘ਤੇ ਜਹਾਜ਼ ਕਿਰਾਏ ਦੀ ਜ਼ਿਆਦਾ ਅਤੇ ਘੱਟੋ ਘੱਟ ਸੀਮਾ ਨੂੰ 24 ਅਗਸਤ ਤੱਕ ਵਧਾਇਆ ਜਾ ਸਕਦਾ ਹੈ।ਮੰਤਰੀ ਨੇ ਦੱਸਿਆ ਕਿ ਵਿਦੇਸ਼ਾਂ ਤੋਂ ਹੁਣ ਤੱਕ 2 ਲੱਖ 75 ਹਜ਼ਾਰ ਭਾਰਤੀਆਂ ਨੂੰ ਲਿਆਂਦਾ ਗਿਆ ਹੈ। ਇਹਨਾਂ ਵਿਚੋਂ 1 ਲੱਖ 9 ਹਜ਼ਾਰ ਲੋਕਾਂ ਨੂੰ ਏਅਰ ਇੰਡੀਆ ਦੇ ਜ਼ਰੀਏ ਦੇਸ਼ ਲਿਆਂਦਾ ਗਿਆ ਹੈ ਜਦਕਿ 1 ਲੱਖ 43 ਹਜ਼ਾਰ ਭਾਰਤੀ ਦੂਜੇ ਦੇਸ਼ਾਂ ਦੇ ਜਹਾਜ਼ਾਂ ਰਾਹੀਂ ਭਾਰਤ ਆਏ ਹਨ।