ਖੁਦ ਤੋਂ ਚੀਨੀ ਲੇਬਲ ਹਟਾਉਣਾ ਚਾਹੁੰਦਾ TikTok, ਕਿਸੇ ਪੱਛਮੀ ਦੇਸ਼ 'ਚ ਟਿਕਾਣਾ ਲੱਭਣ ਲਈ ਸਰਗਰਮ!

ਏਜੰਸੀ

ਖ਼ਬਰਾਂ, ਰਾਸ਼ਟਰੀ

ਲੰਡਨ ਸ਼ਹਿਰ 'ਚ ਨਵਾਂ ਟਿਕਾਣਾ ਬਣਾਉਣ ਦੇ ਚਰਚੇ

TikTok

ਨਵੀਂ ਦਿੱਲੀ : ਚੀਨ ਵਲੋਂ ਭਾਰਤ ਨਾਲ ਵਧਾਏ ਤਣਾਅ ਦਾ ਖਮਿਆਜ਼ਾ ਚੀਨੀ ਕੰਪਨੀਆਂ ਨੂੰ ਭੁਗਤਣਾ ਪੈ ਰਿਹਾ ਹੈ। ਭਾਰਤ ਨੇ ਟਿੱਕ-ਟੌਕ ਸਮੇਤ 59 ਚੀਨੀ ਕੰਪਨੀਆਂ 'ਤੇ ਪਾਬੰਦੀ ਲਗਾ ਦਿਤੀ ਸੀ। ਇਸ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਲੋਕਪ੍ਰਿਅਤਾ ਦੀ ਸਿਖ਼ਰਾ ਛੋਹ ਰਹੇ ਐਪ ਟਿੱਕ-ਟੌਕ 'ਤੇ ਪਿਆ ਹੈ। ਭਾਰਤ ਤੋਂ ਬਾਅਦ ਦੁਨੀਆਂ ਦੇ ਦੂਜੇ ਦੇਸ਼ਾਂ ਅੰਦਰ ਵੀ ਚੀਨੀ ਐਪਸ 'ਤੇ ਪਾਬੰਦੀ ਦੀ ਮੰਗ ਉਠਣ ਲੱਗੀ ਹੈ। ਇਹੀ ਕਾਰਨ ਹੈ ਕਿ ਹੁਣ ਟਿੱਕ-ਟੌਕ ਨੇ ਅਪਣੇ 'ਤੇ ਲੱਗੇ ਚੀਨੀ ਲੇਬਲ ਨੂੰ ਹਟਾਉਣ ਬਾਰੇ ਸੋਚਣਾ ਸ਼ੁਰੂ ਕਰ ਦਿਤਾ ਹੈ।

ਇਸ ਮਕਸਦ ਲਈ ਉਹ ਕਿਸੇ ਪੱਛਮੀ ਦੇਸ਼ ਵੱਲ ਪਲਾਨ ਕਰਨ ਬਾਰੇ ਵੀ ਸੋਚ ਰਹੀ ਹੈ। ਟਿੱਕ-ਟੌਕ ਵਲੋਂ ਲੰਡਨ ਨੂੰ ਅਪਣਾ ਨਵਾਂ ਟਿਕਾਣਾ ਬਣਾਉਣ ਦੀਆਂ ਚਰਚਾਵਾਂ ਵੀ ਸਾਹਮਣੇ ਆ ਰਹੀਆਂ ਹਨ। ਕੰਪਨੀ ਅਪਣਾ ਹੈੱਡ ਕੁਆਟਰ ਲੰਡਨ ਸ਼ਹਿਰ ਨੂੰ ਬਣਾਉਣਾ ਚਾਹੁੰਦੀ ਹੈ, ਜਿਸ ਸਬੰਧੀ ਉਸਦੀ ਸਰਕਾਰ ਨਾਲ ਗੱਲ ਵੀ ਚੱਲ ਰਹੀ ਹੈ। ਕੰਪਨੀ ਨੇ ਗਲੋਬਲ ਪੱਧਰ 'ਤੇ ਨਵੇਂ ਟਿਕਾਣੇ ਲਈ ਕਈ ਲੋਕੇਸ਼ਨਾਂ ਲੱਭੀਆਂ ਹਨ। ਕੰਪਨੀ ਵਲੋਂ ਪੱਛਮੀ ਦੇਸ਼ਾਂ ਅੰਦਰ ਲੱਭੇ ਜਾ ਰਹੇ ਟਿਕਾਣਿਆਂ 'ਚ ਅਮਰੀਕਾ ਦਾ ਸ਼ਹਿਰ ਕੈਲੀਫੋਰਨੀਆ ਵੀ ਸ਼ਾਮਲ ਹੈ।

ਕੰਪਨੀ ਨੇ Walt Disney ਦੇ ਕੋ-ਐਗਜ਼ੀਕਿਊਟਿਵ Kevin Mayer ਨੂੰ TikTok ਦਾ ਚੀਫ਼ ਐਗਜ਼ੀਕਿਊਟਿਵ ਨਿਯੁਕਤ ਕੀਤਾ ਹੈ, ਜੋ ਇਸ ਸਮੇਂ ਅਮਰੀਕਾ 'ਚ ਰਹਿ ਰਹੇ ਹਨ। ਇਸ ਕਾਰਨ ਕੰਪਨੀ ਦਾ ਨਵਾਂ ਟਿਕਾਣਾ ਅਮਰੀਕਾ 'ਚ ਹੋਣ ਦੀਆਂ ਸੰਭਾਵਨਾਵਾਂ ਵਧੇਰੇ ਹਨ। ਉਥੇ ਹੀ ਰਾਇਟਰਸ ਦੀ ਇਕ ਖ਼ਬਰ ਮੁਤਾਬਕ ਕੰਪਨੀ ਦਾ ਜ਼ਿਆਦਾ ਧਿਆਨ ਲੰਡਨ ਸਿਫ਼ਟ ਹੋਣ ਵੱਲ ਹੈ। ਸੂਤਰਾਂ ਮੁਤਾਬਕ ਕੰਪਨੀ ਦਾ ਲੰਡਨ 'ਚ ਵੱਡਾ ਬਾਜ਼ਾਰ ਹੈ। ਇਸ ਤੋਂ ਇਲਾਵਾ ਲੰਡਨ ਦੀ ਲੋਕੇਸ਼ਨ ਵੀ ਕੰਪਨੀ ਲਈ ਸਹੀ ਬੈਠਦੀ ਹੈ। ਕੰਪਨੀ ਵਲੋਂ ਇੱਥੇ ਅਪਣੀ ਵਰਕਫੋਰਸ ਨੂੰ ਵਧਾਉਣ 'ਤੇ ਵਿਸ਼ੇਸ਼ ਤਵੱਜੋਂ ਦਿਤੀ ਜਾ ਰਹੀ ਹੈ।

ਕਾਬਲੇਗੌਰ ਹੈ ਕਿ ਭਾਰਤ 'ਚ ਚੀਨੀ ਐਪਸ 'ਤੇ ਪਾਬੰਦੀ ਲੱਗਣ ਤੋਂ ਬਾਅਦ ਟਿੱਕ-ਟੌਕ ਖਿਲਾਫ਼ ਦੁਨੀਆਂ ਭਰ ਅੰਦਰ ਮਾਹੌਲ ਬਣਨਾ ਸ਼ੁਰੂ ਹੋ ਗਿਆ ਹੈ। ਇਸ ਨੂੰ ਲੈ ਕੇ ਕੰਪਨੀ ਚਿੰਤਤ ਹੈ। ਭਾਰਤ ਦੇ ਇਸ ਕਦਮ ਤੋਂ ਬਾਅਦ ਅਮਰੀਕਾ 'ਚ ਵੀ ਕੰਪਨੀ ਦੀਆਂ ਮੁਸ਼ਕਲਾਂ ਵਧਣੀਆਂ ਸ਼ੁਰੂ ਹੋ ਗਈਆਂ ਹਨ। ਅਮਰੀਕਾ 'ਚ ਵੀ ਸੁਰੱਖਿਆ ਕਾਰਨਾਂ  ਦੇ ਚਲਦਿਆਂ ਕੰਪਨੀ 'ਤੇ ਪਾਬੰਦੀ ਲਾਉਣ ਦੇ ਮਕਸਦ ਨਾਲ ਇਸ ਦੀ ਜਾਂਚ ਪੜਤਾਲ ਚੱਲ ਰਹੀ ਹੈ।

ਕੰਪਨੀ 'ਤੇ ਅਪਣੇ ਗਾ੍ਰਹਕਾਂ ਦਾ ਡਾਟਾ ਚੀਨ ਸਰਕਾਰ ਨਾਲ ਸਾਂਝਾ ਕਰਨ ਦੇ ਇਲਜ਼ਾਮ ਲੱਗਦੇ ਰਹੇ ਹਨ। ਭਾਵੇਂ ਟਿਕ ਟੌਕ ਵਲੋਂ ਇਨ੍ਹਾਂ ਇਲਜ਼ਾਮਾਂ ਦਾ ਖੰਡਨ ਕੀਤਾ ਜਾਂਦਾ ਰਿਹਾ ਹੈ ਪਰ ਫਿਰ ਵੀ ਉਸ ਨੂੰ ਚੀਨੀ ਲੇਬਲ ਦਾ ਵੱਡਾ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ, ਜਿਸ ਤੋਂ ਖਹਿੜਾ ਛੁਡਾਉਣ ਲਈ ਕੰਪਨੀ ਤਤਪਰ ਹੈ। ਦੱਸ ਦਈਏ ਕਿ ਟਿਕ ਟੌਕ ਚੀਨੀ ਕੰਪਨੀ ਬੀਟੀਡੇਨਸ (ByteDance) ਦਾ ਹਿੱਸਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।