ਦੇਸ਼ ਦੇ ਸਭ ਤੋਂ ਸਾਫ਼-ਸੁਥਰੇ ਸ਼ਹਿਰਾਂ 'ਚੋਂ ਇੰਦੌਰ ਨੇ ਫਿਰ ਮਾਰੀ ਬਾਜ਼ੀ, ਚੰਡੀਗੜ੍ਹ ਪਛੜਿਆ!

ਏਜੰਸੀ

ਖ਼ਬਰਾਂ, ਰਾਸ਼ਟਰੀ

ਪੰਜ ਜ਼ਿਲ੍ਹਿਆਂ ਵਿਚ ਪਹਿਲੀ ਤੋਂ 17 ਅਗਸਤ ਤਕ ਕਰਵਾਇਆ ਗਿਆ ਸੀ 'ਸੀਰੋ' ਸਰਵੇਖਣ

Safai Survey

ਨਵੀਂ ਦਿੱਲੀ : ਕੇਂਦਰ ਸਰਕਾਰ ਦੁਆਰਾ ਕਰਾਏ ਗਏ ਸਫ਼ਾਈ ਸਰਵੇਖਣ ਦੇ ਨਤੀਜਿਆਂ ਵਿਚ ਇੰਦੌਰ ਨੂੰ ਲਗਾਤਾਰ ਚੌਥੇ ਸਾਲ ਭਾਰਤ ਦਾ ਸੱਭ ਤੋਂ ਸਾਫ਼-ਸੁਥਰਾ ਸ਼ਹਿਰ ਐਲਾਨਿਆ ਗਿਆ ਹੈ। ਸਰਵੇਖਣ ਵਿਚ ਇਸ ਵਾਰ ਦੂਜੀ ਥਾਂ ਸੂਰਤ ਅਤੇ ਤੀਜੀ ਥਾਂ ਨਵੀਂ ਮੁੰਬਈ ਨੂੰ ਮਿਲੀ ਹੈ। ਕੇਂਦਰ ਸਰਕਾਰ ਦੇ ਸਰਵੇਖਣ ਵਿਚ ਵਾਰਾਣਸੀ ਨੂੰ 'ਗੰਗਾ ਕੰਢੇ ਵਸਿਆ ਹੋਇਆ ਸੱਭ ਤੋਂ ਵਧੀਆ ਸ਼ਹਿਰ' ਐਲਾਨਿਆ ਗਿਆ ਹੈ।

ਕੇਂਦਰੀ ਮਕਾਨ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਹਰਦੀਪ ਸਿੰਘ ਪੁਰੀ ਨੇ ਸਮਾਗਮ ਵਿਚ ਸਫ਼ਾਈ ਸਰਵੇਖਣ ਪੁਰਸਕਾਰ 2020 ਦਾ ਐਲਾਨ ਕੀਤਾ। ਵਾਰਾਣਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਸਦੀ ਚੋਣ ਹਲਕਾ ਹੈ। ਇਸ ਸੂਚੀ ਵਿਚ ਵਾਰਾਣਸੀ ਮਗਰੋਂ ਕਾਨਪੁਰ, ਮੁੰਗੇਰ, ਪ੍ਰਯਾਗਰਾਜ ਅਤੇ ਹਰਿਦੁਆਰ ਹਨ। ਸਰਵੇਖਣ ਵਿਚ ਇਕ ਲੱਖ ਤੋਂ ਵੱਧ ਆਬਾਦੀ ਵਾਲੇ ਸੱਭ ਤੋਂ ਸਾਫ਼-ਸੁਥਰੇ ਸ਼ਹਿਰਾਂ ਵਿਚ ਇੰਦੌਰ, ਸੂਰਤ ਅਤੇ ਨਵੀਂ ਮੁੰਬਈ ਮਗਰੋਂ ਵਿਜੇਵਾੜਾ ਨੇ ਚੌਥਾ ਅਤੇ ਅਹਿਮਦਾਬਾਦ ਨੇ ਪੰਜਵਾਂ ਸਥਾਨ ਮੱਲਿਆ ਹੈ। ਦਿਲਚਸਪ ਗੱਲ ਹੈ ਕਿ ਸੱਭ ਤੋਂ ਖ਼ੂਬਸੂਰਤ ਸ਼ਹਿਰ ਮੰਨੇ ਜਾਂਦੇ ਚੰਡੀਗੜ੍ਹ ਦਾ ਕਿਤੇ ਵੀ ਜ਼ਿਕਰ ਨਹੀਂ।

ਦਖਣੀ ਦਿੱਲੀ ਨਗਰ ਨਿਗਮ ਨੂੰ ਦੇਸ਼ ਦੇ 47ਸ਼ਹਿਰਾਂ ਵਿਚ 31ਵਾਂ ਸਥਾਨ ਮਿਲਿਆ ਹੈ। ਉੱਤਰੀ ਦਿੱਲੀ ਨਗਰ ਨਿਗਮ ਅਤੇ ਪੂਰਬੀ ਦਿੱਲੀ ਨਗਰ ਨਿਗਮ ਨੂੰ ਕ੍ਰਮਵਾਰ 43ਵਾਂ ਅਤੇ 46ਵਾਂ ਸਥਾਨ ਮਿਲਿਆ ਹੈ। ਦਿੱਲੀ ਦੇ ਤਿੰਨ ਨਗਰ ਨਿਗਮਾਂ ਨੂੰ 10 ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ਦੀ ਸ਼੍ਰੇਣੀ ਵਿਚ ਰਖਿਆ ਗਿਆ ਹੈ। ਇਸ ਸ਼੍ਰੇਣੀ ਵਿਚ ਪਟਨਾ ਨੂੰ 47ਵਾਂ ਸਥਾਨ ਮਿਲਿਆ ਹੈ।

ਕੇਂਦਰੀ ਮੰਤਰੀ ਨੇ ਵੱਖ-ਵੱਖ ਸ਼੍ਰੇਣੀਆਂ ਦੇ 129 ਪੁਰਸਕਾਰ ਪ੍ਰਦਾਨ ਕੀਤੇ। ਸਰਵੇਖਣ ਵਿਚ ਕੁਲ 4242 ਸ਼ਹਿਰਾਂ, 62 ਛਾਉਣੀ ਬੋਰਡਾਂ ਅਤੇ ਗੰਗਾ ਕੰਢੇ ਵਸੇ 97 ਸ਼ਹਿਰਾਂ ਦਾ ਸਰਵੇ ਕੀਤਾ ਗਿਆ ਅਤੇ 1.87 ਕਰੋੜ ਨਾਗਰਿਕਾਂ ਦੀ ਸ਼ਿਰਕਤ ਹੋਈ।

ਛੱਤੀਸਗੜ੍ਹ ਦੇ ਅੰਬਿਕਾਪੁਰ ਨੂੰ 10 ਲੱਖ ਤਕ ਦੀ ਆਬਾਦੀ ਦੀ ਸ਼੍ਰੇਣੀ ਵਿਚ ਸੱਭ ਤੋਂ ਸਾਫ਼ ਸ਼ਹਿਰ ਦਾ ਸਨਮਾਨ ਮਿਲਿਆ। ਇਸ ਤੋਂ ਬਾਅਦ ਕਰਨਾਟਕ ਵਿਚ ਮੈਸੂਰ ਅਤੇ ਨਵੀਂ ਦਿੱਲੀ ਨਗਰਪਾਲਿਕਾ ਪਰਿਸ਼ਦ ਖੇਤਰ ਹੈ। ਜਲੰਧਰ ਛਾਉਣੀ ਬੋਰਡ ਨੂੰ ਪਹਿਲਾ ਸਥਾਨ ਮਿਲਿਆ ਅਤੇ ਦਿੱਲੀ ਛਾਉਣੀ ਬੋਰਡ ਤੇ ਮੇਰਠ ਛਾਉਣੀ ਬੋਰਡ ਨੂੰ ਸਾਲਾਨਾ ਸਰਵੇ ਵਿਚ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਮਿਲਿਆ। ਪੁਰੀ ਨੇ ਕਿਹਾ, 'ਇਹ ਸਰਵੇ ਸਵੱਛ ਭਾਰਤ ਮਿਸ਼ਨ ਤਹਿਤ ਤੈਅ ਕੀਤੇ ਗਏ ਟੀਚਿਆਂ ਨੂੰ ਹਾਸਲ ਕਰਨ ਵਿਚ ਸਾਡੀ ਮਦਦ ਕਰਦਾ ਰਹੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।