‘ਇਥੇ ਔਰਤਾਂ ’ਤੇ ਜ਼ੁਲਮ ਹੋ ਰਹੇ ਹਨ, ਪਰ ਮੋਦੀ ਸਰਕਾਰ ਨੂੰ ਅਫ਼ਗਾਨਿਸਤਾਨ ਦੀ ਚਿੰਤਾ’- ਓਵੈਸੀ
ਅਸਦੁਦੀਨ ਓਵੈਸੀ ਨੇ ਦੇਸ਼ ਵਿਚ ਔਰਤਾਂ ਵਿਰੁੱਧ ਅਪਰਾਧਾਂ ਨੂੰ ਲੈ ਕੇ ਕੇਂਦਰ ਦੀ ਮੋਦੀ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ।
ਨਵੀਂ ਦਿੱਲੀ: ਅਫ਼ਗਾਨਿਸਤਾਨ 'ਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਉੱਥੋਂ ਦੀਆਂ ਔਰਤਾਂ ਆਪਣੇ ਅਧਿਕਾਰਾਂ ਅਤੇ ਉਨ੍ਹਾਂ ’ਤੇ ਹੋ ਰਹੇ ਜ਼ੁਲਮਾਂ ਨੂੰ ਲੈ ਕੇ ਡਰ ਵਿਚ ਰਹਿ ਰਹੀਆਂ ਹਨ। ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਨੇ ਅਫ਼ਗ਼ਾਨਿਸਤਾਨ ਦੀ ਵਿਗੜਦੀ ਸਥਿਤੀ ਬਾਰੇ ਆਪਣੀ ਚਿੰਤਾ ਜ਼ਾਹਰ ਕੀਤੀ ਹੈ। ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ (AIMIM) ਦੇ ਮੁੱਖੀ ਅਸਦੁਦੀਨ ਓਵੈਸੀ ਨੇ ਦੇਸ਼ ਵਿਚ ਔਰਤਾਂ ਵਿਰੁੱਧ ਅਪਰਾਧਾਂ ਨੂੰ ਲੈ ਕੇ ਕੇਂਦਰ ਦੀ ਮੋਦੀ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਹੈ।
ਅਸਦੁਦੀਨ ਓਵੈਸੀ (Asaduddin Owaisi) ਨੇ ਹੈਦਰਾਬਾਦ ਵਿਚ ਕਿਹਾ, “ਭਾਰਤ ਵਿਚ ਤਕਰੀਬਨ 10 ਪ੍ਰਤੀਸ਼ਤ ਲੜਕੀਆਂ ਦੀ ਮੌਤ ਪੰਜ ਸਾਲ ਤੋਂ ਘੱਟ ਉਮਰ ਵਿਚ ਹੀ ਹੋ ਜਾਂਦੀ ਹੈ, ਪਰ ਚਿੰਤਾ ਅਫ਼ਗਾਨਿਸਤਾਨ (Afghanistan Crisis) ਦੀ ਹੋ ਰਹੀ ਹੈ।” ਉਨ੍ਹਾਂ ਨੇ ਕਿਹਾ ਕਿ, “ ਭਾਰਤ ਵਿਚ ਔਰਤਾਂ ਨਾਲ ਅਣਗਿਣਤ ਅੱਤਿਆਚਾਰ ਹੋ ਰਹੇ ਹਨ, ਪਰ ਕੇਂਦਰ ਸਰਕਾਰ ਅਫ਼ਗਾਨਿਸਤਾਨ ਦੀਆਂ ਔਰਤਾਂ ਬਾਰੇ ਚਿੰਤਤ ਹੈ।”
ਦੱਸ ਦੇਈਏ ਕਿ ਤਾਲਿਬਾਨ (Taliban) ਦੇ ਤੇਜ਼ ਅਤੇ ਅਚਾਨਕ ਹਮਲੇ ਦੇ ਚਾਰ ਦਿਨਾਂ ਬਾਅਦ ਅਫ਼ਗਾਨਿਸਤਾਨ ਦੀ ਰਾਜਧਾਨੀ ਦੀਆਂ ਸੜਕਾਂ 'ਤੇ ਕੋਈ ਔਰਤਾਂ ਨਜ਼ਰ ਨਹੀਂ ਆਈਆਂ ਹਨ। ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਸਾਰੇ ਵਿਦਿਅਕ ਕੇਂਦਰ, ਸਕੂਲ, ਯੂਨੀਵਰਸਿਟੀਆਂ, ਸਰਕਾਰੀ ਇਮਾਰਤਾਂ ਅਤੇ ਪ੍ਰਾਈਵੇਟ ਦਫ਼ਤਰ ਵੀ ਬੰਦ ਕਰ ਦਿੱਤੇ ਗਏ ਹਨ।