ਕਸ਼ਮੀਰ ਦੇ ਸਕੂਲਾਂ ਵਿਚ ਵਿਦਿਆਰਥੀਆਂ ਦੀ ਹਾਜ਼ਰੀ ਮਹਿਜ਼ 20 ਫ਼ੀ ਸਦੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਸੇ ਵੀ ਥਾਣਾ ਇਲਾਕੇ ਵਿਚ ਕੋਈ ਪਾਬੰਦੀ ਨਹੀਂ : ਅਧਿਕਾਰੀ

Jammu Kashmir

ਨਵੀਂ ਦਿੱਲੀ : ਜੰਮੂ ਕਸ਼ਮੀਰ ਵਿਚ ਕਿਤੇ ਵੀ ਲੋਕਾਂ ਦੀ ਆਵਾਜਾਈ 'ਤੇ ਕੋਈ ਰੋਕ ਨਹੀਂ ਅਤੇ ਕਸ਼ਮੀਰ ਵਿਚ 20 ਫ਼ੀ ਸਦੀ ਤੋਂ ਥੋੜਾ ਜ਼ਿਆਦਾ ਅਤੇ ਜੰਮੂ ਵਿਚ 100 ਫ਼ੀ ਸਦੀ ਵਿਦਿਆਰਥੀਆਂ ਨੇ ਸਕੂਲ ਜਾਣਾ ਸ਼ੁਰੂ ਕਰ ਦਿਤਾ ਹੈ। ਅਧਿਕਾਰੀਆਂ ਨੇ ਦਸਿਆ ਕਿ 18 ਅਕਤੂਬਰ ਤਕ 102069 ਲੈਂਡਲਾਈਨ ਫ਼ੋਨ ਕੁਨੈਕਸ਼ਨ ਬਹਾਲ ਕਰ ਦਿਤੇ ਗਏ ਹਨ ਜਦਕਿ ਪਿਛਲੇ ਸ਼ੁਕਰਵਾਰ ਤਕ 22 ਜ਼ਿਲ੍ਹਿਆਂ ਵਿਚ 84 ਫ਼ੀ ਸਦੀ ਮੋਬਾਈਲ ਫ਼ੋਨ ਕੁਨੈਕਸ਼ਨਾਂ ਨੂੰ ਚਾਲੂ ਕਰ ਦਿਤਾ ਗਿਆ ਹੈ।

ਕਸ਼ਮੀਰ ਘਾਟੀ ਵਿਚ ਲੈਂਡਲਾਈਨ ਕੁਨੈਕਸ਼ਨ ਦੋ ਮਹੀਨੇ ਚਾਲੂ ਕਰ ਦਿਤੇ ਗਏ ਸਨ ਜਦਕਿ 14 ਅਕਤੂਬਰ ਨੂੰ ਪੋਸਟਪੇਡ ਮੋਬਾਈਲ ਕੁਨੈਕਸ਼ਨ ਬਹਾਲ ਕੀਤੇ ਗਏ। ਕੇਂਦਰ ਸਰਕਾਰ ਨੇ ਪੰਜ ਅਗੱਸਤ ਨੂੰ ਧਾਰਾ 370 ਖ਼ਤਮ ਕਰਨ ਦਾ ਐਲਾਨ ਕੀਤਾ ਸੀ ਅਤੇ ਉਦੋਂ ਤੋਂ ਹੀ ਪਾਬੰਦੀਆਂ ਜਾਰੀ ਹਨ। ਰਾਜ ਵਿਚ ਲੋਕਾਂ ਅਤੇ ਗੱਡੀਆਂ ਦੀ ਆਵਾਜਾਈ 'ਤੇ ਰੋਕ ਲਾ ਦਿਤੀ ਗਈ ਸੀ ਅਤੇ ਫ਼ੋਨ ਕੁਨੈਕਸ਼ਨ ਬੰਦ ਕਰ ਦਿਤੇ ਗਏ ਸਨ।  ਜੰਮੂ ਕਸ਼ਮੀਰ ਪ੍ਰਸ਼ਾਸਨ ਦੀ ਰੀਪੋਰਟ ਦੇ ਹਵਾਲੇ ਨਾਲ ਗ੍ਰਹਿ ਮੰਤਰਾਲੇ ਦੇ ਅਧਿਕਾਰੀ ਨੇ ਦਸਿਆ ਕਿ ਕਸ਼ਮੀਰ ਘਾਟੀ ਵਿਚ 20.13 ਫ਼ੀ ਸਦੀ ਬੱਚੇ ਸਕੂਲ ਆ ਰਹੇ ਹਨ ਜਦਕਿ ਜੰਮੂ ਖੇਤਰ ਵਿਚ 100 ਫ਼ੀ ਸਦੀ ਬੱਚੇ ਸਕੂਲ ਆ ਰਹੇ ਹਨ। ਘਾਟੀ ਵਿਚ ਸ਼ੁਕਰਵਾਰ ਤਕ 86.3 ਫ਼ੀ ਸਦੀ ਅਤੇ ਜੰਮੂ ਵਿਚ 100 ਫ਼ੀ ਸਦੀ ਵਿਦਿਆਰਥੀ ਸਕੂਲ ਆ ਰਹੇ ਸਨ। ਜੰਮੂ ਕਸ਼ਮੀਰ ਵਿਚ ਕੁਲ 21328  ਸਕੂਲ ਖੁਲ੍ਹ ਗਏ ਹਨ ਜੋ ਕੁਲ ਸਕੂਲਾਂ ਦਾ 98 ਫ਼ੀ ਸਦੀ ਹੈ।

ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਪਿਛਲੇ ਹਫ਼ਤੇ ਪੰਜਵੀਂ ਜਮਾਤ ਤੋਂ 12ਵੀਂ ਤਕ ਸਾਲ ਦੇ ਅੰਤ ਦੇ ਇਮਤਿਹਾਨਾਂ ਦਾ ਐਲਾਨ ਕੀਤਾ ਸੀ। ਇਸ ਦਾ ਮਕਸਦ ਸਕੂਲਾਂ ਵਿਚ ਵਿਦਿਆਰਥੀਆਂ ਦੀ ਹਾਜ਼ਰੀ ਵਧਾਉਣਾ ਹੈ। ਅਧਿਕਾਰੀਆਂ ਨੇ ਦਸਿਆ ਕਿ 202 ਵਿਚੋਂ ਕਿਸੇ ਵੀ ਥਾਣਾ ਇਲਾਕੇ ਵਿਚ ਕੋਈ ਪਾਬੰਦੀ ਨਹੀਂ ਜਦਕਿ ਖਾਣ ਦਾ ਸਮਾਨ, ਬੱਚਿਆਂ ਦੇ ਖਾਣ ਦਾ ਸਮਾਨ, ਪਟਰੌਲੀਅਮ ਉਤਪਾਦ ਜਿਹੇ ਜ਼ਰੂਰੀ ਸਮਾਨ ਲੋੜੀਂਦੀ ਮਾਤਰਾ ਵਿਚ ਮੌਜੂਦ ਹੈ। ਇਕ ਹੋਰ ਅਧਿਕਾਰੀ ਨੇ ਦਸਿਆ ਕਿ ਜੰਮੂ ਕਸ਼ਮੀਰ ਵਿਚ 130 ਵੱਡੇ ਹਸਪਤਾਲ ਅਤੇ 4359 ਸਿਹਤ ਕੇਂਦਰ ਆਮ ਤੌਰ 'ਤੇ ਕੰਮ ਕਰ ਰਹੇ ਹਨ ਅਤੇ ਰੋਜ਼ਾਨਾ ਔਸਤਨ 600 ਆਪਰੇਸ਼ਨ ਹੋ ਰਹੇ ਹਨ ਤੇ ਓਪੀਡੀ ਵਿਚ 65000 ਮਰੀਜ਼ਾਂ ਨੂੰ ਵੇਖਿਆ ਜਾ ਰਿਹਾ ਹੈ।