ਕਮਲਨਾਥ ਦੇ 'ਆਈਟਮ' ਵਾਲੇ ਬਿਆਨ 'ਤੇ ਬੋਲੇ ਰਾਹੁਲ, 'ਮੈਨੂੰ ਅਜਿਹੀ ਭਾਸ਼ਾ ਪਸੰਦ ਨਹੀਂ'

ਏਜੰਸੀ

ਖ਼ਬਰਾਂ, ਰਾਸ਼ਟਰੀ

ਸ਼ਿਵਰਾਜ ਸਰਕਾਰ ਵਿਚ ਕੈਬਨਿਟ ਮੰਤਰੀ ਈਮਰਤੀ ਦੇਵੀ ਨੂੰ ਕਮਲਨਾਥ ਨੇ ਕਿਹਾ ਸੀ 'ਆਈਟਮ'

Rahul Gandhi reaction On Kamal Nath's Comment

ਨਵੀਂ ਦਿੱਲੀ: ਮੱਧ ਪ੍ਰਦੇਸ਼ ਵਿਚ ਸ਼ਿਵਰਾਜ ਸਿੰਘ ਚੌਹਾਨ ਸਰਕਾਰ ਦੀ ਕੈਬਨਿਟ ਮੰਤਰੀ ਈਮਰਤੀ ਦੇਵੀ ਨੂੰ 'ਆਈਟਮ' ਕਹਿਣ ਦੇ ਮਾਮਲੇ ਵਿਚ ਸੂਬੇ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਨੂੰ ਕਾਫ਼ੀ ਅਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ ਦੌਰਾਨ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਕਮਲਨਾਥ ਦੇ ਇਸ ਬਿਆਨ 'ਤੇ ਅਪਣੀ ਪ੍ਰਤੀਕਿਰਿਆ ਦਿੱਤੀ ਹੈ। ਰਾਹੁਲ ਗਾਂਧੀ ਨੇ ਕਮਲਨਾਥ ਨਾਲ ਅਸਹਿਮਤੀ ਜਤਾਉਂਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਦੀ ਭਾਸ਼ਾ ਦੀ ਵਰਤੋਂ ਉਹਨਾਂ ਨੇ ਕੀਤੀ ਹੈ, ਉਹ ਮੈਨੂੰ ਪਸੰਦ ਨਹੀਂ ਹੈ। ਇਹ ਬਹੁਤ ਮੰਦਭਾਗਾ ਹੈ।

ਸਾਬਕਾ ਮੁੱਖ ਮੰਤਰੀ ਦੇ ਇਸ ਬਿਆਨ 'ਤੇ ਭਾਜਪਾ ਪੂਰੀ ਤਰ੍ਹਾਂ ਹਮਲਾਵਰ ਹੋ ਗਈ ਹੈ। ਰਾਹੁਲ ਗਾਂਧੀ ਨੇ ਕਿਹਾ, 'ਕਮਲਨਾਥ ਜੀ ਮੇਰੀ ਪਾਰਟੀ ਨਾਲ ਸਬੰਧ ਰੱਖਦੇ ਹਨ ਪਰ ਵਿਅਕਤੀਗਤ ਤੌਰ 'ਤੇ ਮੈਨੂੰ ਇਸ ਕਿਸਮ ਦੀ ਭਾਸ਼ਾ ਪਸੰਦ ਨਹੀਂ ਹੈ, ਜਿਸ ਦੀ ਉਹਨਾਂ ਨੇ ਵਰਤੋਂ ਕੀਤੀ। ਮੈਂ ਇਸ ਤਰ੍ਹਾਂ ਦੀ ਭਾਸ਼ਾ ਦੀ ਸ਼ਲਾਘਾ ਨਹੀਂ ਕਰਦਾ। ਚਾਹੇ ਉਹ ਕੋਈ ਵੀ ਹੋਵੇ। ਇਹ ਮੰਦਭਾਗਾ ਹੈ'।

ਦੱਸ ਦਈਏ ਕਿ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਨੇ ਅਪਣੇ ਬਿਆਨ 'ਤੇ ਸਫਾਈ ਵੀ ਦਿੱਤੀ। ਉਹਨਾਂ ਨੇ ਸਫਾਈ ਦਿੰਦਿਆਂ ਕਿਹਾ ਕਿ ਉਹ ਉਹਨਾਂ ਦਾ ਨਾਂਅ ਭੁੱਲ ਗਏ ਸੀ, ਉਹ ਕਿਸੇ ਦਾ ਅਪਮਾਨ ਨਹੀਂ ਕਰਦੇ।

ਕਮਲਨਾਥ ਵੱਲੋਂ ਈਮਰਤੀ ਦੇਵੀ 'ਤੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਨੇ ਸੋਮਵਾਰ ਨੂੰ ਦੋ ਘੰਟੇ ਦਾ ਮੋਨ ਵਰਤ ਵੀ ਰੱਖਿਆ ਸੀ। ਇਸ ਸਬੰਧੀ ਉਹਨਾਂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਚਿੱਠੀ ਵੀ ਲਿਖੀ। ਉਹਨਾਂ ਨੇ ਸੋਨੀਆ ਗਾਂਧੀ ਕੋਲ ਕਮਲਨਾਥ ਨੂੰ ਸਾਰੇ ਅਹੁਦਿਆਂ ਤੋਂ ਹਟਾਉਂਦੇ ਹੋਏ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਸੀ।