‘ਆਪ’ ਨੇ ਧਰਮਸੋਤ ਦਾ ਅਸਤੀਫ਼ਾ ਅਤੇ ਨਾਭਾ ਨਗਰ ਕੌਂਸਲ ਘੋਟਾਲਾ ‘ਚ ਸੀਬੀਆਈ ਦੀ ਮੰਗੀ ਜਾਂਚ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਾਭਾ ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਪ੍ਰਧਾਨ ਦੁਆਰਾ ਫੰਡਾ ਦੇ ਕੀਤੇ ਘੋਟਾਲੇ ਵਿਚ ਅੱਜ ਆਮ ਆਦਮੀ ਪਾਰਟੀ ਨੇ ਕੈਬਿਨੇਟ...

Aap

ਚੰਡੀਗੜ (ਸ.ਸ.ਸ) : ਨਾਭਾ ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਪ੍ਰਧਾਨ ਦੁਆਰਾ ਫੰਡਾ ਦੇ ਕੀਤੇ ਘੋਟਾਲੇ ਵਿਚ ਅੱਜ ਆਮ ਆਦਮੀ ਪਾਰਟੀ ਨੇ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਅਸਤੀਫ਼ੇ ਦੀ ਮੰਗ ਕਰਦਿਆਂ ਸਰਕਾਰ ਨੂੰ ਅਗਲੇਰੀ ਕਾਰਵਾਈ ਲਈ ਕੇਸ ਸੀਬੀਆਈ ਨੂੰ ਸੌਂਪਣ ਦੀ ਮੰਗ ਕੀਤੀ। ‘ਆਪ’ ਦੇ ਚੰਡੀਗੜ ਹੈੱਡਕੁਆਟਰ ਤੋਂ ਜਾਰੀ ਪ੍ਰੈੱਸ ਨੋਟ ਵਿਚ ਨਾਭਾ ਵਿਧਾਨ ਸਭਾ ਦੇ ਪ੍ਰਧਾਨ ਗੁਰਦੇਵ ਸਿੰਘ (ਦੇਵ ਮਾਨ) ਨੇ ਕਿਹਾ ਕਿ ਇਹ ਘੋਟਾਲਾ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਸ਼ਹਿ ਉੱਤੇ ਕੀਤਾ ਗਿਆ ਹੈ। ਉਨਾਂ ਕਿਹਾ ਕਿ ਧਰਮਸੋਤ ਨਾਭਾ ਅਤੇ ਇਸ ਖੇਤਰ ਵਿਚ ਭਿ੍ਰਸ਼ਟਾਚਾਰੀਆਂ ਨੂੰ ਸ਼ਹਿ ਦੇ ਰਹੇ ਹਨ।

ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਦੁਆਰਾ ਇਸ ਮਾਮਲੇ ਵਿਚ ਕਾਰਵਾਈ ਕਰਦਿਆਂ ਨਾਭਾ ਨਗਰ ਕੌਂਸਲ ਦੇ ਪ੍ਰਧਾਨ ਰਜਨੀਸ਼ ਕੁਮਾਰ ਸ਼ੈਂਟੀ, ਈ.ਓ ਸੁਖਦੀਪ ਸਿੰਘ ਕੰਬੋਜ ਅਤੇ ਕਲਰਕ ਹਰਜਿੰਦਰ ਸਿੰਘ ਨੂੰ ਬਰਖ਼ਾਸਤ ਕੀਤੇ ਜਾਣ ਉੱਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਮਾਨ ਨੇ ਕਿਹਾ ਕਿ ਉਹ ਆਸ਼ਾ ਕਰਦੇ ਹਨ ਕਿ ਸਿੱਧੂ ਇਸੇ ਤਰਾਂ ਕਾਰਵਾਈ ਕਰਦਿਆਂ ਇਸ ਕੇਸ ਨਾਲ ਸੰਬੰਧਿਤ ਬਾਕੀ ਦੋਸ਼ੀਆਂ ਖ਼ਿਲਾਫ਼ ਐਕਸ਼ਨ ਲੈਣਗੇ। ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸੂਬੇ ਵਿਚ ਭਿ੍ਰਸ਼ਟਾਚਾਰ ਪ੍ਰਤੀ ਜ਼ੀਰੋ ਟੋਲਰੈਂਸ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹਨ।

ਪਰੰਤੂ ਉਨਾਂ ਦੇ ਆਪਣੇ ਮੰਤਰੀ ਹੀ ਫ਼ੰਡਾਂ ਦੇ ਘੋਟਾਲੇ ਕਰਨ ਵਿਚ ਲੱਗੇ ਹੋਏ ਹਨ। ਉਨਾਂ ਕਿਹਾ ਕਿ ਰਾਜੀਵ ਗਾਂਧੀ ਆਵਾਸ ਯੋਜਨਾ, ਸਵੱਛ ਭਾਰਤ ਅਭਿਆਨ ਆਦਿ ਵਰਗੀਆਂ ਕੇਂਦਰੀ ਅਤੇ ਸੂਬਾ ਸਕੀਮਾਂ ਤਹਿਤ ਆਏ ਪੈਸਿਆਂ ਨੂੰ ਅਧਿਕਾਰੀਆਂ ਨੇ ਧਰਮਸੋਤ ਦੀ ਸ਼ਹਿ ਨਾਲ ਗ਼ਬਨ ਕੀਤਾ ਜਾ ਹੋਰ ਕਾਰਜਾਂ ਲਈ ਵਰਤੋਂ ਵਿਚ ਲਿਆਂਦਾ। ਮਾਨ ਨੇ ਕਿਹਾ ਕਿ ਇਸੇ ਕਾਰਨ ਹੀ ਨਾਭਾ ਸ਼ਹਿਰ ਵਿਚ ਪੀਣ ਵਾਲੇ ਪਾਣੀ ਅਤੇ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ, ਕੂੜੇ ਦੀ ਸਮੱਸਿਆ ਅਤੇ ਆਵਾਰਾ ਪਸ਼ੂਆਂ ਦੀ ਸਮੱਸਿਆ ਹਰ ਦਿਨ ਵਧਦੀ ਜਾ ਰਹੀ ਹੈ।

ਉਨਾਂ ਕਿਹਾ ਕਿ ਫ਼ੰਡਾਂ ਦੀ ਦੁਰਵਰਤੋਂ ਅਤੇ ਗ਼ਬਨ ਕਾਰਨ ਹੀ ਗ਼ਰੀਬ ਅਤੇ ਦਲਿਤ ਲੋਕਾਂ ਨੂੰ ਉਨਾਂ ਦੇ ਘਰ ਬਣਾਉਣ ਲਈ ਜਾਰੀ ਕੀਤੇ ਫ਼ੰਡਾਂ ਤੋਂ ਵੀ ਵਾਂਝਾ ਰੱਖਿਆ ਗਿਆ ਹੈ। ਮਾਨ ਨੇ ਮੰਗ ਕੀਤੀ ਕਿ ਕੈਪਟਨ ਅਮਰਿੰਦਰ ਸਿੰਘ ਫ਼ੌਰੀ ਤੌਰ ‘ਤੇ ਮੰਤਰੀ ਧਰਮਸੋਤ ਨੂੰ ਆਪਣੇ ਕੈਬਿਨਟ ਵਿਚੋਂ ਬਾਹਰ ਦਾ ਰਸਤਾ ਵਿਖਾਉਣ ਅਤੇ ਕੇਸ ਦੀ ਅਗਲੀ ਜਾਂਚ ਲਈ ਕੇਸ ਸੀਬੀਆਈ ਨੂੰ ਸੌਂਪਣ। ਉਨਾਂ ਨੇ ਕਿਹਾ ਕਿ ਅਜਿਹਾ ਨਾ ਹੋਣ ਦੀ ਸੂਰਤ ਵਿਚ ਆਮ ਆਦਮੀ ਪਾਰਟੀ ਮੰਤਰੀ ਧਰਮਸੋਤ ਦਾ ਘੇਰਾਉ ਕਰੇਗੀ।

ਉਨਾਂ ਕਿਹਾ ਕਿ ਉਹ ਮੰਤਰੀ ਅਤੇ ਅਧਿਕਾਰੀਆਂ ਨੂੰ ਗ਼ਰੀਬ ਅਤੇ ਦਲਿਤ ਲੋਕਾਂ ਲਈ ਆਏ ਫ਼ੰਡਾਂ ਦੀ ਦੁਰਵਰਤੋਂ ਨਹੀਂ ਕਰਨ ਦੇਣਗੇ। ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਦਲਿਤਾਂ, ਗ਼ਰੀਬਾਂ ਅਤੇ ਆਮ ਲੋਕਾਂ ਦੀ ਆਵਾਜ਼ ਬੁਲੰਦ ਕਰਦੀ ਰਹੇਗੀ।