ਜੈਸ਼ ਦੇ ਅੱਤਵਾਦੀ ਮਾਰੇ ਜਾਣ ਤੋਂ ਬਾਅਦ PM ਨੇ ਗ੍ਰਹਿ ਮੰਤਰੀ ਤੇ NSA ਨਾਲ ਕੀਤੀ ਸਮੀਖਿਆ ਬੈਠਕ
ਬੀਤੇ ਦਿਨ ਜੰਮੂ-ਕਸ਼ਮੀਰ ਦੇ ਨਗਰੋਟਾ ਵਿਚ ਮੁਠਭੇੜ ਦੌਰਾਨ ਮਾਰੇ ਗਏ ਸੀ ਚਾਰ ਅੱਤਵਾਦੀ
ਨਵੀਂ ਦਿੱਲੀ: ਬੀਤੇ ਦਿਨ ਜੰਮੂ-ਕਸ਼ਮੀਰ ਦੇ ਨਗਰੋਟਾ ਵਿਚ ਅੱਤਵਾਦੀਆਂ ਨਾਲ ਹੋਈ ਮੁੱਠਭੇੜ ਤੋਂ ਬਾਅਦ ਕੇਂਦਰ ਸਰਕਾਰ ਸਾਵਧਾਨ ਹੋ ਗਈ ਹੈ। ਇਸ ਦੇ ਚਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ, ਰਾਖਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ, ਵਿਦੇਸ਼ ਸਕੱਤਰ ਅਤੇ ਪ੍ਰਮੁੱਖ ਖੂਫੀਆ ਸੰਸਥਾ ਦੇ ਅਧਿਕਾਰੀਆਂ ਨਾਲ ਸਮੀਖਿਆ ਬੈਠਕ ਕੀਤੀ।
ਇਹ ਜਾਣਕਾਰੀ ਸਰਕਾਰੀ ਸੂਤਰਾਂ ਵੱਲੋਂ ਦਿੱਤੀ ਗਈ। ਸਰਕਾਰੀ ਸੂਤਰਾਂ ਅਨੁਸਾਰ ਇਹ ਅੱਤਵਾਦੀ 26/11 ਮੁੰਬਈ ਅੱਤਵਾਦੀ ਹਮਲੇ ਦੀ ਬਰਸੀ ਮੌਕੇ ਵੱਡੇ ਹਮਲੇ ਦੀ ਸਾਜ਼ਿਸ਼ ਰਚ ਰਹੇ ਸੀ। ਦੱਸ ਦਈਏ ਕਿ ਬੀਤੇ ਦਿਨ ਜੰਮੂ-ਕਸ਼ਮੀਰ ਦੇ ਨਗਰੋਟਾ ਵਿਚ ਸੁਰੱਖਿਆ ਬਲਾਂ ਨੇ ਇਕ ਟਰੱਕ ਵਿਚ ਸਵਾਰ ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਨੂੰ ਮੁਠਭੇੜ ਦੌਰਾਨ ਢੇਰ ਕਰ ਦਿੱਤਾ।
ਜੰਮੂ ਜ਼ੋਨ ਦੇ ਆਈਜੀ ਮੁਕੇਸ਼ ਸਿੰਘ ਨੇ ਦੱਸਿਆ ਕਿ ਅੱਤਵਾਦੀਆਂ ਕੋਲੋਂ 11 ਏਕੇ 47 ਰਾਫੀਫਲਾਂ, ਤਿੰਨ ਪਿਸਤੌਲ, 29 ਗਰਨੇਡ, ਮੋਬਾਈਲ ਫੋਨ, ਕੰਪਾਸ, ਗੋਲਾ ਬਾਰੂਦ ਅਤੇ ਹੋਰ ਕਈ ਯੰਤਰ ਬਰਾਮਦ ਹੋਏ ਸਨ। ਉਹਨਾਂ ਦੱਸਿਆ ਕਿ ਇਹ ਅੱਤਵਾਦੀ ਵੱਡੇ ਹਮਲੇ ਨੂੰ ਅੰਜਾਮ ਦੇਣਾ ਚਾਹੁੰਦੇ ਸਨ।