ਰੋਸ ਪ੍ਰਦਰਸ਼ਨਾਂ ਦੌਰਾਨ ਸਾਹਮਣੇ ਆਇਆ ਮੋਦੀ ਦਾ ਵੱਡਾ ਬਿਆਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ਹਿਤ 'ਚ ਕੰਮ ਕਰਨ ਲਈ ਝੱਲਣਾ ਪੈਂਦੇ ਗੁੱਸਾ ਤੇ ਨਰਾਜਗੀ

file photo

ਨਵੀਂ ਦਿੱਲੀ : ਨਾਗਰਿਕਤਾ ਸੋਧ ਨਾਨੂੰਨ ਨੂੰ ਲੈ ਕੇ ਦੇਸ਼ ਅੰਦਰ ਰੋਸ ਪ੍ਰਦਰਸ਼ਨਾਂ ਦਾ ਦੌਰ ਅਪਣੀ ਚਰਮ-ਸੀਮਾ 'ਤੇ ਪਹੁੰਚ ਚੁੱਕਾ ਹੈ। ਇਹ ਰੋਸ ਪ੍ਰਦਰਸ਼ਨ ਕਿਤੇ ਕਿਤੇ ਹਿੰਸਕ ਰੁਖ ਅਖਤਿਆਰ ਕਰਦਾ ਜਾ ਰਿਹਾ ਹੈ। ਕਈ ਆਗੂ ਅਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਵੀ ਸਰਗਰਮ ਹੋ ਚੁੱਕੇ ਹਨ। ਜਦਕਿ ਸੱਤਾਧਾਰੀ ਧਿਰ ਵਲੋਂ ਨਪੇ-ਤੋਲਵੇਂ ਸ਼ਬਦਾਂ ਵਿਚ ਅਪਣੀ ਗੱਲ ਰੱਖੀ ਜਾ ਰਹੀ ਹੈ।

ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਸ ਵੱਲ ਸੇਧਿਤ ਬਿਆਨ ਸਾਹਮਣੇ ਆਇਆ ਹੈ। ਪ੍ਰਧਾਨ ਮੰਤਰੀ ਨੇ ਇਕ ਸਮਾਗਮ 'ਚ ਹਿੱਸਾ ਲੈਂਦਿਆਂ ਕਿਹਾ ਕਿ ਦੇਸ਼ ਲਈ ਕੰਮ ਕਰਨ ਵੇਲੇ ਕਾਫ਼ੀ ਗੁੱਸਾ ਝੱਲਣਾ ਪੈਂਦਾ ਹੈ। ਕਈ ਲੋਕਾਂ ਦੀ ਨਰਾਜਗੀ ਸਹਿਣੀ ਪੈਂਦੀ ਹੈ ਅਤੇ ਕਈ ਸਾਰੇ ਦੋਸ਼ਾਂ ਦਾ ਸਾਹਮਣਾ ਕਰਨਾ ਪੈਦਾ ਹੈ। ਪ੍ਰਧਾਨ ਮੰਤਰੀ ਉਦਯੋਗ ਮੰਡਲ ਐਸੋਚੈਮ (ਐਸੋਸੀਏਸ਼ਨ ਆਫ਼ ਚੈਂਬਰ ਆਫ਼ ਕਾਮਰਸ ਐਂਡ ਇਡਸਟਰੀ ਆਫ਼ ਇੰਡੀਆ) ਦੇ ਸਾਲਾਨਾ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।

ਦੱਸ ਦਈਏ ਕਿ ਐਸੋਚੈਮ ਦੀ ਸਥਾਪਨਾ ਦੇ 100 ਸਾਲ ਪੂਰੇ ਹੋਣ 'ਤੇ ਸ਼ੁੱਕਰਵਾਰ ਨੂੰ ਇਕ ਸਮਾਗਮ ਕਰਵਾਇਆ ਗਿਆ। ਸਮਾਗਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਮੰਤਰੀ ਮੰਡਲ ਦੇ ਵੱਡੇ ਆਗੂਆਂ ਨੇ ਸ਼ਿਰਕਤ ਕੀਤੀ। ਸਮਾਗਮ ਵਿਚ ਵਿੱਤ ਮੰਤਰੀ ਨਿਰਮਲਾ ਸੀਤਾਰਮਣ, ਵਣਜ ਮੰਤਰੀ ਪਿਊਸ਼ ਗੋਇਲ, ਆਵਾਜਾਈ ਮੰਤਰੀ ਨਿਤਿਨ ਗਡਗਰੀ, ਸੂਚਨਾ ਤੇ ਪ੍ਰਸਾਰਣ ਮੰਤਰੀ ਰਵਿਸ਼ੰਕਰ ਪ੍ਰਸ਼ਾਦ ਤੋਂ ਇਲਾਵਾ ਕੱਪੜਾ ਮੰਤਰੀ ਸਮਰਿਤੀ ਇਰਾਨੀ ਨੇ ਵੀ ਹਾਜ਼ਰੀ ਭਰੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਹਰ ਵਰਗ ਦੀ ਗੱਲ ਸੁਣਦੀ ਹੈ। ਉਨ੍ਹਾਂ ਕਿਹਾ ਕਿ 5 ਟ੍ਰਿਲੀਅਨ ਡਾਲਰ ਅਰਥ ਵਿਵਸਥਾ ਦੀ ਗੱਲ ਕੋਈ ਅਚਾਨਕ ਨਹੀਂ ਕਹੀ ਗਈ। ਪਿਛਲੇ 5 ਸਾਲਾਂ ਦੌਰਾਨ ਦੇਸ਼ ਨੇ ਖੁਦ ਨੂੰ ਇੰਨਾ ਮਜਬੂਤ ਕੀਤਾ ਹੈ ਕਿ ਅਜਿਹੇ ਟੀਚਿਆਂ ਨੂੰ ਮਿੱਥਣ ਦੇ ਨਾਲ ਉਨ੍ਹਾਂ ਤਕ ਪਹੁੰਚਿਆ ਵੀ ਜਾ ਸਕਦਾ ਹੈ।