ਮੋਦੀ ਦੇ ਮੰਤਰੀ ਬੋਲੇ, ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨੂੰ ਦੇਖਦੇ ਹੀ ਮਾਰੋ ਗੋਲੀ
ਨਾਗਰਿਕਤਾ ਸੋਧ ਕਾਨੂੰਨ ਖਿਲਾਫ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਾਲੇ ਪ੍ਰਦਰਸ਼ਨਕਾਰੀਆਂ ਨੂੰ ਲੈ ਕੇ ਰੇਲ ਰਾਜ ਮੰਤਰੀ ਨੇ ਵਿਵਾਦਤ ਬਿਆਨ ਦਿੱਤਾ ਹੈ।
ਨਵੀਂ ਦਿੱਲੀ: ਨਾਗਰਿਕਤਾ ਸੋਧ ਕਾਨੂੰਨ ਖਿਲਾਫ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਾਲੇ ਪ੍ਰਦਰਸ਼ਨਕਾਰੀਆਂ ਨੂੰ ਲੈ ਕੇ ਰੇਲ ਰਾਜ ਮੰਤਰੀ ਸੁਰੇਸ਼ ਅੰਗੜੀ ਨੇ ਵਿਵਾਦਤ ਬਿਆਨ ਦਿੱਤਾ ਹੈ। ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਮੋਦੀ ਸਰਕਾਰ ਦੇ ਮੰਤਰੀ ਨੇ ਕਿਹਾ ਕਿ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਾਲੇ ਨੂੰ ਦੇਖਦੇ ਹੀ ਗੋਲੀ ਮਾਰ ਦੋ।
ਉਹਨਾਂ ਨੇ ਕਿਹਾ ਕਿ ਮੈਂ ਪ੍ਰਸ਼ਾਸਨ ਅਤੇ ਆਰਪੀਐਫ ਦੋਵਾਂ ਨੂੰ ਇਹ ਨਿਰਦੇਸ਼ ਦੇ ਰਿਹਾ ਹਾਂ। ਦੱਸ ਦਈਏ ਕਿ ਚਾਰ ਦਿਨ ਪਹਿਲਾਂ ਬੰਗਾਲ ਦੇ ਮੁਰਸ਼ਿਦਾਬਾਦ ਦੇ ਇਕ ਰੇਲਵੇ ਸਟੇਸ਼ਨ ਨੂੰ ਨਾਗਰਿਕਤਾ ਕਾਨੂੰਨ ਦਾ ਵਿਰੋਧ ਕਰ ਰਹੇ ਲੋਕਾਂ ਨੇ ਅੱਗ ਦੇ ਹਵਾਲੇ ਕਰ ਦਿੱਤਾ ਸੀ ਅਤੇ 5 ਖਾਲੀ ਟਰੇਨਾਂ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ ਸੀ। ਇਸ ਤੋਂ ਬਾਅਦ ਹੀ ਰੇਲ ਮੰਤਰੀ ਦਾ ਇਹ ਬਿਆਨ ਆਇਆ ਹੈ।
ਸੁਰੇਸ਼ ਅੰਗੜੀ ਨੇ ਕਿਹਾ ਕਿ ਜਦੋਂ ਪੱਛਮੀ ਬੰਗਾਲ ਅਤੇ ਉੱਤਰ-ਪੂਰਬੀ ਸੂਬਿਆਂ ਵਿਚ ਰੇਲਵੇ ਨੂੰ ਬਹੁਤ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਅਜਿਹੀਆਂ ਹਿੰਸਕ ਗਤੀਵੀਧੀਆਂ ਨੂੰ ਮਾਫ ਨਹੀਂ ਕੀਤਾ ਜਾ ਸਕਦਾ ਹੈ। ਉਹਨਾਂ ਨੇ ਕਿਹਾ ਕਿ, ‘ਰੇਲਵੇ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਸਵੱਛਤਾ ਨੂੰ ਯਕੀਨੀ ਕਰਨ ਲਈ ਦਿਨ-ਰਾਤ 13 ਲੱਖ ਕਰਮਚਾਰੀ ਕੰਮ ਕਰਦੇ ਹਨ ਪਰ ਕੁਝ ਵਿਰੋਧੀ ਲੋਕ ਸਮਾਜ ਵਿਚ ਸਮੱਸਿਆਵਾਂ ਪੈਦਾ ਕਰ ਰਹੇ ਹਨ’।
ਕੇਂਦਰੀ ਮੰਤਰੀ ਨੇ ਦਾਅਵਾ ਕੀਤਾ ਕਿ ਵਿਰੋਧੀ ਧਿਰਾਂ ਨਾਗਰਿਕਤਾ ਕਾਨੂੰਨ ਦੇ ਵਿਰੋਧ ਵਿਚ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਹਨ। ਹਾਲਾਂਕਿ ਇਹ ਮੁਸਲਮਾਨਾਂ ਸਮੇਤ ਦੇਸ਼ ਦੇ ਨਾਗਰਿਕਾਂ ਲਈ ਕੋਈ ਖਤਰਾ ਨਹੀਂ ਹੈ। ਉਹਨਾਂ ਨੇ ਕਿਹਾ, ‘ਅਸੀਂ ਸਿਰਫ ਅਫਗਾਨਿਸਤਾਨ, ਪਾਕਿਸਤਾਨ ਅਤੇ ਬੰਗਲਾਦੇਸ਼ ਵਿਚ ਘੱਟ ਗਿਣਤੀ ਭਾਈਚਾਰੇ ਦੇ ਰਿਫਿਊਜੀਆਂ ਨੂੰ ਭਾਰਤ ਵਿਚ ਰਹਿਣ ਦਾ ਅਧਿਕਾਰ ਦੇ ਰਹੇ ਹਾਂ ਅਤੇ ਸਥਾਨਕ ਘੱਟ ਗਿਣਤੀ ਪ੍ਰਭਾਵਿਤ ਨਹੀਂ ਹੋਣਗੇ।