ਖੇਤੀ ਕਾਨੂੰਨ : ਕਿਸਾਨ ਜਥੇਬੰਦੀਆਂ ਦਾ ਵੱਡਾ ਐਲਾਨ, ਸੰਘਰਸ਼ ਨੂੰ ਕੀਤਾ ਜਾਵੇਗਾ ਹੋਰ ਤੇਜ਼

ਏਜੰਸੀ

ਖ਼ਬਰਾਂ, ਰਾਸ਼ਟਰੀ

ਆੜ੍ਹਤੀਆਂ ਅਤੇ ਗਾਇਕਾ ਖਿਲਾਫ ਕਾਰਵਾਈ ਦੀ ਸਖਤ ਸ਼ਬਦਾਂ ਵਿਚ ਨਿਖੇਧੀ

Farmers Unions

ਨਵੀਂ ਦਿੱਲੀ: ਖੇਤੀ ਕਾਨੂੰਨਾਂ ਦੀ ਮੰਗ ਨੂੰ ਲੈ ਕੇ ਦਿੱਲੀ ਦੀਆਂ ਬਰੂਹਾਂ ਤੇ ਡਟੀਆਂ ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਨੂੰ ਘੇਰਨ ਲਈ ਲਾਮਬੰਦੀ ਨੂੰ ਹੋਰ ਪੁਖਤਾ ਕਰਦਿਆਂ ਨਵੇਂ ਕਦਮਾਂ ਦਾ ਐਲਾਨ ਕੀਤਾ ਹੈ। ਅੱਜ ਸ਼ਾਮ ਨੂੰ ਹੋਈ ਇਕ ਪ੍ਰੈਸ ਕਾਨਫਰੰਸ 'ਚ ਕਿਸਾਨ ਨੇਤਾਵਾਂ ਨੇ ਦੱਸਿਆ ਕਿ ਕੱਲ੍ਹ ਤੋਂ ਦੇਸ਼ ਭਰ 'ਚ ਸਾਰੇ ਮੋਰਚਿਆਂ 'ਤੇ ਜਿਹੜੀਆਂ ਵੀ ਕਿਸਾਨ ਧਰਨੇ ’ਤੇ ਬੈਠੇ ਹਨ, ਉਥੇ 11-11 ਮੈਂਬਰੀ ਟੀਮਾਂ ਨਿਰੰਤਰ ਭੁੱਖ ਹੜਤਾਲ ਸ਼ੁਰੂ ਕਰਨਗੀਆਂ।

ਇਸੇ ਤਰੀਕੇ 25 ਤਾਰੀਕ ਨੂੰ ਹਰਿਆਣਾ ਦੇ ਸਾਰੇ ਟੋਲ ਪਲਾਜ਼ਾ ਫਰੀ ਕੀਤੇ ਜਾਣਗੇ। 23 ਦਸੰਬਰ ਕਿਸਾਨ ਦਿਵਸ ਦੇ ਰੂਪ 'ਚ ਮਨਾਇਆ ਜਾਏਗਾ ਅਤੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਦੁਪਹਿਰ ਦੇ ਟਾਇਮ ਦਾ ਖਾਣਾ ਤਿਆਗ ਕੇ ਕਿਸਾਨ ਅੰਦੋਲਨ ਨੂੰ  ਸਮਰਥਨ ਦੇਣ।

ਇਸੇ ਤਰੀਕੇ 26 ਅਤੇ 27 ਦਸੰਬਰ ਨੁੰ ਦੇਸ਼ ਭਰ 'ਚ ਕਿਸਾਨ ਜਥੇਬੰਦੀਆਂ ਐਨ ਡੀ ਏ ਦੇ ਭਾਈਵਾਲਾਂ ਦੇ ਆਗੂਆਂ ਦੇ ਘਰਾਂ ਨੁੰ ਘੇਰਨਗੀਆਂ ਅਤੇ ਉਹਨਾਂ ਨੁੰ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਜਾਵੇਗੀ ਕਿ ਉਹ ਕੇਂਦਰ ਸਰਕਾਰ ਤੋਂ ਇਹ ਕਾਲੇ ਕਾਨੂੰਨ ਰੱਦ ਕਰਵਾਉਣ। ਕਿਸਾਨਾਂ ਨੇ ਕੇਂਦਰ ਸਰਕਾਰ ਵੱਲੋਂ ਆੜ੍ਹਤੀਆਂ ਅਤੇ ਗਾਇਕਾਂ ਦੇ ਘਰਾਂ ’ਤੇ ਇਨਕਮ ਟੈਕਸ ਰਾਹੀਂ ਛਾਪੇ ਮਰਵਾ ਕੇ ਦਬਾਅ ਬਣਾਉਣ ਦੇ ਯਤਨਾਂ ਦੀ ਜ਼ੋਰਦਾਰ ਨਿਖੇਧੀ ਕੀਤੀ।

ਕਾਬਲੇਗੌਰ ਹੈ ਕਿ ਕਿਸਾਨ ਜਥੇਬੰਦੀਆਂ ਦੀ ਲਾਮਬੰਦੀ ਤੋਂ ਨਰਾਜ਼ ਕੇਂਦਰ ਸਰਕਾਰ ਘੋਲ ਨੂੰ ਮੱਠਾ ਪਾਉਣ ਲਈ ਅਨੇਕਾ ਉਪਰਾਲੇ ਕਰ ਰਹੀ ਹੈ ਪਰ ਹਰ ਕਦਮ ਬੇਅਸਰ ਸਾਬਤ ਹੋ ਰਿਹਾ ਹੈ। ਕਿਸਾਨਾਂ ਨੂੰ ਹਰ ਵਰਗ ਦਾ ਸਾਥ ਹਾਸਲ ਹੈ। ਸਰਕਾਰ ਨੇ ਹੁਣ ਆੜ੍ਹਤੀਆਂ ਸਮੇਤ ਕਲਾਕਾਰਾਂ ਨੂੰ ਇਨਕਮ ਟੈਕਸ ਵਿਭਾਗ ਜ਼ਰੀਏ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿਤਾ ਹੈ, ਜਿਸ ਤੋਂ ਸੰਘਰਸ਼ੀ ਧਿਰਾਂ ਖਫਾ ਹਨ। ਸਰਕਾਰ ਦੇ ਇਨ੍ਹ੍ਵਾਂ ਕਦਮਾਂ ਖਿਲਾਫ ਵੀ ਸੰਘਰਸ਼ੀ ਧਿਰਾਂ ਨੇ ਲਾਮਬੰਦੀ ਸ਼ੁਰੂ ਕਰ ਦਿਤੀ ਹੈ ਜਿਸ ਤੋਂ ਬਾਅਦ ਸਰਕਾਰ ਅਤੇ ਸੰਘਰਸ਼ੀ ਧਿਰਾਂ ਵਿਚਾਲੇ ਖਿੱਚੋਤਾਣ ਹੋਰ ਵਧਣ ਦੇ ਆਸਾਰ ਬਣਦੇ ਜਾ ਰਹੇ ਹਨ।