ਇਸ ਸਾਲ Data Science ਖੇਤਰ 'ਚ ਪੈਦਾ ਹੋਣਗੀਆਂ 1.5 ਲੱਖ ਨੌਕਰੀਆਂ, ਸਾਹਮਣੇ ਆਈ ਰਿਪੋਰਟ
ਸਾਲ 2020 ਵਿਚ ਭਾਰਤ ‘ਚ ਡਾਟਾ ਸਾਇੰਸ ਦੇ ਖੇਤਰ ਵਿਚ 1.5 ਲੱਖ ਤੋਂ ਜ਼ਿਆਦਾ ਨੌਕਰੀਆਂ ਪੈਦਾ ਹੋਣਗੀਆਂ।
ਨਵੀਂ ਦਿੱਲੀ: ਸਾਲ 2020 ਵਿਚ ਭਾਰਤ ‘ਚ ਡਾਟਾ ਸਾਇੰਸ ਦੇ ਖੇਤਰ ਵਿਚ 1.5 ਲੱਖ ਤੋਂ ਜ਼ਿਆਦਾ ਨੌਕਰੀਆਂ ਪੈਦਾ ਹੋਣਗੀਆਂ। ਇਹ ਨੌਕਰੀਆਂ ਪਿਛਲੇ ਸਾਲ ਦੇ ਮੁਕਾਬਲੇ 62 ਫੀਸਦੀ ਜ਼ਿਆਦਾ ਹੋਣਗੀਆਂ। ਇਹ ਜਾਣਕਾਰੀ ਹੈਦਰਾਬਾਦ ਦੀ ਇਕ ਐਡਟੈੱਕ ਫਰਮ ਵੱਲੋਂ ਤਿਆਰ ਕੀਤੀ ਗਈ ਰਿਪੋਰਟ ਵਿਚ ਸਾਹਮਣੇ ਆਈ ਹੈ।
ਪੰਜ ਸਾਲ ਤੋਂ ਘੱਟ ਤਜ਼ੁਰਬੇ ਵਾਲਿਆਂ ਨੂੰ ਹੋਵੇਗਾ ਫਾਇਦਾ
ਡਾਟਾ ਸਾਇੰਸ ਵਿਚ ਕੰਮ ਕਰ ਰਹੇ ਪ੍ਰੋਫੈਸ਼ਨਲਸ ‘ਤੇ ਕੀਤੇ ਗਏ ਸਰਵੇਖਣ ਦੇ ਅਧਾਰ ‘ਤੇ ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਸਾਲ ਪੈਦਾ ਹੋਣ ਵਾਲੀਆਂ ਨੌਕਰੀਆਂ ਵਿਚ ਜ਼ਿਆਦਾਤਰ ਨੌਕਰੀਆਂ ਪੰਜ ਸਾਲ ਤੋਂ ਘੱਟ ਤਜ਼ੁਰਬੇ ਵਾਲੇ ਬਿਨੈਕਾਰਾਂ ਲਈ ਹੋਣਗੀਆਂ।
ਫਰਮ ਦੀ ਰਿਪੋਰਟ ਵਿਚ ਸਰਵੇਖਣ ਦੇ ਅਧਾਰ ‘ਤੇ ਕਿਹਾ ਗਿਆ ਹੈ ਕਿ ਯੋਗ ਉਮੀਦਵਾਰ ਨਾ ਮਿਲਣ ਕਾਰਨ ਵਿਸ਼ਲੇਸ਼ਣ ਅਤੇ ਡਾਟਾ ਖੇਤਰ ਵਿਚ 2019 ‘ਚ 97 ਹਜ਼ਾਰ ਤੋਂ ਜ਼ਿਆਦਾ ਨੌਕਰੀਆਂ ਖਾਲੀ ਰਹਿ ਗਈਆਂ ਸਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਸਾਲ ਬੀਐਫਐਸਆਈ, ਐਨਰਜੀ, ਫਾਰਮਾ ਐਂਡ ਹੈਲਥਕੇਅਰ ਅਤੇ ਈ-ਕਾਮਰਸ ਸੈਕਟਰ ਵਿਚ ਜ਼ਿਆਦਾ ਨੌਕਰੀਆਂ ਪੈਦਾ ਹੋਣਗੀਆਂ।
ਡਾਟਾ ਸਾਇੰਸ ਵਿਚ ਮਿਲਣ ਵਾਲੀ ਸਲਾਨਾ ਤਨਖਾਹ
ਡਾਟਾ ਸਾਇੰਸ ਖੇਤਰ ਵਿਚ ਕੰਮ ਕਰਨ ਵਾਲਿਆਂ ਵਿਚ ਬੀਐਫਐਸਆਈ ਸੈਕਟਰ ਵਾਲਿਆਂ ਨੂੰ ਸਲਾਨਾ ਤਨਖਾਹ 13.56 ਲੱਖ ਰੁਪਏ ਮਿਲੇਗੀ। ਨਿਰਮਾਣ ਖੇਤਰ ਵਿਚ ਕੰਮ ਕਰਨ ਵਾਲਿਆਂ ਦੀ ਸਲਾਨਾ ਤਨਖ਼ਾਹ 11.8 ਲੱਖ ਰੁਪਏ ਹੋਵੇਗੀ।
ਹੈਲਥਕੇਅਰ ਖੇਤਰ ਵਿਚ ਕੰਮ ਕਰਨ ਵਾਲਿਆਂ ਨੂੰ ਵੀ 11.8 ਲੱਖ ਰੁਪਏ ਸਲਾਨਾ ਤਨਖ਼ਾਹ ਮਿਲੇਗੀ। ਆਈਟੀ ਸੈਕਟਰ ਵਿਚ ਕੰਮ ਕਰਨ ਵਾਲਿਆਂ ਨੂੰ 10.06 ਲੱਖ ਰੁਪਏ ਸਲਾਨਾ ਤਨਖ਼ਾਹ ਮਿਲੇਗੀ। ਇਸ ਦੇ ਨਾਲ ਹੀ ਈ-ਕਾਮਰਸ ਸੈਕਟਰ ਵਿਚ ਕੰਮ ਕਰਨ ਵਾਲਿਆਂ ਨੂੰ ਸਲਾਨਾ 10 ਲੱਖ ਤਨਖ਼ਾਹ ਮਿਲੇਗੀ।