ਮੁੱਖ ਮੰਤਰੀ ਦੇ 6 ਵਿਧਾਇਕ ਸਲਾਹਕਾਰਾਂ ਦੀ ਨਿਯੁਕਤੀ ਦਾ ਮਾਮਲਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਜਪਾਲ ਨੇ 13 ਇਤਰਾਜ਼ ਉਠਾਏ, ਫ਼ਾਈਲ ਠੰਢੇ ਬਸਤੇ 'ਚ

File Photo

ਚੰਡੀਗੜ੍ਹ (ਜੀ.ਸੀ.ਭਾਰਦਵਾਜ) :  ਤਿੰਨ ਸਾਲ ਪੁਰਾਣੀ ਕਾਂਗਰਸ ਸਰਕਾਰ ਦੇ ਕੁਲ 117 ਵਿਧਾਇਕਾਂ ਵਾਲੀ ਵਿਧਾਨ ਸਭਾ ਵਿਚ ਦੋ ਤਿਹਾਈ ਬਹੁਮਤ ਤੋਂ ਵਾਧੂ ਵਿਧਾਇਕ ਹੋਣ ਦੇ ਬਾਵਜੂਦ ਵੀ ਇਸ ਦੇ ਮਜ਼ਬੂਤ ਤੇ ਸੂਝਵਾਨ ਮੁੱਖ ਮੰਤਰੀ ਦੀ ਕਾਰਜਸ਼ੈਲੀ 'ਤੇ ਆਏ ਦਿਨ ਕਿੰਤੂ ਪ੍ਰੰਤੂ ਹੁੰਦੇ ਰਹਿੰਦੇ ਹਨ ਅਤੇ ਵਿਸ਼ੇਸ਼ ਕਰ ਇਸ ਪਾਰਟੀ ਦੇ ਅਪਣੇ ਹੀ ਲੋਕ ਨੁਮਾਇੰਦੇ ਸੱਤਾ ਦੀ ਭੁੱਖ ਪੂਰੀ ਕਰਨ ਲਈ ਹਾਈਕਮਾਂਡ ਕੋਲ ਜ਼ੁਬਾਨੀ ਤੇ ਲਿਖਤੀ ਸ਼ਿਕਾਇਤਾਂ ਕਰਦੇ ਥੱਕਦੇ ਨਹੀਂ।

ਛੇ ਮਹੀਨੇ ਪਹਿਲਾਂ ਜੁਲਾਈ-ਅਗਸਤ ਵਿਚ ਇਸ ਠੰਢੀ ਬਗ਼ਾਵਤ ਨੂੰ ਦਬਾਉਣ ਅਤੇ ਕੁੱਝ ਬੜਬੋਲੇ ਵਿਧਾਇਕਾਂ ਦਾ ਮੂੰਹ ਬੰਦ ਕਰਨ ਲਈ ਮੁੱਖ ਮੰਤਰੀ ਨੇ ਕਾਂਗਰਸ ਪ੍ਰਧਾਨ ਦੀ ਸਲਾਹ ਨਾਲ 6 ਵਿਧਾਇਕਾਂ ਅਮਰਿੰਦਰ ਰਾਜਾ ਵੜਿੰਗ, ਕੁਲਜੀਤ ਨਾਗਰਾ, ਇੰਦਰਬੀਰ ਬੋਲਾਰੀਆ, ਸੰਗਤ ਸਿੰਘ ਗਿਲਜੀਆ, ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਅਤੇ ਤਰਸੇਮ ਡੀ.ਸੀ. ਨੂੰ ਅਪਣੇ ਸਲਾਹਕਾਰ ਨਿਯੁਕਤ ਕਰ ਲਿਆ ਸੀ। ਇਨ੍ਹਾਂ ਵਿਚੋਂ ਪਹਿਲੇ 5 ਨੂੰ ਕੈਬਨਿਟ ਵਜ਼ੀਰ ਦਾ ਦਰਜਾ ਅਤੇ ਤਰਸੇਮ ਡੀ.ਸੀ. ਨੂੰ ਬਤੌਰ ਰਾਜ ਮੰਤਰੀ ਦਾ ਅਹੁਦਾ ਦਿਤਾ ਸੀ।

ਇਨ੍ਹਾਂ ਨਿਯੁਕਤੀਆਂ ਉਪਰੰਤ ਇਨ੍ਹਾਂ ਅਹੁਦਿਆਂ ਨੂੰ 'ਆਫ਼ਿਸ ਆਫ਼ ਪਰੌਫਿਟ' ਯਾਨੀ 'ਲਾਭ ਵਾਲੀਆਂ ਪੋਸਟਾਂ' ਤੋਂ ਬਾਹਰ ਰੱਖਣ ਲਈ ਅਤੇ ਕਾਨੂੰਨੀ ਤੌਰ 'ਤੇ ਸਹੀ ਕਰਾਰ ਦੇਣ ਵਾਸਤੇ ਵਿਧਾਨ ਸਭਾ ਸੈਸ਼ਨ ਵਿਚ ਇਕ ਬਿਲ ਵੀ ਪਾਸ ਕੀਤਾ ਸੀ ਜੋ ਰਾਜਪਾਲ ਦੇ ਦਸਤਖ਼ਤਾਂ ਵਾਸਤੇ ਖ਼ੁਦ ਮੁੱਖ ਮੰਤਰੀ ਰਾਜ ਭਵਨ ਪਹੁੰਚੇ ਸਨ। ਇਕ ਮਹੀਨੇ ਬਾਅਦ ਰਾਜਪਾਲ ਨੇ 13 ਲਿਖਤੀ ਇਤਰਾਜ਼ ਉਠਾਏ ਅਤੇ ਸਰਕਾਰ ਤੋਂ ਜਵਾਬ ਮੰਗਿਆ।

ਇਨ੍ਹਾਂ ਇਤਰਾਜ਼ਾਂ ਵਿਚ ਹੁਰ ਨੁਕਤਿਆਂ ਤੋਂ ਇਲਾਵਾ ਵਿੱਤੀ ਹਾਲਤ, ਤਨਖ਼ਾਹ ਭੱਤੇ, ਸਟਾਫ਼, ਕਮਰੇ ਤੇ ਹੋਰ ਸਹੂਲਤਾਂ, ਵਿਧਾਇਕਾਂ ਨੂੰ ਮੰਤਰੀ ਬਰਾਬਰ ਅਹੁਦੇ ਕਿਉਂ ਆਦਿ ਵੀ ਸ਼ਾਮਲ ਸਨ। ਸਰਕਾਰ ਦੇ ਉਚ ਪਧਰੀ ਸੂਤਰਾਂ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਰਾਜਪਾਲ ਵਲੋਂ ਬਿਲ 'ਤੇ ਲਾਏ 13 ਇਤਰਾਜ਼ਾਂ ਵਾਲੀ ਫ਼ਾਈਲ ਠੰਢੇ ਤੇ ਧੂੜ ਵਾਲੇ ਬਸਤੇ ਵਿਚ ਪਾ ਦਿਤੀ ਹੈ ਅਤੇ ਕੋਈ ਜਵਾਬ ਨਹੀਂ ਭੇਜਿਆ ਜਾਵੇਗਾ ਯਾਨੀ ਸਰਕਾਰ ਤੇ ਖ਼ੁਦ ਮੁੱਖ ਮੰਤਰੀ ਨਹੀਂ ਚਾਹੁੰਦੇ ਕਿ ਇਸ ਬਿਲ 'ਤੇ ਰਾਜਪਾਲ ਅਪਣੀ ਸਹੀ ਪਾਉਣ।

 ਸਿਵਲ ਸਕੱਤਰੇਤ ਦੇ ਗਲਿਆਰਿਆਂ ਵਿਚ ਰੌਲਾ ਪਿਆ ਸੀ ਕਿ ਨਿਯੁਕਤ ਕੀਤੇ ਸਲਾਹਕਾਰ ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਜੋ ਰਾਹੁਲ ਗਾਂਧੀ ਦੇ ਨੇੜਲੇ ਨੇਤਾਵਾਂ ਵਿਚੋਂ ਹਨ, ਨੇ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਹੈ। ਇਹ ਡਰਾਮਾ ਉਨ੍ਹਾਂ ਨੇ 2 ਮਹੀਨੇ ਪਹਿਲਾਂ ਵੀ ਕੀਤਾ ਸੀ। ਪੰਜਾਬ ਸਰਕਾਰ ਦੇ ਸਿਵਲ ਸਕੱਤਰੇਤ ਦੀ ਤੀਜੀ, ਚੌਥੀ ਤੇ ਸੱਤਵੀਂ ਮੰਜ਼ਲ 'ਤੇ ਇਨ੍ਹਾਂ 6 ਸਲਾਹਕਾਰਾਂ ਲਈ ਮੰਤਰੀਆਂ ਵਾਲੇ ਕਮਰੇ ਵੀ ਤਿਆਰ ਕੀਤੇ ਜਾ ਚੁਕੇ ਹਨ, ਇਨ੍ਹਾਂ ਲਈ ਸਰਕਾਰੀ ਸਟਾਫ਼, ਸੇਵਾਦਾਰ, ਕਲਰਕ, ਪੀ.ਏ. ਆਦਿ ਸੱਭ ਤੈਨਾਤ ਹੋ ਚੁਕਾ ਹੈ, ਪਰ ਫ਼ੋਕੀ ਨਿਯੁਕਤੀ ਤੋਂ ਮਾਯੂਸ ਹੋਏ ਇਨ੍ਹਾਂ 6 ਵਿਧਾਇਕਾਂ ਨੇ ਖ਼ਾਲੀ ਹਾਰ ਪੁਆਉਣ ਦੀ ਉਡੀਕ ਲਾਈ ਹੋਈ ਸੀ, ਉਹ ਵੀ ਹੁਣ ਖ਼ਤਮ ਹੋ ਗਈ।

ਇਕ ਹੋਰ ਦਿਲਚਸਪ ਤੇ ਹੈਰਾਨੀ ਵਾਲੀ ਗੱਲ ਇਹ ਵੀ ਹੈ ਕਿ ਆਪੋ ਅਪਣੇ ਇਲਾਕਿਆਂ ਗਿੱਦੜਬਾਹਾ, ਫ਼ਤਿਹਗੜ੍ਹ ਸਾਹਿਬ, ਅੰਮ੍ਰਿਤਸਰ, ਟਾਂਡਾ, ਫ਼ਰੀਦਕੋਟ ਤੇ ਬੁਢਲਾਡਾ ਵਿਚ ਲੋਕਾਂ ਵਲੋਂ ਜਾਣੇ ਜਾਂਦੇ ਇਨ੍ਹਾਂ ਸਲਾਹਕਾਰਾਂ ਨੇ ਬਤੌਰ ਮੰਤਰੀ, ਪਾਰਟੀਆਂ, ਫ਼ੰਕਸ਼ਨ ਬਗ਼ੈਰਾ ਵੀ ਅਟੈਂਡ ਕਰ ਲਏ ਅਤੇ ਕਈ ਨੀਂਹ ਪੱਥਰਾਂ, ਉਦਘਾਟਨਾਂ ਅਤੇ ਸਕੀਮਾਂ ਸ਼ੁਰੂ ਕਰਨ ਵਾਲੇ ਬੋਰਡਾਂ 'ਤੇ ਇਨ੍ਹਾਂ ਦੇ ਨਾਮ ਵੀ ਉਕਰੇ ਹੋਏ ਹਨ। ਹੁਣ ਤਕ ਭਾਵੇਂ ਇਹ ਸਕੱਤਰੇਤ ਵਿਚ ਅਪਣੇ ਨਿਯਤ ਕਮਰਿਆਂ ਵਿਚ ਨਹੀਂ ਬੈਠੇ, ਉਡੀਕ ਵਿਚ ਕਈ ਮਹੀਨੇ ਲੰਘ ਗਏ ਕਿ ਮੁੱਖ ਮੰਤਰੀ ਇਨ੍ਹਾਂ ਨੂੰ ਆ ਕੇ ਬਿਠਾਏ, ਪਰ ਰਾਜਪਾਲ ਵਲੋਂ ਭੇਜੀ ਇਤਰਾਜ਼ਾਂ ਦੀ ਇਸ ਫ਼ਾਈਲ ਨੂੰ ਕਿਨਾਰੇ ਸੁੱਟਣ ਨਾਲ ਇਨ੍ਹਾਂ ਸਿਰਕੱਢ ਕਾਂਗਰਸੀ ਵਿਧਾਇਕਾਂ ਨੂੰ ਅਪਣਾ ਮੂੰਹ ਛੁਪਾਉਣਾ ਔਖਾ ਜਿਹਾ ਜਾਪਣ ਲੱਗ ਪਿਆ ਹੈ।