ਨਵਾਂ ਨੌਂ ਦਿਨ ਪੁਰਾਣਾ...! ਸ਼ਿਮਲਾ-ਕਾਲਕਾ ਰੇਲ ਮਾਰਗ 'ਤੇ ਮੁੜ ਦੌੜਿਆ ਸਦੀ ਪੁਰਾਣਾ 'ਸਟੀਮ ਇੰਜਣ'!

ਏਜੰਸੀ

ਖ਼ਬਰਾਂ, ਰਾਸ਼ਟਰੀ

ਇੰਜਨ ਵਿਚੋਂ ਨਿਕਲੀ ਛੁਕ-ਛੁਕ ਦੀ ਆਵਾਜ਼ ਨੇ ਵਧਾਈ ਯਾਤਰੀਆਂ ਦੀ ਉਤਸੁਕਤਾ

file photo

ਕਾਲਕਾ : ਕਾਲਕਾ-ਸ਼ਿਮਲਾ ਹੈਰੀਟੇਜ ਰੇਲ ਟਰੈਕ 'ਤੇ ਉਸ ਸਮੇਂ ਇਤਿਹਾਸ ਦਾ ਪਹੀਆ ਪਿੱਛੇ ਮੁੜਦਾ ਪ੍ਰਤੀਤ ਹੋਇਆ ਜਦੋਂ ਇੱਥੇ 114 ਸਾਲ ਪੁਰਾਣੇ ਭਾਫ ਇੰਜਨ ਵਿਚੋਂ ਨਿਕਲੀ ਛੁਕ-ਛੁਕ ਦੀ ਮਾਧੁਰ ਆਵਾਜ਼ ਵਾਤਾਵਰਣ ਅੰਦਰ ਫ਼ੈਲੀ। ਨਜ਼ਾਰਾ ਉਦੋਂ ਹੋਰ ਵੀ ਦਿਲਕਸ਼ ਹੋਰ ਨਿਬੜਿਆ ਜਦੋਂ 114 ਸਾਲ ਪੁਰਾਣਾ ਇਹ ਇੰਜਨ ਦੇਵਦਾਰ ਦੇ ਹਰੇ-ਭਰੇ ਦਰੱਖ਼ਤਾਂ ਵਿਚਕਾਰ ਬੋਗੀਆਂ ਖਿੱਚਦਾ ਨਜ਼ਰ ਆਇਆ।

ਵਿਦੇਸ਼ੀ ਮਹਿਮਾਨਾਂ ਵਲੋਂ ਇਸ ਇੰਜਨ ਦੇ ਸਫ਼ਰ ਦਾ ਆਨੰਦ ਉਠਾਇਆ ਜਾ ਰਿਹਾ ਸੀ। ਜੋ ਕਿਸੇ ਸਮੇਂ ਅੰਗਰੇਜ਼ਾਂ ਵਲੋਂ ਸ਼ੁਰੂ ਕੀਤੀ ਗਈ ਇਸ ਟਰੇਨ ਦੇ ਇਤਿਹਾਸ ਦੀ ਯਾਦ ਤਾਜ਼ਾ ਕਰ ਰਿਹਾ ਸੀ। ਧੂੰਏ ਦੇ ਗੁਬਾਰ ਛੱਡਦਾ ਇਹ ਇੰਜਨ ਅਪਣੀ ਮੰਜ਼ਲ ਵੱਲ ਵੱਧਦਾ ਰਿਹਾ ਜਿਸ ਦੌਰਾਨ ਇਸ ਵਿਚ ਸਵਾਰ ਯਾਤਰੀ ਵੀ ਅਪਣੀ ਉਤਸੁਕਤਾ ਦਾ ਪ੍ਰਗਟਾਵਾ ਕਰਦੇ ਵੇਖੇ ਗਏ।

ਕਾਬਲੇਗੌਰ ਹੈ ਕਿ ਕਾਲਕਾ-ਰੇਲਵੇ ਮਾਰਗ 100 ਸਾਲ ਤੋਂ ਵੀ ਪੁਰਾਣਾ ਰਸਤਾ ਹੈ।  ਇਸ ਮਾਰਗ ਨੂੰ ਯੂਨੈਸਕੋ ਵਲੋਂ ਸਾਲ 2008 'ਚ ਤੀਜੀ ਰੇਲ ਲਾਈਨ ਦੇ ਰੂਪ ਵਿਚ ਵਰਲਡ ਹੈਰੀਟੇਜ ਸਾਈਟ ਵਿਚ ਸ਼ਾਮਲ ਕੀਤਾ ਗਿਆ ਸੀ। ਇਸ ਸਟੀਮ ਇੰਜਨ ਦਾ ਭਾਰ 41 ਟਨ ਹੈ ਜੋ ਕਿ 80 ਟਨ ਤਕ ਭਾਰ ਖਿੱਚਣ ਦੇ ਸਮਰੱਥ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਟੇਸ਼ਨ ਮਾਸਟਰ ਪ੍ਰਿੰਸ ਸੇਠੀ ਨੇ ਦਸਿਆ ਕਿ ਇੰਸ ਇੰਜਨ ਨਾਲ 14-14 ਸੀਟਾਂ ਦੇ ਦੋ ਕੋਚ ਲਾ ਕੇ ਸ਼ਿਮਲਾ ਰੇਲਵੇ ਸਟੇਸ਼ਨ ਤੋਂ ਭੇਜਿਆ ਗਿਆ ਸੀ। ਪਹਿਲੀ ਰੇਲ ਗੱਡੀ 9 ਨਵੰਬਰ, 1903 ਨੂੰ ਸ਼ਿਮਲਾ ਪਹੁੰਚੀ ਸੀ। ਇਹ ਭਾਫ ਇੰਜਨ ਪਹਿਲੀ ਵਾਰ ਕਾਲਕਾ-ਕੈਥਲੀਘਾਟ ਦੇ ਵਿਚਕਾਰ 1905 ਵਿਚ ਚਲਾਇਆ ਗਿਆ ਸੀ। ਇਹ ਭਾਫ ਇੰਜਨ ਸਾਲ 1970 ਤਕ ਇਸ ਟਰੈਕ 'ਤੇ ਦੌੜਦੇ ਰਹੇ ਹਨ।

ਉੱਤਰੀ ਰੇਲਵੇ ਵਲੋਂ ਵਿਰਾਸਤ ਦੇ ਤੌਰ 'ਤੇ ਅਜੇ ਤਕ ਕੁੱਝ ਭਾਵ ਇੰਜਨਾਂ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ। ਦੱਸਣਯੋਗ ਹੈ ਕਿ ਕਾਲਕਾ ਤੋਂ ਸ਼ਿਮਲੇ ਤਕ ਦੀ ਇਹ ਰੇਲਵੇ ਲਾਈਨ ਅਪਣੀ ਖ਼ੂਬਸੂਰਤੀ ਕਾਰਨ ਦੁਨੀਆਂ ਭਰ 'ਚ ਪ੍ਰਸਿੱਧ ਹੈ। ਸੁੰਦਰ ਵਾਦੀਆਂ ਵਿਚੋਂ ਦੀ ਹੁੰਦੀ ਹੋਈ ਲੰਘਦੀ ਇਹ ਰੇਲਵੇ ਲਾਈਨ ਦੇ 96 ਕਿਲੋਮੀਟਰ ਲੰਮੇ ਰਸਤੇ 'ਚ 102 ਸੁਰੰਗਾਂ  ਅਤੇ 800 ਛੋਟੇ ਪੁਲ ਆਉਂਦੇ ਹਨ ਜੋ ਇਸ ਦੀ ਖ਼ੂਬਸੂਰਤੀ ਨੂੰ ਹੋਰ ਵੀ ਚਾਰ ਚੰਨ ਲਾਉਂਦੇ ਪ੍ਰਤੀਤ ਹੁੰਦੇ ਹਨ।