136 ਕਰੋੜ ਖ਼ਰਚ ਕੇ ਕੌਮਾਂਤਰੀ ਪੱਧਰ ਦਾ ਬਣੇਗਾ ਚੰਡੀਗੜ੍ਹ ਰੇਲਵੇ ਸਟੇਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪ੍ਰਧਾਨ ਮੰਤਰੀ ਦੀ ਪਹਿਲੇ 'ਤੇ ਸਲਾਹਕਾਰ ਨੇ ਕੀਤੀ ਮੀਟਿੰਗ,ਟੈਂਡਰ ਅਲਾਟੀ, 31 ਦਸੰਬਰ ਤਕ ਨੇਪਰੇ ਚੜ੍ਹਾਉਣ ਦਾ ਮਿਥਿਆ ਟੀਚਾ

File Photo

ਚੰਡੀਗੜ੍ਹ : ਪਿਛਲੇ 10 ਵਰ੍ਹਿਆਂ ਤੋਂ ਅੱਧਵਾਟੇ ਹੀ ਲਟਕਦਾ ਆ ਰਿਹਾ ਚੰਡੀਗੜ੍ਹ ਰੇਲਵੇ ਸਟੇਸ਼ਨ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਅਗਲੇ ਮਹੀਨੇ ਮਾਰਚ ਤੋਂ ਕੌਮਾਂਤਰੀ ਪੱਧਰ ਦੀਆਂ ਆਧੁਨਿਕ ਸਹੂਲਤਾਂ ਮੁਹਈਆਂ ਕਰਵਾਉਣ ਲਈ 136 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣਾ ਸ਼ੁਰੂ ਹੋਵੇਗਾ।

ਇਸ ਸਬੰਧੀ ਫ਼ੈਸਲਾ ਰੇਲਵੇ ਬੋਰਡ ਦੇ ਅਧਿਕਾਰੀਆਂ ਅਤੇ ਯੂ.ਟੀ. ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰਿੰਦਾ ਦੀ ਅਗਵਾਈ ਵਿਚ ਸਿਵਲ ਸਕੱਤਰੇਤ ਸੈਕਟਰ-9 ਵਿਚ ਹੋਈ ਉੱਚ ਅਧਿਕਾਰੀਆਂ ਦੀ ਮੀਟਿੰਗ ਵਿਚ ਲਿਆ ਗਿਆ। ਇਸ ਮੌਕੇ ਮਨੋਜ ਪਰਿੰਦਾ ਨੇ ਰੇਲਵੇ ਅਫ਼ਸਰਾਂ ਨੂੰ ਭਰੋਸਾ ਦਿਤਾ ਕਿ ਪ੍ਰਸ਼ਾਸਨ ਵਲੋਂ ਰੇਲਵੇ ਸਟੇਸ਼ਨ ਦੀ ਨਵ-ਉਸਾਰੀ ਲਈ ਬਿਜਲੀ, ਪਾਣੀ ਆਦਿ ਸਮੇਤ ਹੋਰ ਸਹੂਲਤਾਂ ਪ੍ਰਦਾਨ ਕਰੇਗਾ।

ਦੱਸਣਯੋਗ ਹੈ ਕਿ ਪਿਛਲੇ ਦੋ ਹਫ਼ਤੇ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੰਡੀਗੜ੍ਹ ਦੀ ਪਾਰਲੀਮੈਂਟ ਸੀਟ ਮੁੜ ਜਿੱਤਣ ਬਾਅਦ ਯੂ.ਟੀ. ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨਾਲ ਵੀਡੀਉ ਕਾਨਫ਼ਰੰਸ ਕਰਨ ਮੌਕੇ ਚੰਡੀਗੜ੍ਹ ਸ਼ਹਿਰ ਦੇ ਰੇਲਵੇ ਸਟੇਸ਼ਨ ਨੂੰ ਵਿਸ਼ਵ ਪੱਧਰ ਦਾ ਰੇਲਵੇ ਸਟੇਸ਼ਨ ਬਣਾਉਣ ਵਿਚ ਆ ਰਹੀਆਂ ਮੁਸ਼ਕਲਾਂ ਦੀ ਜਾਣਕਾਰੀ ਲਈ ਸੀ। ਮੌਜੂਦਾ ਸੰਸਦ ਮੈਂਬਰ ਕਿਰਨ ਖੇਰ ਵਲੋਂ ਵੀ ਪਹਿਲੀ ਵਾਰੀ 2014 ਵਿਚ ਸ਼ਹਿਰ ਵਾਸੀਆਂ ਨੂੰ ਕੌਮਾਂਤਰੀ ਏਅਰਪੋਰਟ ਤੇ ਰੇਲਵੇ ਸਟੇਸ਼ਨ ਬਣਾ ਕੇ ਦੇਣ ਦਾ ਚੋਣ ਵਾਅਦਾ ਵੀ ਕੀਤਾ ਸੀ ਪਰ ਅਸਫ਼ਲ ਰਹੀ ਸੀ।

ਦੂਜੇ ਪਾਸੇ ਭਾਜਪਾ ਦੇ ਸਿਆਸੀ ਵਿਰੋਧੀ ਤੇ ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਨੇ ਵੀ ਇਸ ਸਟੇਸ਼ਨ ਦਾ ਮਿਆਰ ਕੌਮਾਂਤਰੀ ਪੱਧਰ ਦਾ ਬਣਾਉਣ ਅਤੇ ਚੰਡੀਗੜ੍ਹ ਸ਼ਹਿਰ ਨਾਲੋਂ ਰੇਲਾਂ ਦੀ ਕੁਨੈਕਟੀਵਿਟੀ ਵਧਾਉਣ ਲਈ ਜ਼ੋਰ ਦਿਤਾ ਸੀ। ਇਸ ਰੇਲਵੇ ਸਟੇਸ਼ਨ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਜਾ ਰਹੀ ਕੰਪਨੀ ਇੰਡੀਅਨ ਰੇਲਵੇ ਸਟੇਸ਼ਨ ਡਿਵੈਲਪਮੈਂਟ ਕਾਰਪੋਰੇਸ਼ਨ (ਆਈ.ਆਰ.ਐਸ.ਡੀ.ਸੀ.) ਦੇ ਪ੍ਰਬੰਧਕੀ ਡਾਇਰੈਕਟਰ ਨੇ ਪੱਤਰਕਾਰ ਸੰਮੇਲਨ 'ਚ ਦਸਿਆ ਕਿ ਚੰਡੀਗੜ੍ਹ ਰੇਲਵੇ ਨੂੰ ਕਮਰਸ਼ੀਅਲ ਪੱਧਰ ਤੇ ਸ਼ਾਪਿੰਗ ਮਾਲ, ਹੋਟਲ ਤੇ ਰੈਸਟੋਰੈਂਟ ਆਦਿ ਨਾਲ ਸਟੇਸ਼ਨ ਦਾ ਸਾਰਾ ਵਿਕਾਸ ਕੰਮ ਦਸੰਬਰ 2031 ਤਕ ਮੁਕੰਮਲ ਕਰ ਲਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਇਸ ਦੇ ਨਿਰਮਾਣ ਲਈ ਦੀਪਕ ਬਿਲਡਿੰਗਜ਼ ਕੰਪਨੀ ਨੂੰ ਸੌਂਪ ਦਿਤਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਰੇਲਵੇ ਮੰਤਰਾਲੇ ਵਲੋਂ 136 ਕਰੋੜ ਰੁਪਏ ਖ਼ਰਚਣ ਲਈ ਵਖਰਾ ਬਜਟ ਪਾਸ ਕੀਤਾ ਹੈ ਅਤੇ ਵਾਤਾਵਰਣ ਮੰਤਰਾਲੇ ਵਲੋਂ ਉਸਾਰੀ ਲਈ ਮੁਕੰਮਲ ਪ੍ਰਵਾਨਗੀ ਦੇ ਦਿਤੀ ਹੈ।