ਧਨਬਾਦ ਦੀ ਸਬਜ਼ੀ ਮੰਡੀ 'ਚ ਲੱਗੀ ਅੱਗ, 10 ਦੁਕਾਨਾਂ ਸੜ ਕੇ ਸੁਆਹ
ਪਿਛਲੇ 25 ਦਿਨਾਂ ਦੌਰਾਨ ਅੱਗ ਲੱਗਣ ਦੀ ਚੌਥੀ ਵੱਡੀ ਘਟਨਾ
ਧਨਬਾਦ - ਧਨਬਾਦ ਵਿਖੇ ਸਥਿਤ ਸਟੀਲ ਗੇਟ ਸਬਜ਼ੀ ਮੰਡੀ 'ਚ ਭਿਆਨਕ ਅੱਗ ਲੱਗਣ ਕਾਰਨ ਘੱਟੋ-ਘੱਟ 10 ਦੁਕਾਨਾਂ ਸੜ ਕੇ ਸੁਆਹ ਹੋ ਗਈਆਂ।
ਪਿਛਲੇ 25 ਦਿਨਾਂ ਦੌਰਾਨ ਧਨਬਾਦ ਵਿੱਚ ਅੱਗ ਲੱਗਣ ਦੀ ਇਹ ਚੌਥੀ ਵੱਡੀ ਘਟਨਾ ਹੈ। ਜ਼ਿਲ੍ਹਾ ਫ਼ਾਇਰ ਅਫ਼ਸਰ ਲਕਸ਼ਮਣ ਪ੍ਰਸਾਦ ਨੇ ਦੱਸਿਆ ਕਿ ਦੁਕਾਨਦਾਰਾਂ ਨੇ ਦੇਖਿਆ ਕਿ ਸੋਮਵਾਰ ਰਾਤ ਕਰੀਬ 11.10 ਵਜੇ ਅੱਗ ਲੱਗ ਗਈ ਸੀ। ਉਨ੍ਹਾਂ ਦੱਸਿਆ ਕਿ 10 ਦੁਕਾਨਾਂ ਸੜ ਕੇ ਸੁਆਹ ਹੋ ਗਈਆਂ ਹਨ, ਅਤੇ ਸ਼ੁਰੂਆਤੀ ਅਨੁਮਾਨ ਕਰੀਬ 10 ਲੱਖ ਰੁਪਏ ਦੇ ਨੁਕਸਾਨ ਦਾ ਹੈ।
ਪ੍ਰਸਾਦ ਨੇ ਦੱਸਿਆ ਕਿ ਅੱਗ 'ਤੇ ਕਾਬੂ ਪਾਉਣ ਲਈ ਫ਼ਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਭੇਜ ਕੇ ਦੋ ਘੰਟੇ 25 ਮਿੰਟ 'ਚ ਅੱਗ 'ਤੇ ਕਾਬੂ ਪਾਇਆ ਗਿਆ।
ਫ਼ਾਇਰ ਅਫ਼ਸਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਰਾਤ 11:20 'ਤੇ ਮੌਕੇ 'ਤੇ ਪਹੁੰਚੀ ਅਤੇ 1:45 'ਤੇ ਅੱਗ 'ਤੇ ਕਾਬੂ ਪਾਇਆ ਗਿਆ।
ਧਨਬਾਦ ਸਦਰ ਸੀਟ ਤੋਂ ਵਿਧਾਇਕ ਰਾਜ ਸਿਨਹਾ ਅਤੇ ਸਰਾਏਢੇਲਾ ਥਾਣੇ ਦੇ ਕਈ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਬਚਾਅ ਕਾਰਜ ਨੂੰ ਯਕੀਨੀ ਬਣਾਇਆ। ਪੁਲਿਸ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਅਤੇ ਜਾਂਚ ਜਾਰੀ ਹੈ।