60 ਫੁੱਟ ਡੂੰਘੇ ਬੋਰਵੈੱਲ 'ਚ ਡਿੱਗਾ 18 ਮਹੀਨਿਆਂ ਦਾ ਮਾਸੂਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਬਾਲਸਮੰਦ ਪਿੰਡ ਵਿਚ ਇਕ 18 ਮਹੀਨਿਆਂ ਦਾ ਬੱਚਾ 60 ਫੁੱਟ ਡੂੰਘੇ ਬੋਰਵੈੱਲ ਵਿਚ ਡਿੱਗ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

18 month old Najeeb fell in 60 feet bore well

ਹਿਸਾਰ: ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਬਾਲਸਮੰਦ ਪਿੰਡ ਵਿਚ ਇਕ 18 ਮਹੀਨਿਆਂ ਦਾ ਬੱਚਾ 60 ਫੁੱਟ ਡੂੰਘੇ ਬੋਰਵੈੱਲ ਵਿਚ ਡਿੱਗ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਘਟਨਾ ਬਾਲਸਮੰਦ ਪਿੰਡ ਨੇੜੇ ਖੇਤਾਂ ਦੀਆਂ ਢਾਣੀਆਂ ਨੇੜੇ ਉਸ ਸਮੇਂ ਵਾਪਰੀ ਜਦੋਂ ਉਹ ਬੱਚਾ ਆਪਣੇ ਨਾਲ ਦੇ ਹੋਰ ਬੱਚਿਆਂ ਨਾਲ ਖੇਡ ਰਿਹਾ ਸੀ। ਬੱਚੇ ਦੀ ਪਛਾਣ ਨਦੀਮ ਖ਼ਾਨ ਵਜੋਂ ਹੋਈ ਹੈ। 

ਬੱਚਿਆਂ ਵੱਲੋਂ ਰੌਲਾ ਪਾਉਣ 'ਤੇ ਮਾਂ ਨੇ ਜਾ ਕੇ ਦੇਖਿਆ ਤਾਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਘਟਨਾ ਬੀਤੀ ਸ਼ਾਮ ਦੀ ਹੈ ਅਤੇ ਉਦੋਂ ਤੋਂ ਬਚਾਅ ਕਾਰਜ ਸ਼ੁਰੂ ਕੀਤੇ ਜਾ ਚੁੱਕੇ ਹਨ। ਨਜੀਬ ਨੂੰ ਪਾਈਪ ਰਾਹੀਂ ਆਕਸੀਜਨ ਪਹੁੰਚਾਈ ਜਾ ਰਹੀ ਹੈ। ਕੌਮੀ ਆਫਤ ਪ੍ਰਬੰਧਨ ਟੀਮ ਦੇ ਮੈਂਬਰ ਰਾਤ ਨੂੰ ਹੀ ਪਹੁੰਚ ਗਏ ਸਨ ਅਤੇ ਸਵੇਰ ਹੁੰਦਿਆਂ ਹੀ ਫ਼ੌਜ ਵੀ ਪਹੁੰਚ ਗਈ।

ਕੁੱਲ 20 ਜਣਿਆਂ ਦੀ ਬਚਾਅ ਟੀਮ ਨਜੀਬ ਨੂੰ ਸੁਰੱਖਿਅਤ ਬੋਰਵੈੱਲ ਵਿੱਚੋਂ ਕੱਢਣ ਲਈ ਜੱਦੋ-ਜਹਿਦ ਕਰ ਰਹੀ ਹੈ। ਬਚਾਅ ਟੀਮ ਬੋਰਵੈੱਲ ਦੇ ਬਰਾਬਰ 70 ਫੁੱਟ ਦਾ ਟੋਆ ਪੁੱਟ ਰਹੀ ਹੈ, ਜਿਸ ਤੋਂ ਬੱਚੇ ਨੂੰ ਬਾਹਰ ਕੱਢਿਆ ਜਾਵੇਗਾ। ਅੱਠ ਜੇਸੀਬੀ ਮਸ਼ੀਨਾਂ ਅਤੇ ਪੰਜ ਟਰੈਕਟਰਾਂ ਨਾਲ ਇਸ ਕੰਮ ਨੂੰ ਨੇਪਰੇ ਚਾੜ੍ਹਿਆ ਜਾਵੇਗਾ। ਬੱਚੇ ਦੀਆਂ ਹਰਕਤਾਂ 'ਤੇ ਨਜ਼ਰ ਰੱਖਣ ਲਈ ਸੀਸੀਟੀਵੀ ਕੈਮਰਾ ਵੀ ਬੋਰਵੈੱਲ ਵਿਚ ਪਾਇਆ ਗਿਆ ਹੈ, ਜਿਸ ਨਾਲ ਡਾਕਟਰੀ ਟੀਮਾਂ ਨਜ਼ਰ ਰੱਖ ਰਹੀਆਂ ਹਨ। ਜ਼ਮੀਨ ਸਖ਼ਤ ਹੋਣ ਕਾਰਨ ਬਚਾਅ ਕਾਰਜਾਂ ਵਿਚ ਥੋੜ੍ਹੀ ਔਖ ਹੋ ਰਹੀ ਹੈ, ਪਰ ਅੱਜ ਰਾਤ ਤਕ ਰਾਹਤ ਕਾਰਜ ਪੂਰੇ ਹੋਣ ਦੀ ਆਸ ਹੈ।

ਦਸ ਦਈਏ ਕਿ ਇਸ ਤੋਂ ਪਹਿਲਾਂ 2006 ਵਿਚ ਹਰਿਆਣਾ ਦੇ ਕੁਰੂਕਸ਼ੇਤਰ ਵਿਚ ਵੀ ਇਕ ਪ੍ਰਿੰਸ ਨਾਂਅ ਦਾ ਬੱਚਾ ਡੂੰਘੇ ਬੋਰਵੈੱਲ ਵਿਚ ਡਿਗ ਗਿਆ ਸੀ। ਜਿਸ ਨੂੰ ਸੁਰੱਖਿਅਤ ਕੱਢ ਲਿਆ ਗਿਆ ਸੀ। ਉਮੀਦ ਹੈ ਕਿ ਨਦੀਮ ਨੂੰ ਵੀ ਬੋਰਵੈਲ ਵਿਚੋਂ ਸੁਰੱਖਿਅਤ ਬਾਹਰ ਕੱਢ ਲਿਆ ਜਾਵੇਗਾ।