ਕੋਰੋਨਾ: ਕੇਜਰੀਵਾਲ ਦਾ ਵੱਡਾ ਐਲਾਨ, ਹਰ ਮਹੀਨੇ ਮੁਫ਼ਤ ‘ਚ ਮਿਲੇਗਾ 7.5 ਕਿਲੋ ਰਾਸ਼ਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਵਾਇਰਸ ਖਿਲਾਫ ਲੜਾਈ ਵਿਚ ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਸ਼ਨੀਵਾਰ ਨੂੰ ਇਕ ਹੋਰ ਵੱਡਾ ਕਦਮ ਚੁੱਕਦੇ ਹੋਏ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ।

Photo

ਨਵੀਂ ਦਿੱਲੀ: ਕੋਰੋਨਾ ਵਾਇਰਸ ਖਿਲਾਫ ਲੜਾਈ ਵਿਚ ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਸ਼ਨੀਵਾਰ ਨੂੰ ਇਕ ਹੋਰ ਵੱਡਾ ਕਦਮ ਚੁੱਕਦੇ ਹੋਏ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਦਿੱਲੀ ਵਿਚ 72 ਲੱਖ ਲੋਕਾਂ ਦਾ ਰਾਸ਼ਨ ਕੋਟਾ ਵਧਾਉਣ ਦਾ ਐਲਾਨ ਕੀਤਾ ਗਿਆ ਹੈ। ਕੇਜਰੀਵਾਲ ਨੇ ਕਿਹਾ ਕਿ ਇਸ ਦੌਰਾਨ ਹਰ ਵਿਅਕਤੀ ਨੂੰ 7.5 ਕਿਲੋ ਰਾਸ਼ਨ ਮੁਫ਼ਤ ਮਿਲੇਗਾ।

ਅਪ੍ਰੈਲ ਮਹੀਨੇ ਦਾ ਰਾਸ਼ਨ 30 ਮਾਰਚ ਤੋਂ ਮਿਲਣਾ ਸੁਰੂ ਹੋ ਜਾਵੇਗਾ। ਉਹਨਾਂ ਨੇ ਕਿਹਾ ਕਿ ਦਿੱਲੀ ਵਿਚ ਰਾਸ਼ਨ ਦੀ ਕੋਈ ਕਮੀ ਨਹੀਂ ਹੈ। 18 ਲੱਖ ਪਰਿਵਾਰਾਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ। ਇਸ ਦੇ ਨਾਲ ਹੀ ਮੁੱਖ ਮੰਤਰੀ ਕੇਜਰੀਵਾਲ ਨੇ ਵਿਧਵਾ, ਬੁਢਾਪਾ ਅਤੇ ਅਪਾਹਜਾਂ ਨੂੰ ਮਿਲਣ ਵਾਲੀ ਪੈਂਸ਼ਨ ਵੀ ਦੁੱਗਣੀ ਕਰਨ ਦਾ ਐਲਾਨ ਕੀਤਾ ਹੈ।

ਉਹਨਾਂ ਨੇ ਕਿਹਾ ਕਿ ਦਿੱਲੀ ਦੀਆਂ 2.5 ਲੱਖ ਵਿਧਵਾ ਔਰਤਾਂ, 5 ਲੱਖ ਬਜ਼ੁਰਗਾਂ ਅਤੇ 1 ਲੱਖ ਅਪਾਹਜ ਪੈਂਸ਼ਨ ਧਾਰਕ ਨੂੰ ਦੁੱਗਣੀ ਪੈਂਸ਼ਨ ਮਿਲੇਗੀ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ 5 ਤੋਂ ਜ਼ਿਆਦਾ ਲੋਕ ਇਕ ਥਾਂ ‘ਤੇ ਜਮ੍ਹਾਂ ਨਾਲ ਹੋਣ। ਮੁੱਖ ਮੰਤਰੀ ਨੇ ਕਿਹਾ ਕਿ 22 ਮਾਰਚ ਨੂੰ ਜਨਤਾ ਕਰਫਿਊ ਦੌਰਾਨ ਦਿੱਲੀ ਵਿਚ 50 ਫੀਸਦੀ ਬੱਸਾਂ ਨਹੀਂ ਚੱਲਣਗੀਆਂ।

ਬੇਘਰ ਲੋਕਾਂ ਲਈ ਨਾਈਟ ਸ਼ੈਲਟਰ ਵਿਚ ਹੀ ਖਾਣੇ ਦਾ ਇੰਤਜ਼ਾਮ ਕੀਤਾ ਜਾਵੇਗਾ। ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਤੁਸੀਂ ਕੁਝ ਦਿਨਾਂ ਲਈ ਸਵੇਰ ਦੀ ਸੈਰ ‘ਤੇ ਨਾ ਜਾਓ ਅਤੇ ਘਰਾਂ ਵਿਚ ਹੀ ਰਹੋ। ਉਹਨਾਂ ਕਿਹਾ ਕਿ ਦਿੱਲੀ ਵਿਚ ਫਿਲਹਾਲ ਲਾਕ-ਡਾਊਨ ਨਹੀਂ ਹੈ।

ਭਵਿੱਖ ਵਿਚ ਲੋੜ ਪਈ ਤਾਂ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖ ਕੇ ਫੈਸਲਾ ਲਿਆ ਜਾਵੇਗਾ। ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਕੁਝ ਲੋਕਾਂ ਨੂੰ ਆਈਸੋਲੇਸ਼ਨ ਵਿਚ ਰਹਿਣਾ ਪਸੰਦ ਨਹੀਂ ਆ ਰਿਹਾ ਹੈ। ਇਸ ਲਈ ਉਹ ਹੋਟਲਾਂ ਵਿਚ ਜਾ ਕੇ ਰੁਕੇ ਹਨ। ਅਜਿਹੇ ਲੋਕਾਂ ਨੂੰ ਸੁਵਿਧਾ ਦੇਣ ਲਈ ਹੋਟਲਾਂ ‘ਤੇ ਲੱਗਣ ਵਾਲਾ ਜੀਐਸਟੀ ਮਾਫ ਕੀਤਾ ਜਾ ਰਿਹਾ ਹੈ।