ਭਾਜਪਾ ਦੇ ਇਸ ਉਮੀਦਵਾਰ ‘ਤੇ ਦਰਜ ਹਨ 242 ਕੇਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਜਪਾ ਨੇ ਕੇਰਲ ਦੇ ਪੱਤਨਮਤਿੱਟਾ ਲੋਕ ਸਭਾ ਸੀਟ ਤੋਂ ਜਿਹੜਾ ਉਮੀਦਵਾਰ ਐਲਾਨ ਕੀਤਾ ਹੋਇਆ ਹੈ ਉਸ ‘ਤੇ 242 ਅਪਰਾਧਿਕ ਮਾਮਲੇ ਦਰਜ ਹਨ।

BJP leader K Surendran

ਕੇਰਲ: ਲੋਕ ਸਭਾ ਚੋਣਾਂ ਦਾ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਚੋਣਾਂ ਲਈ ਐਲਾਨੇ ਗਏ ਉਮੀਦਵਾਰਾਂ ਵਿਚੋਂ ਕਈ ਉਮੀਦਵਾਰ ਅਜਿਹੇ ਹਨ ਜਿਨ੍ਹਾਂ ‘ਤੇ ਕਈ ਕੇਸ ਦਰਜ ਹਨ। ਇਸੇ ਤਰ੍ਹਾਂ ਭਾਜਪਾ ਨੇ ਕੇਰਲ ਦੇ ਪੱਤਨਮਤਿੱਟਾ ਲੋਕ ਸਭਾ ਸੀਟ ਤੋਂ ਜਿਹੜਾ ਉਮੀਦਵਾਰ ਐਲਾਨ ਕੀਤਾ ਹੈ ਉਸ ‘ਤੇ 242 ਅਪਰਾਧਿਕ ਮਾਮਲੇ ਦਰਜ ਹਨ। ਇਨ੍ਹਾਂ ਵਿਚੋਂ 222 ਮਾਮਲੇ ਸਬਰੀਮਾਲਾ ਅੰਦੋਲਨ ਨਾਲ ਜੁੜੇ ਹਨ। ਭਾਜਪਾ ਉਮੀਦਵਾਰ ਦੇ ਇਨ੍ਹਾਂ ਅਪਰਾਧਿਕ ਮਾਮਲਿਆਂ ਬਾਰੇ ਵੇਰਵਾ ਦੇਣ ਲਈ ਭਾਜਪਾ ਦੇ ਅਪਣੇ ਮੁੱਖ ਪੱਤਰ 'ਜਨਮਭੂਮੀ' ਦੇ ਚਾਰ ਪੇਜ਼ ਲੱਗ ਗਏ।

ਇਸ ਤੋਂ ਇਲਾਵਾ ਟੀਵੀ ਚੈਨਲ 'ਤੇ ਸੁਰੇਂਦਰਨ ਦੇ ਅਪਰਾਧਿਕ ਮਾਮਲਿਆਂ ਦੀ ਜਾਣਕਾਰੀ ਦੇਣ ਵਿਚ 60 ਸਕਿੰਟ ਲੱਗ ਗਏ ਜਦਕਿ ਹੋਰ ਉਮੀਦਵਾਰਾਂ ਦਾ ਇਹ ਵੇਰਵਾ ਦਿਖਾਉਣ ਵਿਚ ਮਹਿਜ਼ 7 ਸਕਿੰਟ ਹੀ ਲੱਗੇ। ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਸੁਰੇਂਦਰਨ ਕਿਸੇ ਹੋਰ ਅਖ਼ਬਾਰ ਵਿਚ ਇਸ਼ਤਿਹਾਰ ਦਿੰਦੇ ਤਾਂ ਉਨ੍ਹਾਂ ਦੇ ਕਰੀਬ 60 ਲੱਖ ਰੁਪਏ ਤਕ ਖ਼ਰਚ ਹੋ ਜਾਣੇ ਸਨ ਅਤੇ ਟੀਵੀ 'ਤੇ ਵੀ ਇਹ ਰਕਮ ਹੋਰ ਜ਼ਿਆਦਾ ਹੁੰਦੀ। ਇਸੇ ਲਈ ਉਨ੍ਹਾਂ ਨੇ ਪਾਰਟੀ ਦੇ ਅਖ਼ਬਾਰ ਵਿਚ ਵੀ ਅਪਣੇ ਅਪਰਾਧਿਕ ਵੇਰਵੇ ਦੀ ਜਾਣਕਾਰੀ ਦਿਤੀ ਹੈ।

ਦੱਸ ਦਈਏ ਕਿ ਸੁਰੇਂਦਰਨ ਨੇ 30 ਮਾਰਚ ਨੂੰ ਨਾਮਜ਼ਦਗੀ ਦਾਖ਼ਲ ਕੀਤੀ ਸੀ। ਨਾਮਜ਼ਦਗੀ ਮੌਕੇ ਉਨ੍ਹਾਂ ਨੇ 20 ਮਾਮਲਿਆਂ ਦਾ ਜ਼ਿਕਰ ਕੀਤਾ ਸੀ ਪਰ ਬਾਅਦ ਵਿਚ ਸਰਕਾਰ ਨੇ ਹਾਈਕੋਰਟ ਨੂੰ ਹਲਫ਼ਨਾਮਾ ਦੇ ਕੇ ਕਿਹਾ ਸੀ ਕਿ ਸੁਰੇਂਦਰਨ 'ਤੇ 20 ਨਹੀਂ ਬਲਕਿ 240 ਤੋਂ ਜ਼ਿਆਦਾ ਮਾਮਲੇ ਦਰਜ ਹਨ। ਇਸ ਤੋਂ ਬਾਅਦ ਭਾਜਪਾ ਉਮੀਦਵਾਰ ਸੁਰੇਂਦਰਨ ਨੂੰ ਦੁਬਾਰਾ ਨਾਮਜ਼ਦਗੀ ਦਾਖ਼ਲ ਕਰਨੀ ਪਈ ਸੀ।