ਪਹਿਲਾਂ ਥੱਪੜ, ਹੁਣ ਹਾਰਦਿਕ ਪਟੇਲ ਦੀ ਰੈਲੀ 'ਚ ਚੱਲੀਆਂ ਕੁਰਸੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਾਰਦਿਕ ਨੇ ਭਾਜਪਾ 'ਤੇ ਲਾਇਆ ਰੈਲੀ 'ਚ ਰੁਕਾਵਟ ਪਾਉਣ ਦਾ ਦੋਸ਼

Hardik patel

ਅਹਿਮਦਾਬਾਦ- ਪਾਟੀਦਾਰ ਰਾਖਵਾਂਕਰਨ ਅੰਦੋਲਨ ਤੋਂ ਉਭਰੇ ਕਾਂਗਰਸੀ ਨੇਤਾ ਹਾਰਦਿਕ ਪਟੇਲ ਦੀ ਚੋਣ ਰੈਲੀ ਵਿਚ ਜਮ ਕੇ ਹੰਗਾਮਾ ਹੋਇਆ, ਦਰਅਸਲ ਹਾਰਦਿਕ ਪਟੇਲ ਅਹਿਮਦਾਬਾਦ ਪੂਰਬ ਸੀਟ ਤੋਂ ਕਾਂਗਰਸੀ ਉਮੀਦਵਾਰ ਗੀਤਾ ਪਟੇਲ ਦੇ ਸਮਰਥਨ ਵਿਚ ਪ੍ਰਚਾਰ ਕਰ ਰਹੇ ਸਨ, ਕਿ ਇਸੇ ਦੌਰਾਨ ਚੋਣ ਰੈਲੀ ਵਿਚ ਲੜਾਈ ਝਗੜਾ ਹੋ ਗਿਆ। ਇਕ ਦੂਜੇ 'ਤੇ ਲੱਤਾਂ-ਮੁੱਕੇ ਚੱਲਣ ਲੱਗੇ। ਇੱਥੋਂ ਤਕ ਕਿ ਕੁਰਸੀਆਂ ਉਠਾ ਕੇ ਇਕ ਦੂਜੇ ਦੇ ਮਾਰੀਆਂ ਜਾਣ ਲੱਗੀਆਂ।

ਭਾਵੇਂ ਕਿ ਮੰਚ 'ਤੇ ਮੌਜੂਦ ਹਾਰਦਿਕ ਪਟੇਲ ਵਾਰ-ਵਾਰ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕਰਦੇ ਰਹੇ ਪਰ ਲੋਕਾਂ ਨੇ ਇਕ ਨਾ ਸੁਣੀ। ਜਾਣਕਾਰੀ ਅਨੁਸਾਰ ਪਾਟੀਦਾਰ ਅਨਾਮਤ ਅੰਦੋਲਨ ਕਮੇਟੀ ਦੇ ਇਕ ਧੜੇ ਦੇ ਮੈਂਬਰਾਂ ਨੇ ਅਹਿਮਦਾਬਾਦ ਦੇ ਨਿਕੋਲ ਇਲਾਕੇ ਵਿਚ ਕਥਿਤ ਤੌਰ 'ਤੇ ਇਕ ਰੈਲੀ ਵਿਚ ਰੁਕਾਵਟ ਪਾਈ। ਇਸੇ ਦੌਰਾਨ ਉਥੇ ਮੌਜੂਦ ਪੁਲਿਸ ਅਤੇ ਹੋਰ ਲੋਕਾਂ ਨੇ ਬਚਾਅ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਭਾਰੀ ਮੁਸ਼ੱਕਤ ਮਗਰੋਂ ਦੋਵੇਂ ਪੱਖਾਂ ਦੇ ਲੋਕ ਸ਼ਾਂਤ ਹੋਏ।

ਇਸ ਪੂਰੇ ਘਟਨਾਕ੍ਰਮ ਨੂੰ ਹਾਰਦਿਕ ਪਟੇਲ ਨੇ ਭਾਜਪਾ ਦਾ ਕੰਮ ਦੱਸਿਆ, ਹਾਰਦਿਕ ਨੇ ਕਿਹਾ ਕਿ ਭਾਜਪਾ ਵਾਲੇ ਨਹੀਂ ਚਾਹੁੰਦੇ ਮੈਂ ਪ੍ਰਚਾਰ ਕਰਾਂ, ਪਹਿਲਾਂ ਉਨ੍ਹਾਂ ਨੇ ਇਕ ਆਦਮੀ ਭੇਜਿਆ ਜਿਸ ਨੇ ਮੈਨੂੰ ਥੱਪੜ ਮਾਰਿਆ ਅਤੇ ਅੱਜ ਉਨ੍ਹਾਂ ਨੇ ਰੈਲੀ ਵਿਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ। ਉਧਰ ਭਾਜਪਾ ਨੇ ਹਾਰਦਿਕ ਪਟੇਲ ਵਲੋਂ ਲਗਾਏ ਸਾਰੇ ਦੋਸ਼ਾਂ ਨੂੰ ਨਕਾਰਿਆ ਹੈ। ਭਾਜਪਾ ਆਗੂ ਧਨਸੁਖ ਭੰਡੇਰੀ ਦਾ ਕਹਿਣਾ ਹੈ ਕਿ ਕਾਂਗਰਸ ਖ਼ੁਦ ਹੀ ਅਜਿਹੇ ਕੰਮ ਕਰਵਾ ਕੇ ਲੋਕਾਂ ਦੀ ਹਮਦਰਦੀ ਲੈਣ ਦਾ ਨਾਟਕ ਕਰ ਰਹੀ ਹੈ।