IAS ਅਧਿਕਾਰੀ ਨੂੰ ਪੀਐਮ ਮੋਦੀ ਦਾ ਹੈਲੀਕਾਪਟਰ ਚੈੱਕ ਕਰਨਾ ਪਿਆ ਮਹਿੰਗਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤੀ ਚੋਣ ਕਮਿਸ਼ਨ ਵੱਲੋਂ ਓਡੀਸ਼ਾ ਵਿਚ ਡਿਊਟੀ ‘ਤੇ ਤੈਨਾਤ ਇਕ ਆਈਏਐਸ (IAS) ਰੈਂਕ ਦੇ ਵੋਟਿੰਗ ਸੁਪਰਵਾਈਜ਼ਰ ਮੁਹੰਮਦ ਮੋਹਸਿਨ ਨੂੰ ਸਸਪੈਂਡ ਕਰ ਦਿੱਤਾ ਗਿਆ।

PM Narendar Modi

ਓਡੀਸ਼ਾ: ਲੋਕ ਸਭਾ ਚੋਣਾਂ 2019 ਦੌਰਾਨ ਭਾਰਤੀ ਚੋਣ ਕਮਿਸ਼ਨ ਵੱਲੋਂ ਓਡੀਸ਼ਾ ਵਿਚ ਡਿਊਟੀ ‘ਤੇ ਤੈਨਾਤ ਇਕ ਆਈਏਐਸ (IAS) ਰੈਂਕ ਦੇ ਵੋਟਿੰਗ ਸੁਪਰਵਾਈਜ਼ਰ ਮੁਹੰਮਦ ਮੋਹਸਿਨ ਨੂੰ ਸਸਪੈਂਡ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਐਸਪੀਜੀ ਸੁਰੱਖਿਆ ਨਾਲ ਸਬੰਧਿਤ ਕਮਿਸ਼ਨ ਦੇ ਨਿਰਦੇਸ਼ਾਂ ਦੇ ਉਲਟ ਕੰਮ ਕਰਨ ਵਾਲੇ ਆਈਏਐਸ ਰੈਂਕ ਵਾਲੇ ਇਸ ਅਧਿਕਾਰੀ ‘ਤੇ ਕਾਰਵਾਈ ਹੋਈ। ਦੱਸ ਦਈਏ ਕਿ 16 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਓਡੀਸ਼ਾ ਦੌਰੇ ‘ਤੇ ਗਏ ਸਨ, ਇਸੇ ਦੌਰਾਨ ਮੋਹਸਿਨ ਨੇ ਸੁਰੱਖਿਆ ਵਿਚ ਤੈਨਾਤ ਐਸਪੀਜੀ ਨੂੰ ਪੀਐਮ ਮੋਦੀ ਦੇ ਹੈਲੀਕਾਪਟਰ ਦੀ ਜਾਂਚ ਕਰਨ ਲਈ ਬੇਨਤੀ ਕੀਤੀ ਸੀ। 

ਚੋਣ ਕਮਿਸ਼ਨ ਦੇ ਨਿਰਦੇਸ਼ ਅਨੁਸਾਰ ਕਰਨਾਟਕ ਕੈਡਰ ਦੇ ਆਈਏਐਸ ਅਧਿਕਾਰੀ ਮੁਹੰਮਦ ਮੋਹਸਿਨ ਨੂੰ 16 ਅਪ੍ਰੈਲ ਨੂੰ ਐਸਪੀਜੀ ਸੁਰੱਖਿਆ ਨਾਲ ਸਬੰਧਿਤ ਕਮਿਸ਼ਨ ਦੇ ਨਿਰਦੇਸ਼ਾਂ ਦੇ ਵਿਰੁੱਧ ਕਾਰਵਾਈ ਕਰਨ ਲਈ ਮੁਅੱਤਲ ਕੀਤਾ ਗਿਆ। ਦੱਸ ਦਈਏ ਕਿ ਇਹ ਮਾਮਲਾ ਉਸ ਦਿਨ ਦਾ ਹੈ, ਜਦੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਚੋਣ ਪ੍ਰਚਾਰ ਦੌਰਾਨ ਇਕ ਰੈਲੀ ਨੂੰ ਸੰਬੋਧਨ ਕਰਨ ਲਈ ਓਡੀਸ਼ਾ ਦੇ ਸੰਬਲਪੁਰ ਗਏ ਸਨ। ਅਧਿਕਾਰੀਆਂ ਮੁਤਾਬਿਕ ਜਨਰਲ ਨਿਰੀਖਕ ਮੁਹੰਮਦ ਨੇ ਪ੍ਰਧਾਨਮੰਤਰੀ ਨੂੰ ਲਿਆਉਣ ਵਾਲੇ ਹੈਲੀਕਾਪਟਰ ਦੀ ਜਾਂਚ ਕਰਨ ਦਾ ਯਤਨ ਕੀਤਾ ਸੀ।

ਓਡੀਸ਼ਾ ਸਰਕਾਰ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜਦੋਂ ਪ੍ਰਧਾਨ ਮੰਤਰੀ ਰੈਲੀ ਨੂੰ ਸੰਬੋਧਨ ਕਰ ਰਹੇ ਸਨ, ਉਸ ਵਕਤ ਅਧਿਕਾਰੀ ਮੋਹਸਿਨ ਹੈਲੀਕਾਪਟਰ ਕੋਲ ਤੈਨਾਤ ਐਸਪੀਜੀ ਕੋਲ ਪਹੁੰਚੇ ਅਤੇ ਤਲਾਸ਼ੀ ਲਈ ਕਹਿਣ ਲੱਗੇ। ਐਸਪੀਜੀ ਨੇ ਪ੍ਰਮਾਣਿਕ ਦਸਤਾਵੇਜ਼ਾਂ ਦੀ ਮੰਗ ਕਰਦੇ ਹੋਏ ਉਹਨਾਂ ਨੂੰ ਤਲਾਸ਼ੀ ਦੀ ਇਜਾਜ਼ਤ ਦੇ ਦਿੱਤੀ। ਹਾਲਾਂਕਿ ਇਸ ਨਾਲ ਪ੍ਰਧਾਨ ਮੰਤਰੀ ਨੂੰ ਜਾਣ ਲਈ 20 ਮਿੰਟ ਦੀ ਦੇਰੀ ਹੋ ਗਈ। ਉਹਨਾਂ ਨੇ ਕਿਹਾ ਕਿ ਜਿੱਥੋਂ ਤੱਕ ਮੈਨੂੰ ਪਤਾ ਹੈ, ਜਨਰਲ ਮੋਹਸਿਨ ਸਿਰਫ ਚੋਣ ਕਮਿਸ਼ਨ ਦੇ ਕੰਮਾਂ ਨੂੰ ਦੇਖਦੇ ਹਨ ਅਤੇ ਕਮਿਸ਼ਨ ਨੂੰ ਹੀ ਰਿਪੋਰਟ ਦਿੰਦੇ ਹਨ। ਅਧਿਕਾਰੀਆਂ ਕੋਲ ਤਲਾਸ਼ੀ ਦਾ ਆਦੇਸ਼ ਦੇਣ ਦਾ ਅਧਿਕਾਰ ਨਹੀਂ ਹੈ।

ਮੋਹਸਿਨ ਦੇ ਲਿੰਕਡਇਨ ਪ੍ਰੋਫਾਈਲ ਅਨੁਸਾਰ, ਉਹ ਮੌਜੂਦਾ ਸਮੇਂ ਵਿਚ ਕਰਨਾਟਕ ਦੇ ਪਿਛੜਾ ਵਰਗ ਕਲਿਆਣ ਵਿਭਾਗ ਵਿਚ ਸਕੱਤਰ ਹਨ। ਚੋਣ ਕਮਿਸ਼ਨ ਦੀ ਵੈਬਸਾਈਟ ਮੁਤਾਬਿਕ ਉਹਨਾਂ ਨੂੰ ਚਾਰ ਅਪ੍ਰੈਲ ਤੋਂ 23 ਮਈ ਤੱਕ ਚਾਰ ਵਿਧਾਨਸਭਾ ਖੇਤਰਾਂ ਲਈ ਜਨਰਲ ਨਿਰੀਖਕ ਦੇ ਰੂਪ ਵਿਚ ਸੰਬਲਪੁਰ, ਕੁਚਿੰਡਾ, ਰੇਂਗਾਲੀ ਅਤੇ ਰਾਇਰਾਖੌਲ ਵਿਚ ਤੈਨਾਤ ਕੀਤਾ ਗਿਆ ਹੈ।

ਕਮਿਸ਼ਨ ਦੇ ਨਿਯਮਾਂ ਅਨੁਸਾਰ ਮੁੱਖ ਚੋਣ ਅਧਿਕਾਰੀ (ਓਡੀਸ਼ਾ), ਜ਼ਿਲ੍ਹਾ ਚੋਣ ਅਧਿਕਾਰੀ (ਸੰਬਲਪੁਰ) ਅਤੇ ਡੀਆਈਜੀ (ਸੰਬਲਪੁਰ) ਦੀ ਰਿਪੋਰਟ ਤੋਂ ਬਾਅਦ ਮੋਹਸਿਨ ਨੂੰ ਸਸਪੈਂਡ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ। ਮੀਡੀਆ ਰਿਪੋਰਟਾਂ ਮੁਤਾਬਿਕ ਚੋਣ ਕਮਿਸ਼ਨ ਦੇ ਆਦੇਸ਼ ਤੋਂ ਬਾਅਦ ਸੋਮਵਾਰ ਨੂੰ ਇਕ ਵੀਡੀਓ ਸਾਹਮਣੇ ਆਇਆ, ਜਿਸ ਵਿਚ ਕੇਂਦਰੀ ਮੰਤਰੀ ਧਰਮੇਂਦਰ ਪ੍ਰਧਾਨ ਨੂੰ ਪੁਲਿਸ ਅਧਿਕਾਰੀਆਂ ਨਾਲ ਬਹਿਸ ਕਰਦੇ ਦੇਖਿਆ ਗਿਆ।