ਕੀ ਪੀਐਮ ਮੋਦੀ ਚੋਣ ਰੈਲੀਆਂ 'ਚ ਬਿਨਾਂ ਸੋਚੇ ਸਮਝਦੇ ਬੋਲਦੇ ਨੇ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹੁਣ ਤਕ ਕਈ ਦਾਅਵੇ ਨਿਕਲ ਚੁੱਕੇ ਨੇ ਝੂਠ

Narendra Modi

ਚੰਡੀਗੜ੍ਹ: ਵੋਟਾਂ ਬਟੋਰਨ ਲਈ ਸਿਆਸੀ ਨੇਤਾਵਾਂ ਵਲੋਂ ਲੋਕਾਂ ਨੂੰ ਗੁੰਮਰਾਹ ਕਰਨਾ ਆਮ ਗੱਲ ਹੈ ਪਰ ਜੇਕਰ ਕਿਸੇ ਨੇ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਹੁੰਦਿਆਂ ਲੋਕਾਂ ਨੂੰ ਕਥਿਤ ਤੌਰ 'ਤੇ ਸਭ ਤੋਂ ਜ਼ਿਆਦਾ ਗੁੰਮਰਾਹ ਕੀਤਾ ਹੈ ਤਾਂ ਉਹ ਹਨ ਨਰਿੰਦਰ ਮੋਦੀ। ਜੀ ਹਾਂ, ਪੀਐਮ ਮੋਦੀ ਵਲੋਂ 2017 ਦੌਰਾਨ ਕੁਝ ਅਜਿਹੇ ਦਾਅਵੇ ਕੀਤੇ ਗਏ, ਜਿਨ੍ਹਾਂ ਵਿਚੋਂ ਕਈ ਤਾਂ ਪੂਰੇ ਦੇ ਪੂਰੇ ਝੂਠ ਨਿਕਲੇ ਅਤੇ ਕੁਝ ਅੰਸ਼ਿਕ ਰੂਪ ਨਾਲ ਸੱਚੇ। ਭਾਵ ਕਿ ਉਨ੍ਹਾਂ ਵਿਚ ਸੱਚ ਦੇ ਕੁਝ ਹੀ ਅੰਸ਼ ਮੌਜੂਦ ਸਨ।

25 ਦਸੰਬਰ ਨੂੰ ਦਿੱਲੀ ਮੈਟਰੋ ਦੀ ਮੈਜੰਟਾ ਲਾਈਨ ਦੇ ਉਦਘਾਟਨ ਮੌਕੇ ਪੀਐਮ ਮੋਦੀ ਨੇ ਬਿਆਨ ਦਿੰਦਿਆਂ ਕੋਰਾ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕੀਤਾ। ਉਨ੍ਹਾਂ ਆਖਿਆ ਕਿ 2002 ਵਿਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਭਾਰਤ ਦੇ ਪਹਿਲੇ ਮੈਟਰੋ ਸੇਵਾ ਦੇ ਯਾਤਰੀ ਬਣ ਗਏ ਸਨ, ਜਦੋਂ ਉਨ੍ਹਾਂ ਨੇ ਦਿੱਲੀ ਮੈਟਰੋ ਨੂੰ ਹਰੀ ਝੰਡੀ ਦਿਖਾਈ ਸੀ। ਪਰ ਉਨ੍ਹਾਂ ਦਾ ਇਹ ਦਾਅਵਾ ਪੂਰੀ ਤਰ੍ਹਾਂ ਝੂਠ ਸਾਬਤ ਹੋਇਆ ਕਿਉਂਕਿ ਭਾਰਤ ਵਿਚ ਸ਼ੁਰੂ ਕੀਤੀ ਜਾਣ ਵਾਲੀ ਪਹਿਲੀ ਮੈਟਰੋ ਸੇਵਾ ਕੋਲਕਾਤਾ ਮੈਟਰੋ ਸੀ,

ਜਿਸ ਦਾ ਨੀਂਹ ਪੱਥਰ 1972 ਵਿਚ ਸਾਬਕਾ ਪੀਐਮ ਇੰਦਰਾ ਗਾਂਧੀ ਨੇ ਰੱਖਿਆ ਸੀ ਜਦਕਿ ਦਿੱਲੀ ਮੈਟਰੋ ਸੇਵਾ ਭਾਰਤ ਦੀ ਦੂਜੀ ਮੈਟਰੋ ਸੇਵਾ ਸੀ। ਇਸੇ ਤਰ੍ਹਾਂ ਗੁਜਰਾਤ ਵਿਧਾਨ ਸਭਾ ਚੋਣਾਂ ਦੌਰਾਨ ਵੀ ਪੀਐਮ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਅਤੇ ਸਾਬਕਾ ਫ਼ੌਜ ਮੁਖੀ ਜਨਰਲ ਦੀਪਕ ਕਪੂਰ 'ਤੇ ਪਾਕਿਸਤਾਨੀ ਅਧਿਕਾਰੀਆਂ ਨਾਲ ਮਿਲ ਕੇ ਕਾਂਗਰਸੀ ਨੇਤਾ ਮਣੀਸ਼ੰਕਰ ਅਈਅਰ ਦੇ ਘਰ ਮੀਟਿੰਗ ਕਰਕੇ ਗੁਜਰਾਤ ਵਿਰੁਧ ਸਾਜਿਸ਼ ਰਚਣ ਦਾ ਦੋਸ਼ ਲਗਾਇਆ ਗਿਆ ਸੀ।

ਪੀਐਮ ਮੋਦੀ ਦੇ ਇਹ ਇਲਜ਼ਾਮ ਵੀ ਪੂਰੀ ਤਰ੍ਹਾਂ ਝੂਠ ਦਾ ਪੁਲੰਦਾ ਸਾਬਤ ਹੋਏ ਜਦੋਂ ਸਾਬਕਾ ਫ਼ੌਜ ਮੁਖੀ ਦੀਪਕ ਕਪੂਰ ਨੇ ਅਜਿਹੀ ਕਿਸੇ ਗੱਲ ਤੋਂ ਇਨਕਾਰ ਕੀਤਾ। ਚੋਣਾਂ ਮਗਰੋਂ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਵੀ ਬਿਆਨ ਦੇਣਾ ਪਿਆ ਕਿ ਉਨ੍ਹਾਂ ਨੇ ਸਾਬਕਾ ਪੀਐਮ ਸਮੇਤ ਹੋਰਾਂ 'ਤੇ ਕੋਈ ਸਵਾਲ ਨਹੀਂ ਉਠਾਏ।
ਇਸ ਦੇ ਨਾਲ ਹੀ ਪੀਐਮ ਮੋਦੀ ਨੇ ਅਕਤੂਬਰ ਮਹੀਨੇ ਕਰਨਾਟਕ ਵਿਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਆਖਿਆ ਸੀ ਕਿ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਯੋਜਨਾ ਦੀ ਸ਼ੁਰੂਆਤ ਭਾਜਪਾ ਦੀ ਸਰਕਾਰ ਨੇ ਕੀਤੀ ਸੀ, ਜਿਸ ਨੂੰ ਹੁਣ ਅੱਗੇ ਵਧਾ ਕੇ 57 ਹਜ਼ਾਰ ਕਰੋੜ ਰੁਪਏ ਬਚਾਏ ਗਏ।

ਮੋਦੀ ਦਾ ਇਹ ਦਾਅਵਾ ਵੀ ਜਨਤਾ ਨੂੰ ਗੁੰਮਰਾਹ ਕਰਨ ਵਾਲਾ ਸੀ ਕਿਉਂਕਿ ਡੀਬੀਟੀ ਯੋਜਨਾ ਦੀ ਸ਼ੁਰੂਆਤ 2013 ਵਿਚ ਹੋਈ ਸੀ। ਅਗਸਤ 2017 ਵਿਚ ਪੀਐਮਓ ਨੇ ਇਕ ਟਵੀਟ ਰਾਹੀਂ ਖ਼ੁਦ ਦੱਸਿਆ ਸੀ ਕਿ 2013-14 ਤੋਂ ਵਰਤਮਾਨ ਸਾਲ ਤਕ ਡੀਬੀਟੀ ਯੋਜਨਾ ਕਿਵੇਂ ਵਿਕਸਤ ਹੋਈ। ਇਸੇ ਤਰ੍ਹਾਂ ਗੁਜਰਾਤ ਚੋਣਾਂ ਦੌਰਾਨ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੀਤਾ ਗਿਆ ਇਕ ਹੋਰ ਦਾਅਵਾ ਭਰਮਾਊ ਨਿਕਲਿਆ, ਜਦੋਂ ਉਨ੍ਹਾਂ ਨੇ ਕਾਂਗਰਸੀ ਨੇਤਾ ਮਣੀਸ਼ੰਕਰ ਅਈਅਰ ਦੇ ਬਿਆਨ ਦਾ ਗ਼ਲਤ ਮਤਲਬ ਕੱਢ ਕੇ ਪੇਸ਼ ਕੀਤਾ ਅਤੇ ਕਾਂਗਰਸ ਪਾਰਟੀ ਦੀ ਤੁਲਨਾ ਮੁਗ਼ਲ ਵੰਸ਼ ਨਾਲ ਕੀਤੀ ਸੀ।

ਬਾਅਦ ਵਿਚ ਪੀਐਮ ਮੋਦੀ ਵਲੋਂ ਲੋਕਾਂ ਨੂੰ ਪਰੋਸੇ ਗਏ ਇਸ ਝੂਠ ਦਾ ਪਰਦਾਫਾਸ਼ ਹੋ ਗਿਆ ਸੀ। ਪਤਾ ਚੱਲਿਆ ਕਿ ਪੀਐਮ ਮੋਦੀ ਨੇ ਅਈਅਰ ਦੇ ਬਿਆਨ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕਰਕੇ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਸੀ ਜਦਕਿ ਕਾਂਗਰਸੀ ਨੇਤਾ ਨੇ ਲੋਕਤੰਤਰ ਦੀ ਗੱਲ ਕਰਦੇ ਹੋਏ ਮੁਗ਼ਲਾਂ ਦੇ ਚੋਣ ਤਰੀਕਿਆਂ ਨੂੰ ਗ਼ਲਤ ਦਰਸਾਇਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਝੂਠ ਬੋਲਣ ਦਾ ਸਿਲਸਿਲਾ ਇੱਥੇ ਹੀ ਖ਼ਤਮ ਨਹੀਂ ਹੋਇਆ।

ਹੱਦ ਤਾਂ ਉਦੋਂ ਹੋ ਗਈ ਜਦੋਂ ਪੀਐਮ ਮੋਦੀ ਨੇ ਯੂਪੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਫਤਿਹਪੁਰ ਰੈਲੀ ਵਿਚ ਇਹ ਆਖ ਦਿਤਾ ਸੀ ਸਮਾਜਵਾਦੀ ਪਾਰਟੀ ਦੀ ਸਰਕਾਰ ਨੇ ਦਿਵਾਲੀ ਦੀ ਤੁਲਨਾ ਵਿਚ ਈਦ ਮੌਕੇ ਜ਼ਿਆਦਾ ਬਿਜਲੀ ਸਪਲਾਈ ਕੀਤੀ ਸੀ। ਅਧਿਕਾਰਕ ਅੰਕੜਿਆਂ ਮੁਤਾਬਕ ਪੀਐਮ ਮੋਦੀ ਦਾ ਇਹ ਬਿਆਨ ਵੀ ਝੂਠਾ ਸਾਬਤ ਹੋਇਆ ਕਿਉਂਕਿ ਅੰਕੜਿਆਂ ਮੁਤਾਬਕ 6 ਜੁਲਾਈ 2016 ਨੂੰ ਈਦ ਵਾਲੇ ਦਿਨ ਬਿਜਲੀ ਸਪਲਾਈ ਪ੍ਰਤੀ ਦਿਨ 13500 ਮੈਗਾਵਾਟ ਸੀ ਜਦਕਿ ਦਿਵਾਲੀ ਮੌਕੇ 28 ਅਕਤੂਬਰ ਤੋਂ 1 ਨਵੰਬਰ ਤੱਕ ਪ੍ਰਤੀ ਦਿਨ ਬਿਜਲੀ ਸਪਲਾਈ 15400 ਮੈਗਾਵਾਟ ਸੀ।

ਇਸੇ ਤਰ੍ਹਾਂ ਪੀਐਮ ਮੋਦੀ ਨੇ ਕਾਨਪੁਰ ਦੇ ਪੁਖਰਾਵਾਂ ਕੋਲ ਇੰਦੌਰ-ਪਟਨਾ ਐਕਸਪ੍ਰੈੱਸ ਹਾਦਸੇ 'ਤੇ ਬੋਲਦਿਆਂ ਹੈਰਾਨ ਕਰਨ ਵਾਲਾ ਝੂਠਾ ਦਾਅਵਾ ਕੀਤਾ ਸੀ। ਇਸ ਹਾਦਸੇ ਵਿਚ 150 ਲੋਕ ਮਾਰੇ ਗਏ ਸਨ। ਪੀਐਮ ਮੋਦੀ ਨੇ ਫਰਵਰੀ 2017 ਵਿਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਇਸ ਹਾਦਸੇ ਨੂੰ ਸਾਜਿਸ਼ ਕਰਾਰ ਦਿਤਾ ਸੀ ਅਤੇ ਇਸ ਦੇ ਪਿੱਛੇ ਆਈਐਸਆਈ ਦਾ ਹੱਥ ਦੱਸਿਆ ਸੀ। ਪੀਐਮ ਮੋਦੀ ਦਾ ਇਹ ਦਾਅਵਾ ਵੀ ਝੂਠਾ ਸਾਬਤ ਹੋਇਆ ਸੀ ਕਿਉਂਕਿ ਰਿਕਾਰਡ ਵਿਚ ਟ੍ਰੇਨ ਦੇ ਪੱਟੜੀ ਤੋਂ ਉਤਰਨ ਵਿਚ ਆਈਐਸਆਈ ਦੇ ਸ਼ਾਮਲ ਹੋਣ ਦਾ ਕੋਈ ਸਬੂਤ ਨਹੀਂ ਸੀ।

ਇੱਥੇ ਹੀ ਬੱਸ ਨਹੀਂ, ਪੀਐਮ ਮੋਦੀ ਨੇ ਯੂਪੀ ਵਿਧਾਨ ਸਭਾ ਚੋਣਾਂ ਵੇਲੇ ਦਾਅਵਾ ਕੀਤਾ ਸੀ ਕਿ ਉੱਤਰ ਪ੍ਰਦੇਸ਼ ਅਪਰਾਧ ਵਿਚ ਨੰਬਰ ਇਕ 'ਤੇ ਹੈ ਪਰ ਬਾਅਦ ਵਿਚ ਪਤਾ ਚੱਲਿਆ ਕਿ ਪੀਐਮ ਮੋਦੀ ਵਲੋਂ ਸਮਾਜਵਾਦੀ ਪਾਰਟੀ ਦੀ ਸਰਕਾਰ ਨੂੰ ਬਦਨਾਮ ਕਰਨ ਲਈ ਇਹ ਇਕ ਝੂਠ ਬੋਲਿਆ ਗਿਆ ਸੀ ਜਦਕਿ ਅਪਰਾਧ ਰਿਕਾਰਡ ਬਿਊਰੋ ਦੇ ਮੁਤਾਬਕ ਉਸ ਸਮੇਂ ਹੋਰ ਕਈ ਸੂਬੇ ਅਪਰਾਧ ਦੇ ਮਾਮਲੇ ਵਿਚ ਯੂਪੀ ਤੋਂ ਅੱਗੇ ਸਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਨ੍ਹਾਂ ਬਿਆਨਾਂ ਤੋਂ ਇਹ ਜ਼ਾਹਰ ਹੁੰਦਾ ਹੈ ਕਿ ਜਿਵੇਂ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਾ ਹੋ ਕੇ ਸਿਰਫ਼ ਤੇ ਸਿਰਫ਼ ਇਕ ਸਿਆਸੀ ਪਾਰਟੀ ਦੇ ਨੇਤਾ ਹੋਣ ਕਿਉਂਕਿ ਸ਼ਾਇਦ ਹੀ ਕਿਸੇ ਦੇਸ਼ ਦਾ ਪ੍ਰਧਾਨ ਮੰਤਰੀ ਹੋਵੇਗਾ ਜਿਸ ਨੇ ਇਕ ਤੋਂ ਬਾਅਦ ਇਕ ਝੂਠੇ ਬਿਆਨ ਦੇ ਕੇ ਦੇਸ਼ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਹੋਵੇ। ਅਕਸਰ ਇਸ ਅਹੁਦੇ 'ਤੇ ਨੇਤਾਵਾਂ ਦੇ ਬਿਆਨ ਬੜੇ ਤੋਲ ਮੋਲ ਵਾਲੇ ਹੁੰਦੇ ਹਨ ਪਰ ਇੰਝ ਜਾਪਦਾ ਹੈ ਕਿ ਜਨਾਬ ਮੋਦੀ ਨੇ ਤਾਂ ਵੋਟਾਂ ਬਟੋਰਨ 'ਤੇ ਹੀ ਜ਼ਿਆਦਾ ਧਿਆਨ ਕੇਂਦਰਤ ਕੀਤਾ। ਬਿਆਨ ਭਾਵੇਂ ਝੂਠਾ ਹੋਵੇ ਜਾਂ ਸੱਚਾ, ਬਸ ਵਿਰੋਧੀਆਂ ਨੂੰ ਬਦਨਾਮ ਕਰਨਾ ਮਕਸਦ ਹੈ ਹੋਰ ਕੁਝ ਨਹੀਂ।