ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਦਾ ਵੱਡਾ ਐਲਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਵਾਇਰਸ ਖ਼ਿਲਾਫ਼ ਜੰਗ ਲੜਨ ਵਾਲੇ ਕੋਰੋਨਾ ਯੋਧਿਆਂ, ਡਾਕਟਰਾਂ ਅਤੇ ਸਾਰੇ ਸਿਹਤ ਕਰਮਚਾਰੀਆਂ ਨੂੰ ਲੈ ਕੇ ਓਡੀਸ਼ਾ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। 

Photo

ਓਡੀਸ਼ਾ: ਕੋਰੋਨਾ ਵਾਇਰਸ ਖ਼ਿਲਾਫ਼ ਜੰਗ ਲੜਨ ਵਾਲੇ ਕੋਰੋਨਾ ਯੋਧਿਆਂ, ਡਾਕਟਰਾਂ ਅਤੇ ਸਾਰੇ ਸਿਹਤ ਕਰਮਚਾਰੀਆਂ ਨੂੰ ਲੈ ਕੇ ਓਡੀਸ਼ਾ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਐਲਾਨ ਕੀਤਾ ਹੈ ਕਿ ਜੇਕਰ ਕੋਰੋਨਾ ਵਾਇਰਸ ਮਹਾਮਾਰੀ ਨਾਲ ਜੰਗ ਲੜ ਰਹੇ ਕੋਰੋਨਾ ਯੋਧਿਆਂ ਦੀ ਮੌਤ ਹੁੰਦੀ ਹੈ ਤਾਂ ਉਹਨਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇਗਾ ਅਤੇ ਰਾਜ ਸਨਮਾਨ ਨਾਲ ਉਸ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।

ਦੱਸ ਦਈਏ ਕਿ ਕਈ ਥਾਵਾਂ ‘ਤੇ ਕੋਰੋਨਾ ਵਾਇਰਸ ਖ਼ਿਲਾਫ਼ ਜੰਗ ਵਿਚ ਡਟੇ ਸਿਹਤ ਕਰਮਚਾਰੀਆਂ ਦੇ ਕੋਰੋਨਾ ਪਾਜ਼ੀਟਿਵ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹੀ ਨਹੀਂ ਕੋਰੋਨਾ ਜੰਗ ਦੌਰਾਨ ਪਹਿਲੀ ਕਤਾਰ ਵਿਚ ਕੰਮ ਕਰਨ ਵਾਲੇ ਯੋਧਿਆਂ ਨੂੰ 50 ਲੱਖ ਰੁਪਏ ਦਾ ਬੀਮਾ ਦਿੱਤਾ ਜਾਵੇਗਾ।

ਨਵੀਨ ਪਟਨਾਇਕ ਨੇ ਕਿਹਾ ਕਿ ਭਾਰਤ ਸਰਕਾਰ ਦੀ ਪਹਿਲ ਦੇ ਨਾਲ ਰਾਜ ਸਰਕਾਰ ਇਹ ਯਕੀਨੀ ਬਣਾਵੇਗੀ ਕਿ ਸਿਹਤ ਕਰਮਚਾਰੀਆਂ (ਨਿੱਜੀ ਅਤੇ ਸਰਕਾਰੀ) ਅਤੇ ਹੋਰ ਸੇਵਾਵਾਂ ਦੇ ਮੈਂਬਰਾਂ ਨੂੰ 50 ਲੱਖ ਰੁਪਏ ਦਿੱਤੇ ਜਾਣ, ਜੋ ਕੋਰੋਨਾ ਖ਼ਿਲਾਫ ਲੜਾਈ ਵਿਚ ਅਪਣੀ ਜਾਨ ਗਵਾ ਦਿੰਦੇ ਹਨ।

ਮੁੱਖ ਮੰਤਰੀ ਨਵੀਨ ਪਟਨਾਇਕ ਨੇ ਕਿਹਾ ਕਿ ਇਸ ਤੋਂ ਇਲਾਵਾ ਯੋਧਿਆਂ ਦੇ ਬਲੀਦਾਨ ਨੂੰ ਦੇਖਦੇ ਹੋਏ, ਇਕ ਅਵਾਰਡ ਦੇ ਗਠਨ ਦੀ ਵੀ ਯੋਜਨਾ ਹੈ। ਇਹਨਾਂ ਪੁਰਸਕਾਰਾਂ ਨੂੰ ਰਾਸ਼ਟਰੀ ਦਿਵਸ ‘ਤੇ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਸਿਹਤ ਕਰਮਚਾਰੀਆਂ ਦੇ ਕੰਮ ਵਿਚ ਕੋਈ ਵੀ ਦਖਲ ਦੇਵੇਗਾ ਜਾਂ ਉਹਨਾਂ ਦਾ ਅਪਮਾਨ ਕਰੇਗਾ ਤਾਂ ਉਸ ਖਿਲਾਫ ਸਖਤ ਅਪਰਾਧਿਕ ਕਾਰਵਾਈ ਕੀਤੀ ਜਾਵੇਗੀ, ਜਿਸ ਵਿਚ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਪ੍ਰਬੰਧ ਸ਼ਾਮਲ ਹਨ।

ਜ਼ਿਕਰਯੋਗ ਹੈ ਕਿ ਓਡੀਸ਼ਾ ਵਿਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ 100 ਦੇ ਕਰੀਬ ਪਹੁੰਚ ਗਈ ਹੈ। ਇੱਥੇ ਇਕ ਹੀ ਕੋਰੋਨਾ ਪੀੜਤ ਦੀ ਮੌਤ ਹੋਈ ਹੈ।ਦੱਸ ਦਈਏ ਕਿ ਭਾਰਤ ਵਿਚ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਵਿਚ ਫਿਰ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 1336 ਨਵੇਂ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ 47 ਲੋਕਾਂ ਦੀ ਮੌਤ ਹੋ ਗਈ ਹੈ।

ਮੰਗਲਵਾਰ ਨੂੰ ਜਾਰੀ ਕੀਤੇ ਗਏ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ ਵਿਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਵਧ ਕੇ 18601 ਹੋ ਗਈ ਹੈ। ਇਸ ਦੇ ਨਾਲ ਹੀ ਕੋਵਿਡ -19 ਮਹਾਂਮਾਰੀ ਕਾਰਨ ਮੌਤਾਂ ਦੀ ਗਿਣਤੀ 590 ਤੱਕ ਪਹੁੰਚ ਗਈ ਹੈ। ਕੋਰੋਨਾ ਵਾਇਰਸ ਦੇ ਕੁੱਲ 18601 ਮਾਮਲਿਆਂ ਵਿਚੋਂ 14759 ਐਕਟਿਵ ਮਾਮਲੇ ਹਨ। ਇਸ ਤੋਂ ਇਲਾਵਾ 3522 ਲੋਕ ਪੂਰੀ ਤਰ੍ਹਾਂ ਠੀਕ ਹੋ ਗਏ ਹਨ।