ਕੋਰੋਨਾ ਵਾਇਰਸ: ਏਅਰ ਇੰਡੀਆ ਨੇ 24 ਤੋਂ 30 ਅਪ੍ਰੈਲ ਤੱਕ ਯੂਕੇ ਆਉਣ-ਜਾਣ ਵਾਲੀਆਂ ਉਡਾਣਾਂ ਕੀਤੀਆਂ ਰੱਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਯੂਕੇ ਵੱਲੋਂ ਲਗਾਈਆਂ ਗਈਆਂ ਤਾਜ਼ਾ ਪਾਬੰਦੀਆਂ ਦੇ ਮੱਦੇਨਜ਼ਰ ਲਿਆ ਫੈਸਲਾ

Air India flights to and from the UK cancelled between 24th to 30th April

ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਚਲਦਿਆਂ ਏਅਰ ਇੰਡੀਆਂ ਨੇ ਜਾਣਕਾਰੀ ਦਿੱਤੀ ਹੈ ਕਿ 24 ਤੋਂ 30 ਅਪ੍ਰੈਲ ਦੌਰਾਨ ਭਾਰਤ ਤੋਂ ਯੂਕੇ ਜਾਣ ਵਾਲੀਆਂ ਅਤੇ ਯੂਕੇ ਤੋਂ ਭਾਰਤ ਆਉਣ ਵਾਲੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।

ਏਅਰ ਇੰਡੀਆ ਨੇ ਇਕ ਬਿਆਨ ਵਿਚ ਕਿਹਾ ਜਿਹੜੇ ਯਾਤਰੀ ਭਾਰਤ ਅਤੇ ਬ੍ਰਿਟੇਨ ਦੇ ਵਿਚਕਾਰ ਯਾਤਰਾ ਕਰਨ ਜਾ ਰਹੇ ਸਨ, ਉਹ ਨੋਟ ਕਰ ਸਕਦੇ ਹਨ ਕਿ ਯੂਕੇ ਵੱਲੋਂ ਲਗਾਈਆਂ ਗਈਆਂ ਤਾਜ਼ਾ ਪਾਬੰਦੀਆਂ ਦੇ ਮੱਦੇਨਜ਼ਰ, ਯੂਕੇ ਤੋਂ ਆਉਣ ਵਾਲੀਆਂ ਜਾਂ ਯੂਕੇ ਜਾਣ ਵਾਲੀਆਂ ਉਡਾਣਾਂ 24 ਤੋਂ 30 ਅਪ੍ਰੈਲ 2021 ਤੱਕ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਦੌਰਾਨ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਉਡਾਣ ਦੀ ਰਿਸ਼ਡਿਊਲਿੰਗ ਜਾਂ ਰਿਫੰਡ ਦੀ ਜਾਣਕਾਰੀ ਜਲਦ ਦਿੱਤੀ ਜਾਵੇਗੀ।

ਬ੍ਰਿਟੇਨ ਨੇ ਭਾਰਤ ਨੂੰ 'ਰੈੱਡ ਲਿਸਟ' ’ਚ ਕੀਤਾ ਸ਼ਾਮਲ

ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਵਿਚ ਹੋ ਰਹੇ ਵਾਧੇ ਦੇ ਚਲਦਿਆਂ ਬ੍ਰਿਟੇਨ ਨੇ ਭਾਰਤ ਨੂੰ ‘ਰੈੱਡ ਲਿਸਟ’ ਵਿਚ ਸ਼ਾਮਲ ਕਰ ਲਿਆ ਹੈ। ਰਿਪੋਰਟ ਅਨੁਸਾਰ ਬ੍ਰਿਟੇਨ ਨੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ ’ਤੇ ਰੋਕ ਲਗਾਈ ਹੈ। ਬ੍ਰਿਟੇਨ ਅਤੇ ਆਇਰਿਸ਼ ਲੋਕਾਂ ਤੋਂ ਇਲਾਵਾ ਭਾਰਤ ਤੋਂ ਕਿਸੇ ਦੇ ਵੀ ਆਉਣ ਉੱਤੇ ਰੋਕ ਲਗਾਈ ਜਾ ਰਹੀ ਹੈ। ਇਹਨਾਂ ਲੋਕਾਂ ਨੂੰ ਵੀ ਵਾਪਸੀ ਮੌਕੇ ਹੋਟਲ ਵਿਚ 10 ਦਿਨਾਂ ਤੱਕ ਆਈਸੋਲੇਟ ਹੋਣਾ ਲਾਜ਼ਮੀ ਕਰ ਦਿੱਤਾ ਗਿਆ ਹੈ।