ਹਿੰਦੂ-ਮੁਸਲਿਮ ਜੋੜੇ ਨੂੰ ਸੁਸ਼ਮਾ ਸਵਰਾਜ ਦੇ ਦਖ਼ਲ ਤੋਂ ਬਾਅਦ ਮਿਲਿਆ ਪਾਸਪੋਰਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲਖਨਊ ਵਿਚ ਇਕ ਜੋੜੇ ਦਾ ਪਾਸਪੋਰਟ ਜਾਰੀ ਕਰਨ ਤੋਂ ਇਨਕਾਰ ਕਰਨ ਵਾਲੇ ਪਾਸਪੋਰਟ ਦਫ਼ਤਰ ਦੇ ਕਰਮਚਾਰੀ ਦਾ ਤਬਾਦਲਾ...

passport office

ਨਵੀਂ ਦਿੱਲੀ : ਲਖਨਊ ਵਿਚ ਇਕ ਜੋੜੇ ਦਾ ਪਾਸਪੋਰਟ ਜਾਰੀ ਕਰਨ ਤੋਂ ਇਨਕਾਰ ਕਰਨ ਵਾਲੇ ਪਾਸਪੋਰਟ ਦਫ਼ਤਰ ਦੇ ਕਰਮਚਾਰੀ ਦਾ ਤਬਾਦਲਾ ਕਰ ਦਿਤਾ ਗਿਆ ਹੈ। ਜੋੜੇ ਨੇ ਇਸ ਮਾਮਲੇ ਨੂੰ ਲੈ ਕੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਵੀ ਗੁਹਾਰ ਲਗਾਈ ਸੀ। ਹੁਣ ਵਿਦੇਸ਼ ਮੰਤਰਾਲੇ ਨੇ ਲਖਨਊ ਪਾਸਪੋਰਟ ਦਫ਼ਤਰ ਤੋਂ ਜਵਾਬ ਮੰਗਿਆ ਹੈ।

ਦਰਅਸਲ ਕਰਮਚਾਰੀ ਨੇ ਨੌਜਵਾਨ ਜੋੜੇ ਦਾ ਪਾਸਪੋਰਟ ਬਣਾਉਣ ਤੋਂ ਇਹ ਕਹਿ ਕੇ ਇਨਕਾਰ ਕਰ ਦਿਤਾ ਸੀ ਕਿ ਉਨ੍ਹਾਂ ਦਾ ਧਰਮ ਵੱਖੋ ਵੱਖਰਾ ਹੈ। ਅਨਸ ਸਿੱਦੀਕੀ ਅਤੇ ਤਨਵੀ ਸੇਠ ਨੂੰ ਕਰਮਚਾਰੀ ਨੇ ਕਿਹਾ ਸੀ ਕਿ ਵੱਖ-ਵੱਖ ਧਰਮ ਵਿਚ ਵਿਆਹ ਕਰਨ ਦੀ ਵਜ੍ਹਾ ਨਾਲ ਪਹਿਲਾਂ ਤੁਹਾਨੂੰ ਅਪਣਾ ਨਾਮ ਬਦਲਣਾ ਹੋਵੇਗਾ, ਉਸ ਤੋਂ ਬਾਅਦ ਹੀ ਪਾਸਪੋਰਟ ਬਣ ਸਕਦਾ ਹੈ। ਜੋੜੇ ਨੇ ਕਰਮਚਾਰੀ 'ਤੇ ਬਦਸਲੂਕੀ ਦਾ ਦੋਸ਼ ਵੀ ਦੋਸ਼ ਲਗਾਇਆ ਸੀ।

ਹਾਲਾਂਕਿ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਲਖਨਊ ਦੇ ਰੀਜ਼ਨਲ ਪਾਸਪੋਰਟ ਦਫ਼ਤਰ ਨੇ ਕਰਮਚਾਰੀ ਦੀ ਗ਼ਲਤੀ ਮੰਨੀ ਅਤੇ ਜੋੜੇ ਨੂੰ ਪਾਸਪੋਰਟ ਜਾਰੀ ਕਰ ਦਿਤਾ ਹੈ। ਲਖਨਊ ਦੇ ਰੀਜ਼ਨਲ ਪਾਸਪੋਰਟ ਅਧਿਕਾਰੀ ਨੇ ਦਸਿਆ ਕਿ ਉਨ੍ਹਾਂ ਦੇ ਪਾਸਪੋਰਟ ਜਾਰੀ ਕਰ ਦਿਤੇ ਗਏ ਹਨ। ਅਧਿਕਾਰਕ ਸੂਤਰਾਂ ਨੇ ਦਸਿਆ ਕਿ ਜਿਸ ਕਰਮਚਾਰੀ ਦੀ ਗ਼ਲਤੀ ਸੀ, ਉਸ ਦੇ ਵਿਰੁਧ ਇਕ ਸ਼ੋਜ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਕਾਰਵਾਈ ਵੀ ਕੀਤੀ ਜਾਵੇਗੀ।

ਸਾਨੂੰ ਇਸ ਘਟਨਾ 'ਤੇ ਅਫ਼ਸੋ ਹੈ ਅਤੇ ਇਹ ਯਕੀਨੀ ਹੋਵੇਗਾ ਕਿ ਇਸ ਨੂੰ ਦੁਹਰਾਇਆ ਨਾ ਜਾਵੇ। ਪੀੜਤ ਪਤੀ ਅਨਸ ਸਿੱਦੀਕੀ ਨੇ ਕਿਹਾ ਕਿ ਮੈਨੂੰ ਅਪਣਾ ਧਰਮ ਬਦਲਣ ਲਈ ਕਿਹਾ ਗਿਆ। ਉਥੇ ਪਤਨੀ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਇਹ ਕਿਸੇ ਹੋਰ ਦੇ ਨਾਲ ਨਹੀਂ ਹੋਵੇਗਾ। ਵਿਆਹ ਦੇ 11 ਸਾਲ ਬਾਅਦ ਅਸੀਂ ਕਦੇ ਇਸ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੇ ਮਾਫ਼ੀ ਮੰਗੀ ਅਤੇ ਸਾਨੂੰ ਸਾਡੇ ਪਾਸਪੋਰਟ ਮਿਲ ਗਏ ਹਨ। 

ਤਨਵੀ ਸੇਠ ਨੇ ਬੁਧਵਾਰ ਨੂੰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਟਵੀਟ ਕੀਤਾ ਸੀ। ਇਸ ਵਿਚ ਤਨਵੀ ਨੇ ਲਿਖਿਆ ਸੀ ਕਿ ਹੈਲੋ ਮੈਮ, ਇਨਸਾਫ਼ ਅਤੇ ਤੁਹਾਡੇ 'ਤੇ ਭਰੋਸੇ ਦੇ ਨਾਲ-ਨਾਲ ਕਾਫ਼ੀ ਗੁੱਸੇ ਵਿਚ ਮੈਂ ਇਹ ਟਵੀਟ ਟਾਇਪ ਕਰ ਰਹੀ ਹਾਂ। ਇਕ ਮੁਸਲਿਮ ਵਿਅਕਤੀ ਨਾਲ ਵਿਆਹ ਕਰਨ ਅਤੇ ਅਪਣਾ ਨਾਮ ਨਾ ਬਦਲਣ ਦੀ ਵਜ੍ਹਾ ਨਾਲ ਜਿਸ ਤਰੀਕੇ ਨਾਲ ਲਖਨਊ ਪਾਸਪੋਰਟ ਦਫ਼ਤਰ ਵਿਚ ਮੇਰੇ ਨਾਲ ਵਿਕਾਸ ਮਿਸ਼ਰਾ ਨੇ ਬਦਸਲੂਕੀ ਕੀਤੀ,

ਉਸ ਨਾਲ ਮੇਰੇ ਮਨ ਵਿਚ ਕਾਫ਼ੀ ਗੁੱਸਾ ਹੈ। ਤਨਵੀ ਨੇ ਅੱਗੇ ਲਿਖਿਆ ਕਿ ਅਫ਼ਸਰ ਦੀ ਇਸ ਕਾਰਵਾਈ ਨਾਲ ਮੇਰੇ ਮਨ ਨੂੰ ਭਾਰੀ ਠੇਸ ਪੁੱਜੀ ਹੈ। ਉਸ ਨੇ ਮੇਰੇ ਨਾਲ ਕਾਫ਼ੀ ਬੇਰੁਖ਼ੀ ਨਾਲ ਗੱਲ ਕੀਤੀ। ਉਸ ਨੇ ਲਿਖਿਆ ਕਿ ਅਫ਼ਸਰ ਦੀ ਗੱਲਬਾਤ ਦੌਰਾਨ ਆਵਾਜ਼ ਇੰਨੀ ਤੇਜ਼ ਸੀ ਕਿ ਦੂਜੇ ਲੋਕ ਵੀ ਇਸ ਗੱਲਬਾਤ ਨੂੰ ਪੂਰੀ ਤਰ੍ਹਾਂ ਸੁਣ ਰਹੇ ਸਨ। ਪਾਸਪੋਰਟ ਦਫ਼ਤਰ ਦੇ ਦੂਜੇ ਕਰਮਚਾਰੀਆਂ ਨੇ ਵੀ ਉਨ੍ਹਾਂ ਦੀ ਬੇਰੁਖ਼ੀ ਦੀ ਗੱਲ ਮੰਨੀ ਹੈ। ਦਸ ਦਈਏ ਕਿ ਇਸ ਜੋੜੇ ਦਾ ਵਿਆਹ 2007 ਵਿਚ ਹੋਇਆ ਸੀ ਅਤੇ ਉਨ੍ਹਾਂ ਦੋਵਾਂ ਦੀ ਸੱਤ ਸਾਲ ਦੀ ਇਕ ਬੇਟੀ ਵੀ ਹੈ।