ਅੰਤਰਾਸ਼ਟਰੀ ਯੋਗਾ ਦਿਵਸ: ਫ਼ੌਜ ਦੇ ਜਵਾਨਾਂ ਨੇ ਕਹਿਰ ਦੀ ਠੰਡ ਵਿਚ ਵੀ ਕੀਤਾ ਯੋਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

2 ਡੌਗ ਯੂਨਿਟ ਦੇ ਫ਼ੌਜੀ ਕੁੱਤਿਆਂ ਨੇ ਵੀ ਕੀਤਾ ਯੋਗ

Army personnel take part Yoga event

ਨਵੀਂ ਦਿੱਲੀ: ਅੱਜ ਭਾਰਤ ਸਮੇਤ ਦੁਨੀਆ ਭਰ ਵਿਚ ਪੰਜਵਾਂ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਜਾ ਰਿਹਾ ਹੈ। ਪੀਐਮ ਮੋਦੀ ਨੇ ਝਾਰਖੰਡ ਦੇ ਰਾਂਚੀ ਵਿਚ 40 ਹਜ਼ਾਰ ਲੋਕਾਂ ਨਾਲ ਯੋਗਾ ਕੀਤਾ। ਉਥੇ ਹੀ ਮਹਾਰਾਸ਼ਟਰ ਦੇ ਨਾਂਦੇੜ ਵਿਚ ਬਾਬਾ ਰਾਮਦੇਵ ਅਤੇ ਸੀਐਮ ਫਡਣਵੀਸ ਦੇ ਯੋਗਾ ਕਰਦਿਆਂ ਦੀਆਂ ਤਸਵੀਰਾਂ ਸਾਹਮਣੇ ਆਈਆਂ। ਇਸ ਦੇ ਨਾਲ ਹੀ ਭਾਰਤੀ ਫ਼ੌਜ ਦੇ ਜਵਾਨਾਂ ਨੇ ਵੀ ਕਈ ਥਾਵਾਂ ‘ਤੇ ਯੋਗਾ ਕੀਤਾ। ਕੇਂਦਰੀ ਮੰਤਰੀ ਨਿਤਿਨ ਗਡਕਰੀ ਅਤੇ ਧਰਮਿੰਦਰ ਪ੍ਰਧਾਨ ਨੇ ਵੀ ਜਨਤਾ ਨਾਲ ਯੋਗਾ ਕੀਤਾ।

ਇਸ ਮੌਕੇ ‘ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵੇਦਕਰ ਵੀ ਯੋਗਾ ਕਰਦੇ ਨਜ਼ਰ ਆਏ। ਲੋਕ ਸਪੀਕਰ ਓਮ ਬਿਰਲਾ ਨੇ ਸੰਸਦ ਮੈਂਬਰਾਂ ਅਤੇ ਸਟਾਫ ਨਾਲ ਯੋਗਾ ਕੀਤਾ। ਕੇਂਦਰੀ ਮੰਤਰੀ ਅਮਿਤ ਸ਼ਾਹ ਅਤੇ ਹਰਿਆਣਾ ਦੇ ਸੀਐਮ ਮਨੋਹਰ ਲਾਲ ਖੱਟੜ ਨੇ ਰੋਹਤਕ ਵਿਚ ਸੈਂਕੜੇ ਲੋਕਾਂ ਨਾਲ ਯੋਗਾ ਕੀਤਾ। ਮੁੰਬਈ ਦੇ ਗੇਟ ਵੇਅ ਆਫ ਇੰਡੀਆ ‘ਤੇ ਅਦਾਕਾਰਾ ਸ਼ਿਲਪਾ ਸ਼ੈਟੀ ਵੀ ਯੋਗਾ ਕਰਦੇ ਹੋਏ ਨਜ਼ਰ ਆਈ।

ਯੋਗਾ ਦਿਵਸ ਦੇ ਮੌਕੇ ‘ਤੇ ਇਕ ਬਹੁਤ ਹੀ ਦਿਲਚਸਪ ਤਸਵੀਰ ਸਾਹਮਣੇ ਆਈ, ਜਿਸ ਵਿਚ ਭਾਰਤੀ ਫੌਜ ਦੀ ਆਰਮੀ ਡੋਗ ਯੂਨਿਟ ਦੇ ਸਿਪਾਹੀਆਂ ਨਾਲ ਕੁੱਤੇ ਵੀ ਯੋਗਾ ਕਰਦੇ ਨਜ਼ਰ ਆਏ।  ਇਸ ਮੌਕੇ ‘ਤੇ ਭਾਰਤੀ ਜਲ ਸੈਨਾ ਦੇ ਸਿਪਾਹੀਆਂ ਨੇ ਵੀ ਯੋਗਾ ਕੀਤਾ।

ਦੱਸ ਦਈਏ ਕਿ ਅੰਤਰਰਾਸ਼ਟਰੀ ਯੋਗਾ ਦਿਵਸ ਪਹਿਲੀ ਵਾਰ 21 ਜੂਨ 2015 ਵਿਚ ਮਨਾਇਆ ਗਿਆ, ਜਿਸ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 27 ਸਤੰਬਰ 2014 ਨੂੰ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਵਿਚ ਅਪਣੇ ਭਾਸ਼ਣ ਤੋਂ ਕੀਤੀ ਸੀ। ਇਸ ਤੋਂ ਬਾਅਦ 21 ਜੂਨ ਨੂੰ ਅੰਤਰਰਾਸ਼ਟਰੀ ਯੋਗਾ ਦਿਵਸ ਐਲਾਨਿਆ ਗਿਆ। 11 ਦਸੰਬਰ 2014 ਨੂੰ ਸੰਯੁਕਤ ਰਾਸ਼ਟਰ ਵਿਚ 177 ਮੈਂਬਰ ਦੇਸ਼ਾਂ ਨੂੰ 21 ਜੂਨ ਨੂੰ ਯੋਗਾ ਦਿਵਸ ਮਨਾਉਣ ਦੀ ਮਨਜ਼ੂਰੀ ਮਿਲੀ ਸੀ।