ਰੀਕਾਰਡ 78.27 ਰੁਪਏ ਲਿਟਰ ਤਕ ਪਹੁੰਚੀ ਡੀਜ਼ਲ ਦੀ ਕੀਮਤ, ਪਟਰੌਲ ਵੀ ਹੋਇਆ ਮਹਿੰਗਾ!

ਏਜੰਸੀ

ਖ਼ਬਰਾਂ, ਰਾਸ਼ਟਰੀ

ਪਟਰੌਲ ਦੇ ਮੁਲ ਵਿਚ ਕਰਾਂ ਦਾ ਹਿੱਸਾ ਲਗਭਗ 50 ਰੁਪਏ ਜਦਕਿ ਡੀਜ਼ਲ 49 ਰੁਪਏ ਲਿਟਰ ਬੈਠਦੈ

Diesel, petrol

ਨਵੀਂ ਦਿੱਲੀ : ਪਟਰੌਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਐਤਵਾਰ ਨੂੰ ਲਗਾਤਾਰ 15ਵੇਂ ਦਿਨ ਵੀ ਵਾਧੇ ਦਾ ਸਿਲਸਿਲਾ ਜਾਰੀ ਰਿਹਾ। ਪਟਰੌਲ ਦੀ ਕੀਮਤ ਜਿਥੇ 35 ਪੈਸੇ ਪ੍ਰਤੀ ਲਿਟਰ ਹੋਰ ਵਧਾਈ ਗਈ ਹੈ, ਉਥੇ ਡੀਜ਼ਲ ਦੀ ਕੀਮਤ ਵਿਚ ਪੈਸੇ ਪ੍ਰਤੀ ਲਿਟਰ ਦਾ ਵਾਧਾ ਕੀਤਾ ਗਿਆ ਹੈ। ਦਿੱਲੀ ਵਿਚ ਡੀਜ਼ਲ ਦੀ ਕੀਮਤ 78.27 ਰੁਪਏ ਪ੍ਰਤੀ ਲਿਟਰ ਦੇ ਨਵੇਂ ਰੀਕਾਰਡ 'ਤੇ ਪਹੁੰਚ ਗਈ ਹੈ। ਇਸੇ ਤਰ੍ਹਾਂ 15 ਦਿਨਾਂ ਵਿਚ ਡੀਜ਼ਲ ਦੀ ਕੀਮਤ 8.88 ਰੁਪਏ ਪ੍ਰਤੀ ਲਿਟਰ ਵਧੀ ਹੈ ਜਦਕਿ ਪਟਰੌਲ ਦੀ ਕੀਮਤ ਵਿਚ 7.97 ਰੁਪਏ ਪ੍ਰਤੀ ਲਿਟਰ ਦਾ ਵਾਧਾ ਕੀਤਾ ਗਿਆ ਹੈ।

ਪਟਰੌਲੀਅਮ ਵੰਡ ਕੰਪਨੀਆਂ ਦੇ ਨੋਟੀਫ਼ੀਕੇਸ਼ਨ ਮੁਤਾਬਕ ਹੁਣ ਦਿੱਲੀ ਵਿਚ ਪਟਰੌਲ ਦੀ ਕੀਮਤ 78.88 ਰੁਪਏ ਪ੍ਰਤੀ ਲਿਟਰ ਤੋਂ ਵੱਧ ਕੇ 79.23 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਡੀਜ਼ਲ ਦੀ ਕੀਮਤ 77.67 ਰੁਪਏ ਪ੍ਰਤੀ ਲਿਟਰ ਤੋਂ ਵੱਧ ਕੇ 78.27 ਰੁਪਏ ਪ੍ਰਤੀ ਲਿਟਰ 'ਤੇ ਪਹੁੰਚ ਗਈ ਹੈ। ਵਾਹਨ ਤੇਲ ਦੀਆਂ ਕੀਮਤਾਂ ਵਿਚ ਦੇਸ਼ ਭਰ ਵਿਚ ਵਾਧਾ ਹੋਇਆ ਹੈ ਹਾਲਾਂਕਿ ਸਥਾਨਕ ਵਿਕਰੀ ਕਰ ਜਾਂ ਵੈਟ ਕਾਰਨ ਵੱਖ ਵੱਖ ਰਾਜਾਂ ਵਿਚ ਇਹ ਵਾਧਾ ਵੱਖੋ ਵੱਖ ਹੁੰਦਾ ਹੈ।

ਤੇਲ ਦੇ ਪਰਚੂਨ ਮੁਲ ਵਿਚ ਕਰਾਂ ਦਾ ਹਿੱਸਾ ਲਗਭਗ ਦੋ ਤਿਹਾਈ ਬੈਠਦਾ ਹੈ। ਪਟਰੌਲ ਦੇ ਮਾਮਲੇ ਵਿਚ ਕਰਾਂ ਦਾ ਹਿੱਸਾ 50.69 ਰੁਪਏ ਪ੍ਰਤੀ ਲਿਟਰ ਜਾਂ 64 ਫ਼ੀ ਸਦੀ ਹੈ ਜਿਸ ਵਿਚ 32.98 ਰੁਪਏ ਕੇਂਦਰੀ ਉਤਪਾਦ ਫ਼ੀਸ ਅਤੇ 17.71 ਰੁਪਏ ਸਥਾਨਕ ਵਿਕਰੀ ਕਰ ਜਾਂ ਵੈਟ ਹੈ। ਡੀਜ਼ਲ ਦੇ ਮੁਲ ਵਿਚ ਕਰਾਂ ਦਾ ਹਿੱਸਾ ਲਗਭਗ 63 ਫ਼ੀ ਸਦੀ ਹੈ।

ਇਹ ਪ੍ਰਤੀ ਲਿਟਰ 49.43 ਰੁਪਏ ਬੈਠਦਾ ਹੈ ਜਿਸ ਵਿਚ 31.83 ਰੁਪਏ ਕੇਂਦਰੀ ਟੈਕਸ ਅਤੇ 17.60 ਰੁਪਏ ਵੈਟ ਹੈ। ਮੁੰਬਈ ਵਿਚ ਪਟਰੌਲ ਦੀ ਕੀਮਤ ਵੱਧ ਕੇ 86.04 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਦੀ ਕੀਮਤ 76.69 ਰੁਪਏ ਪ੍ਰਤੀ ਲਿਟਰ ਹੋ ਗਈ ਹੈ।

ਇਸ ਤੋਂ ਪਹਿਲਾਂ, 16 ਅਕਤੂਬਰ 2018 ਨੂੰ ਦਿੱਲੀ ਵਿਚ ਡੀਜ਼ਲ ਦੀ ਕੀਮਤ 75.69 ਰੁਪਏ ਪ੍ਰਤੀ ਲਿਟਰ ਦੇ ਸੱਭ ਤੋਂ ਉੱਚੇ ਪੱਧਰ 'ਤੇ ਪਹੁੰਚੀ ਸੀ। ਹੁਣ ਡੀਜ਼ਲ ਕੀਮਤਾਂ ਨੇ ਇਸ ਰੀਕਾਰਡ ਨੂੰ ਪਿੱਛੇ ਛੱਡ ਦਿਤਾ ਹੈ। ਦਿੱਲੀ ਵਿਚ ਪਟਰੌਲ ਦੀ ਕੀਮਤ ਚਾਰ ਅਕਤੂਬਰ 2018 ਨੂੰ 84 ਰੁਪਏ ਪ੍ਰਤੀ ਲਿਟਰ ਦੇ ਸੱਭ ਤੋਂ ਉੱਚੇ ਪੱਧਰ 'ਤੇ ਪਹੁੰਚੀ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ ।