ਮਣੀਪੁਰ ਵੀਡੀਉ ਮਾਮਲਾ: ਮਾਮਲੇ ਵਿਚ 4 ਮੁਲਜ਼ਮ ਗ੍ਰਿਫ਼ਤਾਰ
2 ਔਰਤਾਂ ਨਾਲ ਦਰਿੰਦਗੀ ਕਰਨ ਵਾਲਿਆਂ ਵਿਰੁਧ FIR ਦਰਜ
ਮਣੀਪੁਰ 'ਚ ਔਰਤਾਂ ਨੂੰ ਬਗ਼ੈਰ ਕਪੜਿਆਂ ਤੋਂ ਘੁਮਾਉਣ ਅਤੇ ਉਨ੍ਹਾਂ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੀ ਘਟਨਾ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿਤਾ ਹੈ। ਬੁੱਧਵਾਰ ਨੂੰ ਜਦੋਂ ਇਸ ਦਰਿੰਦਗੀ ਦੀ ਵੀਡੀਉ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਤਾਂ ਸਰਕਾਰ ਅਤੇ ਆਮ ਲੋਕਾਂ ਸਮੇਤ ਹਰ ਕਿਸੇ ਦੇ ਹੋਸ਼ ਉੱਡ ਗਏ। ਕੋਈ ਵੀ ਅਪਣੀਆਂ ਅੱਖਾਂ 'ਤੇ ਵਿਸ਼ਵਾਸ ਨਹੀਂ ਕਰ ਸਕਦਾ ਸੀ। ਇਸ ਘਟਨਾ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਕੇ ਰੱਖ ਦਿਤਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਔਰਤਾਂ ਵਲੋਂ ਕਤਲ ਕਰਨ ਦੀ ਦਰ 'ਚ 45 ਫ਼ੀ ਸਦੀ ਵਾਧਾ, 4 ਸਾਲਾਂ 'ਚ ਸਾਹਮਣੇ ਆਏ 209 ਕਤਲ ਦੇ ਮਾਮਲੇ
ਹਾਲਾਂਕਿ, ਇਹ ਘਟਨਾ 4 ਮਈ ਨੂੰ ਵਾਪਰੀ ਸੀ, ਜਦੋਂ ਕਿ ਐਫ਼.ਆਈ.ਆਰ. ਲਗਭਗ ਡੇਢ ਮਹੀਨੇ ਬਾਅਦ 21 ਜੂਨ ਨੂੰ ਦਰਜ ਕੀਤੀ ਗਈ ਸੀ। ਦੂਜੇ ਪਾਸੇ ਮਾਮਲੇ ਦੇ ਪਹਿਲੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਸੂਬਾ ਪੁਲਿਸ ਨੇ ਕਿਹਾ ਕਿ ਇਸ ਮਾਮਲੇ ਵਿਚ ਹੋਰ ਮੁਲਜ਼ਮਾਂ ਨੂੰ ਵੀ ਕਾਬੂ ਕੀਤਾ ਗਿਆ ਹੈ। ਇਸ ਨਾਲ ਗ੍ਰਿਫ਼ਤਾਰੀਆਂ ਦੀ ਕੁੱਲ ਗਿਣਤੀ ਚਾਰ ਹੋ ਗਈ ਹੈ। ਇਨ੍ਹਾਂ ਵਿਚੋਂ ਇੱਕ ਨੂੰ ਕੱਲ੍ਹ ਸਵੇਰੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਵੀਰਵਾਰ ਸਵੇਰੇ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਛਾਣ 32 ਸਾਲਾ ਹੁਇਰਮ ਹਰਦਾਸ ਸਿੰਘ ਵਜੋਂ ਹੋਈ ਹੈ। ਔਰਤਾਂ ਦੀ ਵੀਡੀਉ ਵਾਇਰਲ ਹੋਣ ਤੋਂ ਬਾਅਦ ਉਸ ਨੂੰ ਥੌਬਲ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਇਸ ਘਟਨਾ ਸਬੰਧੀ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਵੀ 62 ਦਿਨਾਂ ਤੋਂ ਦੋ ਥਾਣਿਆਂ 'ਚ ਐਫ਼.ਆਈ.ਆਰ. ਜਦਕਿ ਸੂਬੇ ਵਿੱਚ ਕਈ ਉੱਚ ਪੱਧਰੀ ਮੀਟਿੰਗਾਂ ਹੋਈਆਂ।
ਇਹ ਵੀ ਪੜ੍ਹੋ: ਮੋਹਾਲੀ ਦੇ ਕਈ ਇਲਾਕਿਆਂ 'ਚ ਪਿਛਲੇ ਇਕ ਹਫ਼ਤੇ ਤੋਂ ਪਾਣੀ ਦੀ ਸਪਲਾਈ ਠੱਪ
ਮੀਡੀਆ ਰੀਪੋਰਟਾਂ ਅਨੁਸਾਰ ਐਫ਼.ਆਈ.ਆਰ. ਨੂੰ ਸਬੰਧਤ ਥਾਣੇ ਵਿਚ ਤਬਦੀਲ ਕਰਨ ਵਿਚ ਇੱਕ ਮਹੀਨੇ ਤੋਂ ਵੱਧ ਸਮਾਂ ਲੱਗ ਗਿਆ ਕਿਉਂਕਿ ਪੀੜਤ ਅਪਣੇ ਘਰੋਂ ਭੱਜ ਗਏ ਸਨ ਅਤੇ ਕਿਸੇ ਹੋਰ ਜ਼ਿਲ੍ਹੇ ਦੀ ਪੁਲਿਸ ਕੋਲ ਪਹੁੰਚ ਗਏ ਸਨ।ਪੀੜਤ ਔਰਤ ਦੇ 19 ਸਾਲਾ ਭਰਾ ਅਤੇ ਪਿਤਾ ਨੂੰ ਜਾਨੋਂ ਮਾਰ ਦਿਤਾ ਗਿਆ ਜਦਕਿ ਸਥਾਨਕ ਪੁਲਿਸ ਵਲੋਂ ਵੀ ਉਨ੍ਹਾਂ ਦਾ ਬਚਾਅ ਨਹੀਂ ਕੀਤਾ ਗਿਆ ਸਗੋਂ ਭੀੜ ਦੇ ਸਾਹਮਣੇ ਮੂਕ ਦਰਸ਼ਕ ਬਣੇ ਰਹੇ।
ਉਧਰ ਵੀਡੀਉ ਵਾਇਰਲ ਹੋਣ ਮਗਰੋਂ ਹੁਣ ਸੂਬੇ ਵਿਚ ਚੌਕਸੀ ਵਰਤੀ ਜਾ ਰਹੀ ਹੈ ਅਤੇ ਮਣੀਪੁਰ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਵੱਖ-ਵੱਖ ਥਾਵਾਂ 'ਤੇ 129 ਜਗ੍ਹਾ ਨਾਕੇਬੰਦੀ ਕੀਤੀ ਗਈ ਹੈ। ਵੱਖ-ਵੱਖ ਜ਼ਿਲ੍ਹਿਆਂ ਵਿਚ ਹਿੰਸਕ ਘਟਨਾਵਾਂ ਵਿਚ ਸ਼ਾਮਲ 657 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ।
ਪੁਲਿਸ ਵਲੋਂ ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਸੂਬੇ ਵਿਚ ਸ਼ਾਂਤੀ ਬਣਾ ਕੇ ਰੱਖੀ ਜਾਵੇ ਅਤੇ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ 'ਤੇ ਯਕੀਨ ਨਾ ਕੀਤਾ ਜਾਵੇ। ਸਥਿਤੀ ਨੂੰ ਕਾਬੂ ਹੇਠ ਰੱਖਣ ਲਈ ਪੁਲਿਸ ਵਲੋਂ 9233522822 ਨੰਬਰ ਵੀ ਜਾਰੀ ਕੀਤਾ ਹੈ ਅਤੇ ਕਿਹਾ ਹੈ ਕਿ ਅਸਲਾ ਅਤੇ ਹੋਰ ਧਮਾਕਾਖੇਜ਼ ਸਮੱਗਰੀ ਪੁਲਿਸ ਜਾਂ ਸੁਰੱਖਿਆ ਬਲਾਂ ਨੂੰ ਵਾਪਸ ਕੀਤੀ ਜਾਵੇ।