ਰਾਣਾ ਸੋਢੀ ਨੇ ਕੇਂਦਰੀ ਮੰਤਰੀ ਨੂੰ ਸੌਂਪਿਆ ਸਰਹੱਦੀ ਖੇਤਰ ਦੇ ਲੋਕਾਂ ਦੀਆਂ ਮੁਸ਼ਕਲਾਂ ਸਬੰਧੀ ਮੰਗ ਪੱਤਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

 ਕੇਂਦਰੀ ਰੱਖਿਆ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ ਦੇ ਹੁਸੈਨੀਵਾਲਾ ਦੇ ਦੌਰੇ ਦੌਰਾਨ ਪੰਜਾਬ ਦੇ ਖੇਡ ਤੇ ਯੁਵਕ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ...

Rana Sodhi

ਚੰਡੀਗੜ੍ਹ :- ਕੇਂਦਰੀ ਰੱਖਿਆ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ ਦੇ ਹੁਸੈਨੀਵਾਲਾ ਦੇ ਦੌਰੇ ਦੌਰਾਨ ਪੰਜਾਬ ਦੇ ਖੇਡ ਤੇ ਯੁਵਕ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਸਰਹੱਦੀ ਖੇਤਰ ਦੇ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਮੰਗ ਪੱਤਰ ਸੌਂਪਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਣਾ ਸੋਢੀ ਨੇ ਦੱਸਿਆ ਕਿ ਉਨ੍ਹਾਂ ਕੇਂਦਰੀ ਰੱਖਿਆ ਮੰਤਰੀ ਨੂੰ ਸੌਂਪੇ ਮੰਗ ਪੱਤਰ ਵਿੱਚ ਮੰਗ ਕੀਤੀ ਕਿ ਪਾਕਿਸਤਾਨ ਨਾਲ ਲੱਗਦੀ ਕੌਮਾਂਤਰੀ ਸਰਹੱਦ ਨੇੜਲੇ ਕੰਢਿਆਲੀ ਤਾਰ ਪਾਰਲੇ ਕਿਸਾਨਾਂ ਨੂੰ ਮੁਆਵਜ਼ੇ ਦੀ ਰਾਸ਼ੀ ਵਧਾ ਕੇ 20 ਹਜ਼ਾਰ ਰੁਪਏ ਕੀਤੀ ਜਾਵੇ।

ਇਸ ਤੋਂ ਇਲਾਵਾ ਜਿਹੜੇ ਕਿਸਾਨਾਂ ਨੂੰ ਆਪਣੀ ਫਸਲ ਪਾਲਣ ਲਈ ਡੀਜ਼ਲ ਫੂਕਣਾ ਪੈਂਦਾ ਹੈ, ਉਨ੍ਹਾਂ ਨੂੰ ਬਿਜਲੀ ਦੇ ਕੁਨੈਕਸ਼ਨ ਦੇਣ ਲਈ ਸੈਨਾ ਵੱਲੋਂ 'ਇਤਰਾਜ਼ਹੀਣਤਾ ਸਰਟੀਫਿਕੇਟ' ਜਾਰੀ ਕੀਤੇ ਜਾਣ। ਇਸ ਤੋਂ ਇਲਾਵਾ ਕੰਢਿਆਲੀ ਤਾਰ ਪਾਰ ਕਾਸ਼ਤ ਕਰਦੇ ਗਰੀਬ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦਿੱਤੇ ਜਾਣ। ਰਾਣਾ ਸੋਢੀ ਨੇ ਕਿਹਾ ਕਿ ਉਨ੍ਹਾਂ ਕੈਂਟ ਖੇਤਰ ਸਬੰਧੀ ਵੀ ਲੋਕਾਂ ਦੀ ਮੁਸ਼ਕਲਾਂ ਬਾਰੇ ਰੱਖਿਆ ਮੰਤਰੀ ਨੂੰ ਜਾਣੂੰ ਕਰਵਾਇਆ। ਕੈਂਟ ਖੇਤਰ ਦੀਆਂ ਜਿਹੜੀਆਂ ਪੁਰਾਣੀਆਂ ਇਮਾਰਤਾਂ ਖਸਤਾ ਹਾਲਤ ਵਿੱਚ ਹਨ, ਉਨ੍ਹਾਂ ਦੀ ਰਿਪੇਅਰ ਦੀ ਇਜਾਜ਼ਤ ਦਿੱਤੀ ਜਾਵੇ।  

ਕੈਂਟ ਖੇਤਰ ਵਿਚਲੀਆਂ ਜਾਇਦਾਦਾਂ ਦੀ ਮਾਲਕੀ ਤਬਦੀਲੀ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਲੋਕ ਹਾਊਸ ਲੋਨ ਜਿਹੇ ਲਾਭ ਹਾਸਲ ਕਰ ਸਕਣ। ਬਰਤਾਨਵੀ ਸਮੇਂ ਦੇ ਉਸ ਪੁਰਾਣੇ ਕਾਨੂੰਨ ਨੂੰ ਖਤਮ ਕੀਤਾ ਜਾਵੇ ਜਿਸ ਤਹਿਤ ਇਕ ਵਿਦੇਸ਼ੀ ਤਾਂ ਜਾਇਦਾਦ ਖਰੀਦ ਸਕਦਾ ਸੀ ਪਰ ਕਿਸੇ ਭਾਰਤੀ ਵਿਅਕਤੀ ਨੂੰ ਜਾਇਦਾਦ ਦੀ ਕੀਮਤ ਪੰਜ ਹਜ਼ਾਰ ਰੁਪਏ ਤੋਂ ਵੱਧ ਹੋਣ ਦੀ ਸੂਰਤ ਵਿੱਚ ਖਰੀਦ ਸਬੰਧੀ ਇਜਾਜ਼ਤ ਲੈਣੀ ਪੈਂਦੀ ਸੀ। ਕੈਂਟੋਨਮੈਂਟ ਐਕਟ 2006 ਵਿੱਚ ਸੋਧ ਕੀਤੀ ਜਾਵੇ ਤਾਂ ਜੋ ਸਿਵਲ ਖੇਤਰ ਵਿੱਚ ਸੈਨਾ ਦੀ ਕੋਈ ਦਖਲਅੰਦਾਜ਼ੀ ਨਾ ਹੋਵੇ।

ਜਿਨ੍ਹਾਂ ਜਾਇਦਾਦਾਂ ਦੀ ਲੀਜ਼ ਖਤਮ ਹੋ ਚੁੱਕੀ ਹੈ, ਉਸ ਨੂੰ ਨਵਿਆਇਆ ਜਾਵੇ ਅਤੇ ਇਨ੍ਹਾਂ ਜਾਇਦਾਦਾਂ ਨੂੰ ਫਰੀਹੋਲਡ ਐਲਾਨਣ ਸਬੰਧੀ ਨੀਤੀ ਬਣਾਈ ਜਾਵੇ। ਭੌਂ-ਨੀਤੀ ਬਣਾਉਂਦੇ ਸਮੇਂ ਲੋਕ ਪ੍ਰਤੀਨਿਧੀਆਂ ਦੀ ਸ਼ਮੂਲੀਅਤ ਵੀ ਯਕੀਨੀ ਬਣਾਈ ਜਾਵੇ। ਰਾਣਾ ਸੋਢੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਉਠਾਈਆਂ ਮੰਗਾਂ 'ਤੇ ਰੱਖਿਆ ਮੰਤਰੀ ਨੇ ਹਾਂਪੱਖੀ ਹੁੰਗਾਰਾ ਦਿੱਤਾ। ਰੱਖਿਆ ਮੰਤਰੀ ਨੇ ਜਿੱਥੇ ਬਿਜਲੀ ਦੇ ਕੁਨੈਕਸ਼ਨ ਲਈ 'ਇਤਰਾਜ਼ਹੀਣਤਾ ਸਰਟੀਫਿਕੇਟ' ਜਾਰੀ ਕਰਨ ਦੀ ਸਿਧਾਂਤਕ ਸਹਿਮਤੀ ਦਿੱਤੀ ਉਥੇ ਬਾਕੀ ਮੰਗਾਂ 'ਤੇ ਵੀ ਵਿਚਾਰ ਕਰਨ ਦਾ ਭਰੋਸਾ ਦਿੱਤਾ।