ਪਿਆਰ ਦੀ ਅਨੋਖੀ ਮਿਸਾਲ, ਪਤੀ ਨੇ ਪਤਨੀ ਨੂੰ ਸਮਰਪਿਤ ਕੀਤਾ ਪੂਰਾ ਜੀਵਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

21 ਦਸੰਬਰ 2018 ਨੂੰ ਭਾਰਤ ਦੇ ਅਸਾਮ ਦੀ ਇਕ ਗਾਇਕਾ ਦਿਪਾਲੀ ਬੋਰਠਾਕੁਰ ਨੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ ਸੀ।

Dipali and Nilpaban

ਅਸਾਮ: 21 ਦਸੰਬਰ 2018 ਨੂੰ ਭਾਰਤ ਦੇ ਅਸਾਮ ਦੀ ਇਕ ਗਾਇਕਾ ਦਿਪਾਲੀ ਬੋਰਠਾਕੁਰ ਨੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ ਸੀ। ਦਿਪਾਲੀ ਦੀ ਸੁਰੀਲੀ ਅਵਾਜ਼ ਨੇ ਸੱਠ ਦੇ ਦਹਾਕੇ ਵਿਚ ਸੂਬੇ ਦੇ ਲੋਕਾਂ ਦੇ ਦਿਲਾਂ ‘ਤੇ ਰਾਜ ਕੀਤਾ। ਉਹਨਾਂ ਨੂੰ ‘ਅਸਾਮ ਦੀ ਲਤਾ ਮੰਗੇਸ਼ਕਰ’ ਵੀ ਕਿਹਾ ਜਾਂਦਾ ਹੈ। ਦਿਪਾਲੀ ਬੋਰਠਾਕੁਰ ਦਾ ਜਨਮ ਅਸਾਮ ਦੇ ਸ਼ਿਵਸਾਗਰ ਵਿਖੇ ਹੋਇਆ। ਉਹਨਾਂ ਦੇ ਜ਼ਿਆਦਾਤਰ ਗੀਤ ਅਸਾਮੀ ਭਾਸ਼ਾ ਵਿਚ ਹੀ ਹਨ। ਉਹਨਾਂ ਨੂੰ 1998 ਵਿਚ ਭਾਰਤ ਦਾ ਚੌਥਾ ਸਭ ਤੋਂ ਵੱਡਾ ਨਾਗਰਿਕ ਪੁਰਸਕਾਰ, ਪਦਮ ਸ਼੍ਰੀ ਅਵਾਰਡ ਮਿਲਿਆ ਸੀ।

ਸ਼ਿਵਸਾਗਰ ਦੀ ਰਹਿਣ ਵਾਲੀ ਬੋਰਠਾਕੁਰ ਉਸ ਸਮੇਂ ਬਿਲਕੁਲ ਅਣਜਾਣ ਸੀ ਜਦੋਂ ਉਸ ਨੇ 1956 ਵਿਚ ਰਾਜ ਪੱਧਰੀ ਸੰਗੀਤ ਮੁਕਾਬਲੇ ਵਿਚ ਅਪਣੀ ਜ਼ਿੰਦਗੀ ਦਾ ਸਭ ਤੋਂ ਪਹਿਲਾ ਅਵਾਰਡ ਪ੍ਰਾਪਤ ਕੀਤਾ। 1958 ਵਿਚ ਉਹ ਅਸਾਮ ਦੀ ਇਕ ਮਸ਼ਹੂਰ ਕਲਾਕਾਰ ਬਣ ਗਈ। ਆਲ ਇੰਡੀਆ ਰੇਡੀਓ ਗੁਵਾਹਟੀ ਉਹਨਾਂ ਦੇ ਗੀਤਾਂ ਦਾ ਦੈਨਿਕ ਪ੍ਰਸਾਰਣ ਕਰਦਾ ਸੀ ਅਤੇ ਅਸਾਮ ਦੇ ਹਰ ਸਭਿਆਚਾਰਕ ਸਮਾਗਮ ਵਿਚ ਉਸ ਦੀ ਹਾਜ਼ਰੀ ਲਾਜ਼ਮੀ ਹੋ ਗਈ ਸੀ।

 

ਉਹਨਾਂ ਦੇ ਮਸ਼ਹੂਰ ਗਾਣਿਆਂ ਵਿਚ Xunor Kharu Nalage MukJoubone Aamoni KoreChenaidhonJundhone JunaliteKonmana Boroxire SipSenai Moi Jau Dei and O’ Bondhu Somoi Pale Amar Phale ਆਦਿ ਗਾਣੇ ਸ਼ਾਮਲ ਹਨ। ਬੋਰਠਾਕੁਰ ਦੀ ਜ਼ਿੰਦਗੀ ਨੇ ਅਜੀਬ ਮੋੜ ਉਸ ਸਮੇਂ ਲਿਆ ਜਦੋਂ 1968 ਵਿਚ ਉਸ ਨੂੰ ਅਪਣੀ ਗੰਭੀਰ ਦਿਮਾਗੀ ਬਿਮਾਰੀ ਬਾਰੇ ਪਤਾ ਚੱਲਿਆ। ਇਸ ਸਥਿਤੀ ਨੇ ਨਾ ਸਿਰਫ਼ ਦਿਪਾਲੀ ਨੂੰ ਕਮਜ਼ੋਰ ਕਰ ਦਿੱਤਾ ਬਲਕਿ ਉਸ ਦੀ ਸੁਰੀਲੀ ਅਵਾਜ਼ ਨੂੰ ਵੀ ਪ੍ਰਭਾਵਿਤ ਕੀਤਾ।

ਬੋਰਠਾਕੁਰ ਉਸ ਸਮੇਂ ਸਿਰਫ਼ 27 ਸਾਲ ਦੀ ਸੀ। ਹਰ ਕੋਈ ਜਾਣਦਾ ਸੀ ਕਿ ਇਹ ਇਕ ਉੱਭਰ ਰਹੇ ਸਿਤਾਰੇ ਦਾ ਅੰਤ ਹੈ। ਬਿਮਾਰੀ ਤੋਂ ਕੁਝ ਸਮੇਂ ਬਾਅਦ ਹੀ ਉਸ ਦੇ ਸਰੀਰ ਦੀ ਹਿਲਜੁਲ ਹੋਣੀ ਬੰਦ ਹੋ ਰਹੀ ਸੀ ਅਤੇ ਉਹ ਇਕ ਵਹੀਲ ਚੇਅਰ ਸੀ। ਨੀਲਪਾਬਨ ਬਰੂਆ ਨਾਂਅ ਦਾ ਇਕ ਨੌਜਵਾਨ ਕਲਾਕਾਰ ਉਸ ਦੀ ਜ਼ਿੰਦਗੀ ਵਿਚ ਆਇਆ। ਬਰੂਆ ਪਹਿਲਾਂ ਤੋਂ ਹੀ ਕਲਾਤਮਕ ਹਲਕਿਆਂ ਵਿਚ ਮੰਨਿਆ ਪ੍ਰਮੰਨਿਆ ਨਾਂਅ ਹੈ, ਜੋ ਕਿ ਅਸਾਮ ਫਾਈਨ ਆਰਟਸ ਐਂਡ ਕਰਾਫਟ ਸੁਸਾਇਟੀ ਸ਼ੁਰੂ ਕਰਨ ਦੇ ਸੁਪਨੇ ਨਾਲ ਸ਼ਾਂਤੀਨੀਕੇਤਨ ਤੋਂ ਗ੍ਰੈਜੂਏਸ਼ਨ ਕਰ ਕੇ ਗੁਵਾਹਟੀ ਆਏ ਸਨ।

ਇਸ ਨਾਂਅ ਨੇ ਬੋਰਠਾਕੁਰ ਦੇ ਦਿਲ ਨੂੰ ਨਵੀਂ ਧੜਕਨ ਦਿੱਤੀ। ਇਕ ਟੀਵੀ ਨੂੰ ਦਿੱਤੀ ਗਈ ਇੰਟਰਵਿਊ ਦੌਰਾਨ ਬਰੂਆ ਨੇ ਦੱਸਿਆ ਕਿ ਉਹਨਾਂ ਨੇ ਪਹਿਲੀ ਵਾਰ ਦਿਪਾਲੀ ਨੂੰ ਅਪਣੀ ਭੈਣ ਦੇ ਘਰ ਦੇਖਿਆ ਸੀ ਅਤੇ ਉਸ ਦੌਰਾਨ ਉਹਨਾਂ ਨੂੰ ਦਿਪਾਲੀ ਨਾਲ ਪਿਆਰ ਹੋ ਗਿਆ। 1976 ਵਿਚ ਉਹਨਾਂ ਦੋਵਾਂ ਦਾ ਵਿਆਹ ਹੋਇਆ। ਉਹਨਾਂ ਕਿਹਾ ਕਿ ਇਸ ਫ਼ੈਸਲੇ ਦਾ ਉਹਨਾਂ ਦੇ ਪਿਤਾ ਨੇ ਕਦੀ ਵਿਰੋਧ ਨਹੀਂ ਕੀਤਾ ਕਿਉਂਕਿ ਉਹ ਇਕ ਕਵੀ ਦੀਆਂ ਭਾਵਨਾਵਾਂ ਨੂੰ ਸਮਝ ਸਕਦੇ ਸੀ।

ਉਹਨਾਂ ਕਿਹਾ ਕਿ ਅਸੀਂ ਕਦੀ ਵੀ ਕਿਸੇ ਪਦਾਰਥਵਾਦੀ ਚੀਜ਼ ਲਈ ਨਹੀਂ ਤਰਸੇ ਉਹਨਾਂ ਨੂੰ ਸਿਰਫ਼ ਸ਼ਾਂਤੀ ਅਤੇ ਸਮਝ ਚਾਹੀਦੀ ਸੀ। ਅਜਿਹੀ ਦੁਨੀਆਂ ਵਿਚ ਜਿੱਥੇ ਕਿਸੇ ਦਾ ਮੁੱਲ ਉਸ ਦੀ ਬਾਹਰੀ ਸੁੰਦਰਤਾ ਅਤੇ ਬੈਂਕ ਬੈਲੇਂਸ ਤੋਂ ਪਤਾ ਚੱਲਦਾ ਹੈ, ਬਰੂਆ ਦਾ ਨਿਸਵਾਰਥ ਫ਼ੈਸਲਾ ਇਕ ਅਜਿਹੀ ਔਰਤ ਨਾਲ ਵਿਆਹ ਕਰਨਾ ਸੀ ਜਿਸ ਦੀ ਹਾਲਤ ਦਿਨ ਪ੍ਰਤੀ ਦਿਨ ਵਿਗੜਦੀ ਜਾ ਰਹੀ ਸੀ। ਅਗਲੇ 43 ਸਾਲਾਂ ਤੱਕ ਬਰੂਆ ਨੇ ਹਰ ਦਿਨ ਬੋਰਠਾਕੁਰ ਦੀ ਦੇਖਭਾਲ ਕਰਨ ਵਿਚ ਬਤੀਤ ਕੀਤਾ। ਉਹਨਾਂ ਨੇ ਹਰ ਰੋਜ਼ ਬੋਰਠਾਕੁਰ ਦੀ ਲੋੜਾਂ ਦਾ ਧਿਆਨ ਰੱਖਿਆ।

ਇਕ ਅਜਿਹਾ ਸਮਾਂ ਵੀ ਆਇਆ ਜਦੋਂ ਇਸ ਜੋੜੇ ਨੇ ਕਈ ਮੁਸ਼ਕਲਾਂ ਦਾ ਸਾਹਮਣਾ ਕੀਤਾ। ਕਲਾ ‘ਤੇ ਨਿਰਭਰ ਇਕ ਵਿਅਕਤੀ ਕੋਲ ਬੋਰਠਾਕੁਰ ਦੀਆਂ ਮੈਡੀਕਲ ਜਰੂਰਤਾਂ ਨੂੰ ਪੂਰਾ ਨਹੀਂ ਕਰ ਸਕਦਾ ਸੀ। ਇਸ ਨਾਲ ਉਨ੍ਹਾਂ ਨੇ ਆਪਣੀ ਰੋਜ਼ੀ-ਰੋਟੀ ਕਮਾਉਣ ਦਾ ਤਰੀਕਾ ਲੱਭਿਆ। ਉਹਨਾਂ ਨੇ ਇਕ ਚਾਹ ਦੇ ਸਟਾਲ ਤੋਂ ਸ਼ੁਰੂ ਕੀਤਾ ਅਤੇ ਉਸ ਤੋਂ ਬਾਅਦ ਉਹਨਾਂ ਨੇ ਕਿਰਾਏ ‘ਤੇ ਰਿਕਸ਼ਾ ਦਿਤਾ। ਇਸ ਤੋਂ ਪਹਿਲਾਂ ਕਿ ਸੂਬਾ ਸਰਕਾਰ ਉਹਨਾਂ ਦੀ ਪੈਨਸ਼ਨ ਨੂੰ ਮਨਜ਼ੂਰੀ ਦਿੰਦੀ ਉਹਨਾਂ ਨੇ ਪਹਿਲਾਂ ਹੀ ਅਪਣੀ ਕਮਾਈ ਕਰਨੀ ਸ਼ੁਰੂ ਕਰ ਦਿੱਤੀ।

ਇੰਟਰਵਿਊ ਦੌਰਾਨ ਬਰੂਆ ਨੇ ਕਿਹਾ, ‘ਪਿਆਰ ਰੱਬ ਹੈ ਅਤੇ ਇਸ ਦੇ ਲਈ ਕੋਈ ਵਿਕਲਪ ਨਹੀਂ ਹੋ ਸਕਦਾ। ਪਿਆਰ ਕੁਰਬਾਨੀ ਹੈ ਅਤੇ ਵਿਆਹ ਘਰ ਵਿਚ ਪਿਆਰ ਦੇ ਵਾਤਾਵਰਨ ਨੂੰ ਬਣਾਈ ਰੱਖਣਾ ਹੈ’। ਦਿਪਾਲੀ ਦੀ ਮੌਤ ਦੀ ਖ਼ਬਰ ਸੁਣ ਕੇ ਪੂਰੇ ਸੂਬੇ ਵਿਚ ਸੋਗ ਦੀ ਲਹਿਰ ਦੌੜ ਪਈ ਅਤੇ ਪੂਰੀ ਜ਼ਿੰਦਗੀ ਅਪਣੀ ਪਤਨੀ ਨੂੰ ਸਮਰਪਿਤ ਕਰਨ ਵਾਲੇ ਬਰੂਆ ਲਈ ਇਹ ਕਦੀ ਨਾ ਪੂਰਾ ਹੋਣ ਵਾਲਾ ਘਾਟਾ ਸੀ। ਉਹਨਾਂ ਦੀ ਮੌਤ ਦੇ ਨਾਲ ਨਾ ਸਿਰਫ਼ ਦੁਨੀਆ ਨੂੰ ਇਕ ਸੁਰੀਲੀ ਅਵਾਜ਼ ਨੇ ਅਲਵਿਦਾ ਕਿਹਾ ਬਲਕਿ ਇਕ ਬੇਮਿਸਾਲ ਪ੍ਰੇਮ ਕਹਾਣੀ ਦਾ ਵੀ ਅੰਤ ਹੋ ਗਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।