ਹੜ੍ਹ ਪ੍ਰਭਾਵਤ ਖੇਤਰ ਵਿਖੇ ਮੁਸਲਿਮ ਜਥੇਬੰਦੀਆਂ ਨੇ ਮੈਡੀਕਲ ਕੈਂਪ ਲਗਾ ਕੇ ਸਾਂਝ ਦੀ ਮਿਸਾਲ ਦਿੱਤੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਮੈਡੀਕਲ ਟੀਮਾਂ ਨੇ ਦਿਨ ਭਰ ਲਗਭਗ 700 ਮਰੀਜ਼ਾਂ ਦੀ ਜਾਂਚ ਕਰ ਕੇ ਉਨ੍ਹਾਂ ਨੂੰ ਲੋੜੀਂਦੀਆਂ ਦਵਾਈਆਂ ਵੰਡੀਆਂ

Muslim organizations set up medical camps in flood-hit area

ਮਾਲੇਰਕੋਟਲਾ : ਮੁਸਲਿਮ ਸਮਾਜ ਸੇਵੀ ਜਥੇਬੰਦੀ 'ਸੁਸਾਇਟੀ ਫ਼ਾਰ ਬਰ੍ਹਾਈਟ ਫ਼ਿਊਚਰ' ਦੀ ਅਗਵਾਈ ਸਥਾਨਕ ਲਗਭਗ ਇਕ ਦਰਜਨ ਹੋਰ ਮੁਸਲਿਮ ਸਮਾਜ ਸੇਵੀ ਜਥੇਬੰਦੀਆਂ ਵਲੋਂ ਪਿੰਡ ਮੰਡੀ ਚੋਲੀਆਂ (ਜ਼ਿਲ੍ਹਾ ਜਲੰਧਰ) ਵਿਖੇ ਇਕ ਵਿਸ਼ੇਸ਼ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ ਤਾਂ ਜੋ ਇਸ ਬੁਰੀ ਤਰ੍ਹਾਂ ਹੜ੍ਹ ਪੀੜਤ ਖੇਤਰ ਦੇ ਵਸਨੀਕ ਮਨੁੱਖਾਂ ਤੇ ਪਸ਼ੂਆਂ ਦਾ ਲੋੜੀਂਦਾ ਇਲਾਜ ਕੀਤਾ ਜਾ ਸਕੇ।

ਮੈਡੀਕਲ ਕੈਂਪ ਦੇ ਇੰਚਾਰਜ ਜਨਾਬ ਇਸ਼ਤਿਆਕ ਰਸ਼ੀਦ ਨੇ ਗੱਲਬਾਤ ਕਰਦਿਆਂ ਦਸਿਆ ਕਿ ਕੈਂਪ ਦੌਰਾਨ ਡਾ. ਯਸ਼ਮੀ ਅਖ਼ਤਰ ਤੇ ਡਾ. ਅਮਸ਼ ਅਲਤਾਫ਼ ਦੀ ਅਗਵਾਈ ਹੇਠ ਦੋ ਮੈਡੀਕਲ ਟੀਮਾਂ ਨੇ ਦਿਨ ਭਰ ਲਗਭਗ 700 ਮਰੀਜ਼ਾਂ ਦੀ ਜਾਂਚ ਕਰ ਕੇ ਉਨ੍ਹਾਂ ਨੂੰ ਲੋੜੀਂਦੀਆਂ ਦਵਾਈਆਂ ਵੰਡੀਆਂ। ਡਾ. ਮੁਹੰਮਦ ਰਮਜ਼ਾਨ ਸੀਨੀਅਰ ਵੈਟਰਨਰੀ ਅਫ਼ਸਰ ਦੀ ਅਗਵਾਈ ਵਾਲੀ ਟੀਮ ਨੇ ਵੀ ਇਸ ਖੇਤਰ ਵਿਚ ਬੀਮਾਰ ਹੋਏ ਪਸ਼ੂਆਂ ਦੀ ਜਾਂਚ ਕਰ ਕੇ ਉਨ੍ਹਾਂ ਨੂੰ ਦਵਾਈਆਂ ਦਿਤੀਆਂ। ਇਸ ਮੌਕੇ ਆਏ ਵਲੰਟੀਅਰਾਂ ਨੇ ਇਲਾਕੇ ਦੇ ਲਗਭਗ ਪੰਜ ਪਿੰਡਾਂ ਵਿਚ-ਵਿਚ ਘੁੰਮ ਕੇ ਲੋੜਵੰਦਾਂ ਨੂੰ ਵਿਸ਼ੇਸ਼ ਰੂਪ ਵਿਚ ਤਿਆਰ ਕੀਤੀਆਂ 600 ਮੈਡੀਕਲ ਕਿੱਟਾਂ ਵੀ ਵੰਡੀਆਂ।

ਕੈਂਪ ਮੌਕੇ ਸੇਵਾਵਾਂ ਦੇਣ ਵਾਲੇ ਵਰਕਰਾਂ ਵਿਚ ਸੁਸਾਈਟੀ ਫ਼ਾਰ ਬਰ੍ਹਾਈਟ ਫ਼ਿਊਚਰ ਦੇ ਫ਼ੈਜ਼ਾਨ ਅਲੀ, ਸ਼ਿਰਾਜ਼ ਅਹਿਮਦ, ਮੁਹੰਮਦ ਜਹਾਂਗੀਰ, ਅਲ-ਫ਼ਲਾਹ ਐਜੇਸ਼ਨਲ ਟਰਸਟ ਦੇ ਚੌਧਰੀ ਮੁਹੰਮਦ ਯਾਮੀਨ, ਸਹਾਰਾ ਮੁਸਲਿਮ ਵੈਲਫ਼ੇਅਰ ਸੁਸਾਇਟੀ ਦੇ ਅਜ਼ਹਰ ਮੁਨੀਮ, ਮੁਹੰਮਦ ਗੁਲਜ਼ਾਰ, ਕੰਬੋਜ ਫ਼ੋਰਮ ਦੇ ਮਾਸਟਰ ਅਬਦੁਲ ਹਮੀਦ, ਐਡਵੋਕੇਟ ਸਾਜਿਦ ਜਮੀਲ ਚੌਧਰੀ ਅਤੇ ਜਮੀਅਤ ਅਹਿਲੇ ਹਦੀਸ ਦੇ ਜਨਾਬ ਮੁਕੱਰਮ ਸੈਫ਼ੀ ਦੇ ਨਾਂ ਜ਼ਿਕਰਯੋਗ ਹਨ।