ਬਾਕੀ ਪਿੰਡਾਂ ਲਈ ਮਿਸਾਲ ਬਣਿਆ ਪਿੰਡ ਦਲ ਸਿੰਘ ਵਾਲਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਛੱਪੜਾਂ ਦੇ ਪਾਣੀ ਨਾਲ ਕੀਤੀ ਜਾ ਰਹੀ ਹੈ ਫਸਲਾਂ ਦੀ ਸਿੰਜਾਈ

Village Dal Singh Wala : Irrigation with solar panel

ਫ਼ਰੀਦਕੋਟ : 'ਪੰਜਾਬ' ਨਾਮਕਰਨ ਜਲ ਸਰੋਤਾਂ ਦੀ ਪ੍ਰਮੁੱਖਤਾ ਨੂੰ ਦਰਸਾਉਣ ਵਾਲਾ ਹੈ। ਭਾਵੇਂ ਧਰਤੀ ਦਾ ਵਡੇਰਾ ਭਾਗ ਸਮੁੰਦਰਾਂ ਅਥਵਾ ਜਲ ਦੀ ਸ਼ਕਲ ਵਿਚ ਹੈ, ਫਿਰ ਵੀ ਜਿਸ ਜਲ ਨੂੰ ਅਸੀਂ ਜੀਵਨ ਰੇਖਾ ਆਖਦੇ ਹਾਂ ਉਸ ਪਾਣੀ ਨਾਲ ਕੁਝ ਵਿਸ਼ੇਸ਼ ਭੋਇੰ-ਖੇਤਰ ਹੀ ਵਰੋਸਾਏ ਹੋਏ ਹਨ। ਪੰਜਾਬ ਵੀ ਪ੍ਰਾਚੀਨ ਕਾਲ ਤੋਂ ਉਨ੍ਹਾਂ ਖੇਤਰਾਂ ਵਿਚ ਸ਼ਾਮਲ ਰਿਹਾ ਹੈ, ਪਰ ਪੰਜਾਬ ਦੇ ਜਲ ਸਰੋਤਾਂ ਦਾ ਵਰਤਮਾਨ ਤੇ ਭਵਿੱਖ ਸੁਰੱਖਿਅਤ ਨਹੀਂ ਰਿਹਾ। ਪੰਜਾਬ ਦਾ ਜਲ ਭਾਵੇਂ ਉਹ ਦਰਿਆਈ ਹੈ ਜਾਂ ਜ਼ਮੀਨਦੋਜ਼, ਤੇਜ਼ੀ ਨਾਲ ਸੰਕਟ ਦਾ ਸ਼ਿਕਾਰ ਹੋ ਰਿਹਾ ਹੈ।

ਇਹ ਸੰਕਟ ਦੁਵੱਲਾ ਹੈ। ਇਕ ਪਾਸੇ ਜਲ ਖ਼ਤਮ ਹੁੰਦਾ ਜਾ ਰਿਹਾ ਹੈ, ਦੂਜੇ ਪਾਸੇ ਇਸ ਵਿਚ ਪ੍ਰਦੂਸ਼ਣ ਦੀ ਮਾਤਰਾ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਪੰਜਾਬ ਵਿਚ ਅਸੀਂ ਜ਼ਮੀਨ ਹੇਠਲੇ ਪਾਣੀ ਦੇ ਦੋ ਪੱਤਣ ਮੁਕਾ ਚੁੱਕੇ ਹਾਂ। ਇਹ ਪਾਣੀ ਅਸੀਂ ਹਰੀ ਕ੍ਰਾਂਤੀ ਲਈ ਕਾਹਲੀ ਨਾਲ ਚੁਣੇ ਵਰਤਮਾਨ ਖੇਤੀ ਮਾਡਲ ਦੇ ਲੇਖੇ ਲਗਾ ਦਿੱਤੇ ਹਨ ਜਿਸ ਵਿਚ ਕਣਕ-ਝੋਨੇ ਦੇ ਫ਼ਸਲੀ ਚੱਕਰ ਦੀ ਸਰਦਾਰੀ ਕਾਇਮ ਹੈ। ਝੋਨੇ ਦੀ ਫ਼ਸਲ ਲਈ ਭਾਰੀ ਮਾਤਰਾ ਵਿਚ ਪਾਣੀ ਦੀ ਵਰਤੋਂ ਕਰਨੀ ਪੈਂਦੀ ਹੈ। ਇਸ ਲਈ ਹਰੀ ਕ੍ਰਾਂਤੀ ਦੇ ਆਰੰਭ ਤੋਂ ਲੈ ਕੇ ਹੁਣ ਤਕ ਝੋਨਾ ਸਾਰੇ ਪੰਜਾਬ ਦੇ ਜ਼ਮੀਨ ਹੇਠਲੇ ਪਾਣੀ ਨੂੰ ਇਕ ਤਰ੍ਹਾਂ ਨਾਲ ਡੀਕ ਹੀ ਗਿਆ।  

ਭਾਰਤ ਸਰਕਾਰ ਦੇ ਜਲ ਸ਼ਕਤੀ ਮੰਤਰਾਲੇ ਵਲੋਂ ਸ਼ੁਰੂ ਕੀਤੇ ਗਏ 'ਜਲ ਸ਼ਕਤੀ ਅਭਿਆਨ' ਤਹਿਤ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਤੇ ਵਾਤਾਵਰਣ ਨੂੰ ਬਚਾਉਣ ਸਬੰਧੀ ਸਰਕਾਰ ਵਲੋਂ ਵੱਖ-ਵੱਖ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਇਸੇ ਤਹਿਤ 'ਸਪੋਕਸਮੈਨ ਟੀਵੀ' ਦੀ ਟੀਮ ਨੇ ਫ਼ਰੀਦਕੋਟ ਦੇ ਪਿੰਡ ਦਲ ਸਿੰਘ ਵਾਲਾ ਦਾ ਦੌਰਾ ਕੀਤਾ, ਜਿਥੇ ਦੋ ਛੱਪੜਾਂ 'ਚ ਇਕੱਤਰ ਕੀਤੇ ਗਏ ਪਾਣੀ ਨਾਲ ਕਿਸਾਨਾਂ ਆਪਣੀਆਂ ਫਸਲਾਂ ਦੀ ਸਿੰਜਾਈ ਕਰਦੇ ਹਨ। 

ਇਸ ਮੌਕੇ ਮੰਡਲ ਭੂਮੀ ਰੱਖਿਆ ਅਫ਼ਸਰ ਫ਼ਰੀਦਕੋਟ ਵਿਜੈ ਕੁਮਾਰ ਸਿੰਗਲਾ ਨੇ ਦੱਸਿਆ ਕਿ ਪਿੰਡ 'ਚ ਸੂਰਜੀ ਊਰਜਾ ਦੀ ਵਰਤੋਂ ਕਰ ਕੇ ਛੱਪੜਾਂ 'ਚੋਂ ਪਾਣੀ ਨੂੰ ਖੇਤਾਂ ਤਕ ਪਹੁੰਚਾਇਆ ਜਾਂਦਾ ਹੈ। ਇਨ੍ਹਾਂ ਛੱਪੜਾਂ 'ਚ ਮੀਂਹ ਦੇ ਅਜਾਈਂ ਹੋਏ ਪਾਣੀ ਨੂੰ ਇਕੱਤਰ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਹ ਪ੍ਰਾਜੈਕਟ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਜਾਈ ਯੋਜਨਾ ਤਹਿਤ ਚਲਾਇਆ ਜਾ ਰਿਹਾ ਹੈ। ਇਸ ਪ੍ਰਾਜੈਕਟ ਦੀ ਕੁਲ ਲਾਗਤ 23 ਲੱਖ 54 ਹਜ਼ਾਰ ਰੁਪਏ ਹੈ, ਜੋ ਸਰਕਾਰ ਵੱਲੋਂ ਖ਼ਰਚ ਕੀਤੀ ਗਈ ਹੈ। ਇਸ ਤਹਿਤ ਕੁਲ 21 ਹੈਕਟੇਅਰ ਰਕਬੇ 'ਚ ਸਿੰਜਾਈ ਕੀਤੀ ਜਾ ਰਹੀ ਹੈ। ਅਜਿਹਾ ਕਰ ਕੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਹੋਰ ਹੇਠਾਂ ਜਾਣ ਤੋਂ ਰੋਕਿਆ ਜਾ ਸਕਦਾ ਹੈ। 

ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਪਿੰਡ 'ਚ ਇਸ ਪ੍ਰਾਜੈਕਟ ਨੂੰ ਸਾਲ 2016 'ਚ ਮਨਜੂਰੀ ਮਿਲੀ ਸੀ ਅਤੇ ਉਸੇ ਸਾਲ ਇਸ ਨੂੰ ਚਾਲੂ ਕਰ ਦਿੱਤਾ ਗਿਆ ਸੀ। ਛੱਪੜ ਦੇ ਪਾਣੀ ਨੂੰ 160 ਮਿਲੀਮੀਟਰ ਮੋਟੀ ਪਾਈਪਾਂ ਨਾਲ ਖੇਤਾਂ ਤਕ ਪਹੁੰਚਾਇਆ ਜਾ ਰਿਹਾ ਹੈ। ਕੁਲ 1613 ਮੀਟਰ ਪਾਈਪ ਲਾਈਨ ਵਿਛਾਈ ਗਈ ਹੈ। ਸੋਲਰ ਪੈਨਲ ਰਾਹੀਂ 7500 ਵਾਟ ਬਿਜਲੀ ਪੈਦਾ ਕਰ ਕੇ ਪੰਪਾਂ ਨੂੰ ਚਲਾਇਆ ਜਾਂਦਾ ਹੈ। ਇਸ ਤੋਂ ਪਹਿਲਾਂ ਸਰਕਾਰ ਵੱਲੋਂ ਸੂਰਜੀ ਪੈਨਲ ਦੀ ਕੋਈ ਵਿਵਸਥਾ ਨਹੀਂ ਸੀ। ਲੋਕ ਆਪਣੇ ਕੋਲੋਂ ਪੈਸੇ ਇਕੱਤਰ ਕਰ ਕੇ ਇੰਜਨ ਚਲਾਉਂਦੇ ਸਨ ਅਤੇ ਜਿਸ ਰਾਹੀਂ ਪਾਣੀ ਖੇਤਾਂ ਤਕ ਪਹੁੰਚਦਾ ਸੀ।

ਇਸ ਮੌਕੇ ਕਿਸਾਨ ਜਸਬੀਰ ਸਿੰਘ ਨੇ ਦੱਸਿਆ ਕਿ ਇਹ ਪਾਣੀ ਨਹਿਰੀ ਪਾਣੀ ਨਾਲੋਂ ਵੀ ਵਧੀਆ ਹੈ। ਇਹ ਖਾਦ ਵਜੋਂ ਕੰਮ ਕਰਦਾ ਹੈ। ਸਾਨੂੰ ਹੁਣ ਆਪਣੇ ਖੇਤਾਂ 'ਚ ਖਾਦ ਪਾਉਣ ਦੀ ਲੋੜ ਨਹੀਂ ਪੈਂਦੀ। ਕਿਸਾਨ ਦਰਸ਼ਨ ਸਿੰਘ ਨੇ ਦੱਸਿਆ ਕਿ ਇਸ ਪ੍ਰਾਜੈਕਟ ਨਾਲ ਉਨ੍ਹਾਂ ਨੂੰ ਬਹੁਤ ਫ਼ਾਇਦਾ ਹੋਇਆ ਹੈ। ਜਿਥੇ ਪਹਿਲਾਂ ਫਸਲਾਂ ਨੂੰ ਪਾਣੀ ਦੇਣ ਲਈ ਡੀਜ਼ਲਾਂ, ਮੋਟਰਾਂ, ਖਾਦਾਂ 'ਤੇ ਵਾਧੂ ਪੈਸਾ ਖ਼ਰਚਣਾ ਪੈਂਦਾ ਸੀ, ਹੁਣ ਉਹੀ ਚੀਜ਼ਾਂ ਸਾਨੂੰ ਮੁਫ਼ਤ ਮਿਲ ਰਹੀਆਂ ਹੈ। ਦੂਜਾ ਸਭ ਤੋਂ ਵਧੀਆ ਫ਼ਾਇਆ ਇਹ ਮਿਲ ਰਿਹਾ ਹੈ ਕਿ ਧਰਤੀ ਹੇਠਲੇ ਪਾਣੀ ਦੀ ਬਹੁਤ ਬਚਤ ਹੋ ਰਹੀ ਹੈ। 

ਸਰਪੰਚ ਗੁਰਮੀਤ ਸਿੰਘ ਨੇ ਦੱਸਿਆ ਕਿ ਇਸ ਪ੍ਰਾਜੈਕਟ ਦੇ ਲੱਗਣ ਮਗਰੋਂ ਪਿੰਡ ਵਾਸੀ ਬਹੁਤ ਖ਼ੁਸ਼ ਹਨ। ਜਿਥੇ ਬਾਕੀ ਪਿੰਡਾਂ 'ਚ ਛੱਪੜਾਂ ਦੀ ਹਾਲਤ ਬਹੁਤ ਮਾੜੀ ਹੁੰਦੀ ਹੈ, ਉਥੇ ਹੀ ਸਾਡੇ ਪਿੰਡ 'ਚ ਛੱਪੜਾਂ ਦਾ ਪਾਣੀ ਬਹੁਤ ਸਾਫ਼ ਹੈ। ਲੋਕ ਖੁਦ ਇਸ ਦੀ ਸਫ਼ਾਈ ਦਾ ਧਿਆਨ ਰੱਖਦੇ ਹਨ। ਇਸ ਪਾਣੀ ਨਾਲ ਫ਼ਸਲਾਂ ਦਾ ਝਾੜ ਵੀ ਵੱਧ ਗਿਆ ਹੈ। 

ਪਿੰਡ ਵਾਸੀ ਸੁਖਜਾਦ ਸਿੰਘ ਨੇ ਦੱਸਿਆ ਕਿ ਇਸ ਪ੍ਰਾਜੈਕਟ ਦੇ ਲੱਗਣ ਨਾਲ ਪਿੰਡ ਦੇ ਹਾਲਾਤ ਬਿਲਕੁਲ ਬਦਲ ਗਏ ਹਨ। ਪਹਿਲਾਂ ਇਸ ਛੱਪੜ ਦੇ ਨੇੜੇ-ਤੇੜੇ ਜਿੰਨੇ ਵੀ ਘਰ ਬਣੇ ਹੋਏ ਸਨ, ਉਹ ਸਾਰੇ ਲੋਕ ਬਹੁਤ ਪ੍ਰੇਸ਼ਾਨ ਸਨ ਪਰ ਹੁਣ ਛੱਪੜ ਦੀ ਇੰਨਾ ਸਾਫ-ਸੁਥਰਾ ਹੈ ਕਿ ਇਥੇ ਮੱਛਰ-ਮੱਖੀਆਂ ਦੇ ਪੈਦਾ ਹੋਣ ਦਾ ਡਰ ਨਹੀਂ ਹੈ। ਇਸ ਪਾਣੀ ਨਾਲ ਫ਼ਸਲਾਂ ਨੂੰ ਪਹਿਲਾਂ ਨਾਲੋਂ ਵੱਧ ਫ਼ਾਇਦਾ ਮਿਲ ਰਿਹਾ ਹੈ। ਇਸ ਨਾਲ ਪਾਣੀ ਦੀ 75% ਸੰਭਾਲ ਹੋ ਰਹੀ ਹੈ। ਪਹਿਲਾਂ ਇਹ ਪਾਣੀ ਬਿਲਕੁਲ ਬੇਕਾਰ ਹੋ ਜਾਂਦਾ ਸੀ ਅਤੇ ਲੋਕਾਂ ਦੇ ਘਰਾਂ ਤੇ ਗਲੀਆਂ-ਨਾਲੀਆਂ 'ਚ ਵੜ ਜਾਂਦਾ ਸੀ।