ਪਾਕਿਸਤਾਨ ਨੇ ਸਾਡੇ ਆਗੂਆਂ ਨੂੰ ਹਮੇਸ਼ਾ ਘਟਾ ਕੇ ਵੇਖਿਆ : ਧਨੋਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਾਕਿਸਤਾਨ ਹੁਣ ਤਕ ਗ਼ਲਤਫ਼ਹਿਮੀ ਵਿਚ ਰਹਿੰਦਾ ਰਿਹੈ

BS Dhanoa

ਮੁੰਬਈ : ਪਾਕਿਸਤਾਨ ਨੇ ਭਾਰਤ ਦੇ ਕੌਮੀ ਆਗੂਆਂ ਨੂੰ ਹਮੇਸ਼ਾ ਘਟਾ ਕੇ ਵੇਖਿਆ ਹੈ ਅਤੇ ਬਾਲਾਕੋਟ ਹਵਾਈ ਹਮਲੇ ਦੌਰਾਨ ਵੀ ਉਸ ਨੇ ਇਹੋ ਕੀਤਾ ਸੀ। ਭਾਰਤੀ ਹਵਾਈ ਫ਼ੌਜ ਦੇ ਮੁਖੀ ਬਰਿੰਦਰ ਸਿੰਘ ਧਨੋਆ ਨੇ ਇਹ ਗੱਲ ਕਹੀ। ਉਹ 'ਇੰਡੀਆ ਟੁਡੇ ਇਨਕਲੇਵ' ਵਿਚ ਬੋਲ ਰਹੇ ਸਨ। ਧਨੋਆ ਇਸ ਮਹੀਨੇ ਦੇ ਅਖ਼ੀਰ ਵਿਚ ਸੇਵਾਮੁਕਤ ਹੋ ਜਾਣਗੇ। ਉਨ੍ਹਾਂ ਕਿਹਾ, 'ਤੁਹਾਨੂੰ ਯਾਦ ਹੋਵੇਗਾ ਕਿ ਪਾਕਿਸਤਾਨ ਨੇ ਸਾਡੇ ਕੌਮੀ ਆਗੂਆਂ ਨੂੰ ਹਮੇਸ਼ਾ ਘਟਾ ਕੇ ਵੇਖਿਆ ਹੈ। 1965 ਦੀ ਜੰਗ ਵਿਚ ਉਨ੍ਹਾਂ ਲਾਲ ਬਹਾਦਰ ਸ਼ਾਸਤਰੀ ਨੂੰ ਬਹੁਤੀ ਅਹਿਮੀਅਤ ਨਹੀਂ ਦਿਤੀ। ਉਨ੍ਹਾਂ ਨੂੰ ਕਦੇ ਉਮੀਦ ਨਹੀਂ ਸੀ ਕਿ ਉਹ ਮੋਰਚਾ ਖੋਲ੍ਹਣਗੇ ਅਤੇ ਲਾਹੌਰ ਤਕ ਪਹੁੰਚ ਜਾਣਗੇ।' ਹਵਾਈ ਫ਼ੌਜ ਮੁਖੀ ਨੇ ਕਿਹਾ, 'ਤੇ ਫਿਰ ਉਹ ਹੈਰਾਨ ਰਹਿ ਗਏ।

ਉਨ੍ਹਾਂ ਨੂੰ ਲੱਗਾ ਸੀ ਕਿ ਉਹ ਸਿਰਫ਼ ਕਸ਼ਮੀਰ ਵਿਚ ਲੜਨਗੇ, ਉਹ ਹੈਰਾਨ ਰਹਿ ਗਏ। ਕਾਰਗਿਲ ਜੰਗ ਵਿਚ ਵੀ ਉਹ ਹੈਰਾਨ ਰਹਿ ਗਏ। ਉਨ੍ਹਾਂ ਕਦੇ ਨਹੀਂ ਸੋਚਿਆ ਸੀ ਕਿ ਅਸੀਂ ਅਪਣੀ ਸਾਰੀ ਤਾਕਤ ਲਾ ਦਿਆਂਗੇ ਅਤੇ ਬੋਫ਼ਰਜ਼ ਤੋਪਾਂ ਦਾ ਮੂੰਹ ਉਨ੍ਹਾਂ ਵਲ ਖੋਲ ਦਿਤਾ ਜਾਵੇਗਾ।' ਉਨ੍ਹਾਂ ਕਿਹਾ, 'ਕੁਲ ਮਿਲਾ ਕੇ ਉਨ੍ਹਾਂ ਦਾ ਅਨੁਮਾਨ ਹਮੇਸ਼ਾ ਗ਼ਲਤ ਸਾਬਤ ਹੋਇਆ। ਇਥੋਂ ਤਕ ਕਿ ਹੁਣ ਵੀ, ਪੁਲਵਾਮਾ ਮਗਰੋਂ, ਮੇਰੇ ਹਿਸਾਬ ਨਾਲ ਉਨ੍ਹਾਂ ਫਿਰ ਗ਼ਲਤ ਅਨੁਮਾਨ ਲਾਇਆ ਕਿ ਸਾਡੇ ਰਾਜਸੀ ਆਗੂ ਅਜਿਹੇ ਹਮਲੇ ਦੀ ਇਜਾਜ਼ਤ ਨਹੀਂ ਦੇਣਗੇ। ਅਜਿਹਾ ਨਹੀਂ ਹੈ ਕਿ ਸਾਡੀ ਹਵਾਈ ਫ਼ੌਜ ਸਮਰੱਥ ਨਹੀਂ। ਉਹ ਸਾਡੀਆਂ ਸਮਰੱਥਾਵਾਂ ਜਾਣਦੇ ਹਨ ਪਰ ਉਹ ਹਮੇਸ਼ਾ ਗ਼ਲਤਫ਼ਹਿਮੀ ਵਿਚ ਰਹਿੰਦੇ ਹਨ ਕਿ ਸਾਡੇ ਆਗੂ ਕਾਰਵਾਈ ਨਹੀਂ ਕਰਨਗੇ।' (ਏਜੰਸੀ)