ਸਿਆਸੀ ਫ਼ਾਇਦੇ ਲਈ ਖੇਤੀ ਬਿੱਲਾਂ ਦਾ ਵਿਰੋਧ ਕਰ ਰਹੇ ਵਿਰੋਧੀ - ਪੀਐਮ ਮੋਦੀ

ਏਜੰਸੀ

ਖ਼ਬਰਾਂ, ਰਾਸ਼ਟਰੀ

21ਵੀਂ ਸਦੀ ਦੇ ਭਾਰਤ ਦੀ ਜ਼ਰੂਰਤ ਹਨ ਨਵੇਂ ਖੇਤੀ ਸੁਧਾਰ- ਮੋਦੀ

Farm bills need of 21st century India, says PM Modi

ਨਵੀਂ ਦਿੱਲੀ: ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਿਹਾਰ ਨੂੰ ਸੌਗਾਤਾਂ ਮਿਲਣ ਦਾ ਸਿਲਸਿਲਾ ਜਾਰੀ ਹੈ। ਪ੍ਰਧਾਨ ਮੰਤਰੀ ਨੇ ਹੁਣ ਬਿਹਾਰ ਨੂੰ ਕਰੀਬ 14 ਹਜ਼ਾਰ ਕਰੋੜ ਰੁਪਏ ਦੀ ਸੌਗਾਤ ਦਿੱਤੀ ਹੈ। ਪੀਐਮ ਮੋਦੀ ਨੇ 9 ਹਾਈਵੇ ਪ੍ਰਾਜੈਕਟ ਨਾਲ ਬਿਹਾਰ ਦੇ ਕਰੀਬ 46 ਹਜ਼ਾਰ ਪਿੰਡਾਂ ਨੂੰ ਆਪਟੀਕਲ ਫਾਈਬਰ ਨੈੱਟਵਰਕ ਨਾਲ ਜੋੜਨ ਲਈ ਘਰ ਤੱਕ ਫਾਈਬਰ ਯੋਜਨਾ ਦਾ ਉਤਘਾਟਨ ਕੀਤਾ।

ਇਸ ਦੌਰਾਨ ਪੀਐਮ ਮੋਦੀ ਨੇ ਕਿਹਾ ਕੱਲ ਦੇਸ਼ ਦੀ ਸੰਸਦ ਨੇ ਦੇਸ਼ ਦੇ ਕਿਸਾਨਾਂ ਨੂੰ ਨਵੇਂ ਅਧਿਕਾਰ ਦੇਣ ਵਾਲੇ ਬਹੁਤ ਹੀ ਇਤਿਹਾਸਕ ਕਾਨੂੰਨਾਂ ਨੂੰ ਪਾਸ ਕੀਤਾ ਹੈ। ਮੈਂ ਦੇਸ਼ ਦੇ ਲੋਕਾਂ ਨੂੰ, ਦੇਸ਼ ਦੇ ਕਿਸਾਨਾਂ ਨੂੰ ਦੇਸ਼ ਦੇ ਉਜਵਲ ਭਵਿੱਖ ਦੀ ਆਸ ਰੱਖਣ ਵਾਲੇ ਲੋਕਾਂ ਨੂੰ ਇਸ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਇਹ ਸੁਧਾਰ 21ਵੀਂ ਸਦੀ ਦੇ ਭਾਰਤ ਦੀ ਜ਼ਰੂਰਤ ਹੈ।

ਪੀਐਮ ਮੋਦੀ ਨੇ ਯਕੀਨ ਦਿਵਾਇਆ ਕਿ ਨਵੀਂ ਵਿਵਸਥਾ ਨਾਲ ਮੰਡੀਆਂ ਬੰਦ ਨਹੀਂ ਹੋਣਗੀਆਂ। ਉਹਨਾਂ ਕਿਹਾ ਹੁਣ ਤੱਕ ਦੇਸ਼ ਅੰਦਾਜ਼ਾ ਲਗਾ ਸਕਦਾ ਹੈ ਕਿ ਅਚਾਨਕ ਕੁਝ ਲੋਕਾਂ ਨੂੰ ਜੋ ਤਕਲੀਫ਼ ਹੋਣੀ ਸ਼ੁਰੂ ਹੋਈ ਹੈ, ਉਹ ਕਿਉਂ ਹੋ ਰਹੀ ਹੈ। ਕਈ ਥਾਵਾਂ ‘ਤੇ ਇਹ ਵੀ ਸਵਾਲ ਚੁੱਕੇ ਜਾ ਰਹੇ ਹਨ ਕਿ ਖੇਤੀਬਾੜੀ ਮੰਡੀਆਂ ਦਾ ਕੀ ਹੋਵੇਗਾ।

ਪੀਐਮ ਮੋਦੀ ਨੇ ਕਿਹਾ ਕਿ ਕੁਝ ਲੋਕ ਸਿਆਸੀ ਫਾਇਦੇ ਲਈ ਇਹਨਾਂ ਬਿਲਾਂ ਦਾ ਵਿਰੋਧ ਕਰ ਰਹੇ ਹਨ। ਉਹਨਾਂ ਕਿਹਾ ਇਸ ਇਤਿਹਸਕ ਬਦਲਾਅ ਨਾਲ ਕੁਝ ਲੋਕਾਂ ਨੂੰ ਅਪਣੇ ਹੱਥਾਂ ਵਿਚੋਂ ਕੰਟਰੋਲ ਜਾਂਦਾ ਦਿਖਾਈ ਦੇ ਰਿਹਾ ਹੈ। ਇਹੀ ਕਾਰਨ ਹੈ ਕਿ ਇਹ ਲੋਕ ਐਮਐਸਪੀ ‘ਤੇ ਕਿਸਾਨਾਂ ਨੂੰ ਗੁੰਮਰਾਹ ਕਰਨ ਵਿਚ ਜੁਟੇ ਹਨ।

ਇਹ ਉਹੀ ਲੋਕ ਹਨ, ਜੋ ਸਾਲਾਂ ਤੱਕ ਐਮਐਸਪੀ ‘ਤੇ ਸਵਾਮੀਨਾਥਨ ਕਮੇਟੀ ਦੀਆਂ ਸਿਫਾਰਿਸ਼ਾਂ ਨੂੰ ਅਪਣੇ ਪੈਰਾਂ ਹੇਠ ਦਬਾ ਕੇ ਬੈਠੇ ਰਹੇ। ਪੀਐਮ ਮੋਦੀ ਨੇ ਕਿਹਾ ਕਿ ਨਵੇਂ ਖੇਤੀ ਸੁਧਾਰਾਂ ਨੇ ਦੇਸ਼ ਦੇ ਹਰ ਕਿਸਾਨ ਨੂੰ ਅਜ਼ਾਦੀ ਦਿੱਤੀ ਹੈ ਕਿ ਉਹ ਕਿਸੇ ਨੂੰ ਵੀ, ਕਿਤੇ ਵੀ ਅਪਣੀ ਫਸਲ, ਅਪਣੇ ਫਲ-ਸਬਜ਼ੀਆਂ ਵੇਚ ਸਕਦਾ ਹੈ।