ਸਰਕਾਰ ਦਾ ਘਮੰਡ ਪੂਰੇ ਦੇਸ਼ ਲਈ ਆਰਥਕ ਸੰਕਟ ਲਿਆਇਆ– ਰਾਹੁਲ ਗਾਂਧੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਹੁਲ ਗਾਂਧੀ ਨੇ ਕਿਹਾ ਲੋਕਤੰਤਰੀ ਭਾਰਤ ਦੀ ਆਵਾਜ਼ ਨੂੰ ਦਬਾਉਣਾ ਜਾਰੀ ਹੈ

Rahul Gandhi and Narendra Modi

ਨਵੀਂ ਦਿੱਲੀ: ਕਿਸਾਨ ਵਿਰੋਧੀ ਬਿਲ ਨੂੰ ਲੈ ਕੇ ਰਾਜ ਸਭਾ ਵਿਚ ਹੋਏ ਹੰਗਾਮੇ ਤੋਂ ਬਾਅਦ ਅੱਠ ਵਿਰੋਧੀ ਸੰਸਦ ਮੈਂਬਰਾਂ ਨੂੰ ਮੁਅੱਤਲ ਕੀਤੇ ਜਾਣ ਤੋਂ ਬਾਅਦ ਸਰਕਾਰ ਨੂੰ ਸਖਤ ਅਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਵੱਖ-ਵੱਖ ਵਿਰੋਧੀ ਨੇਤਾਵਾਂ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ 'ਤੇ ਤਾਨਾਸ਼ਾਹੀ ਹੋਣ ਦਾ ਦੋਸ਼ ਲਗਾਇਆ ਹੈ, ਕਿਹਾ ਜਾ ਰਿਹਾ ਹੈ ਕਿ ਉਹ ਗੈਰ-ਲੋਕਤੰਤਰੀ ਢੰਗ ਨਾਲ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾ ਰਹੀ ਹੈ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਲੋਕਤੰਤਰੀ ਭਾਰਤ ਦੀ ਆਵਾਜ਼ ਨੂੰ ਦਬਾਉਣਾ ਜਾਰੀ ਹੈ, ਸਰਕਾਰ ਦਾ ਘਮੰਡ ਸਾਰੇ ਦੇਸ਼ ਲਈ ਆਰਥਕ ਸੰਕਟ ਲਿਆਇਆ ਹੈ।

ਰਾਹੁਲ ਗਾਂਧੀ ਨੇ ਅਪਣੇ ਟਵੀਟ ਵਿਚ ਲਿਖਿਆ, ‘ਲੋਕਤੰਤਰਿਕ ਭਾਰਤ ਦੀ ਆਵਾਜ਼ ਦਬਾਉਣਾ ਜਾਰੀ: ਸ਼ੁਰੂਆਤ ਵਿਚ ਉਹਨਾਂ ਨੂੰ ਚੁੱਪ ਕੀਤਾ ਗਿਆ ਅਤੇ ਬਾਅਦ ਵਿਚ ਕਾਲੇ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦੀਆਂ ਚਿੰਤਾਵਾਂ ਤੋਂ ਮੂੰਹ ਫੇਰ ਕੇ ਸੰਸਦ ਵਿਚੋਂ ਸੰਸਦ ਮੈਂਬਰਾਂ ਨੂੰ ਮੁਅੱਤਲ ਕੀਤਾ ਗਿਆ...ਇਸ ਸਰਕਾਰ ਦੇ ਕਦੀ ਖਤਮ ਨਾ ਹੋਣ ਵਾਲੇ ਘਮੰਡ ਕਾਰਨ ਪੂਰੇ ਦੇਸ਼ ਲਈ ਆਰਥਕ ਸੰਕਟ ਆ ਗਿਆ ਹੈ...’। 

ਇਸ ਤੋਂ ਪਹਿਲਾਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੰਸਦ ਮੈਂਬਰਾਂ ਨੂੰ ਮੁਅੱਤਲ ਕਰਨ ‘ਤੇ ਮੋਦੀ ਸਰਕਾਰ ਦੀ ਸਖ਼ਤ ਅਲੋਚਨਾ ਕੀਤੀ ਸੀ।

ਮਮਤਾ ਬੈਨਰਜੀ ਨੇ ਅਪਣੇ ਟਵੀਟ ਵਿਚ ਲਿਖਿਆ, ‘ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਲਈ ਲੜਨ ਵਾਲੇ ਅੱਠ ਸੰਸਦ ਮੈਂਬਰਾਂ ਨੂੰ ਮੁਅੱਤਲ ਕਰਨਾ ਬਦਕਿਸਮਤੀ ਹੈ ਅਤੇ ਇਹ ਤਾਨਾਸ਼ਾਹੀ ਸਰਕਾਰ ਦੀ ਇਸ ਸੋਚ ਨੂੰ ਦਰਸਾਉਂਦਾ ਹੈ ਕਿ ਉਹ ਲੋਕਤੰਤਰੀ ਨਿਯਮਾਂ ਅਤੇ ਸਿਧਾਂਤਾਂ ਦਾ ਸਤਿਕਾਰ ਨਹੀਂ ਕਰਦੀ ... ਅਸੀਂ ਸੰਸਦ ਅਤੇ ਸੜਕਾਂ 'ਤੇ ਇਸ ਫਾਸੀਵਾਦੀ ਸਰਕਾਰ ਨਾਲ ਲੜਾਂਗੇ ਝੁਕਾਂਗੇ ਨਹੀਂ’।