MNC ਦੀ ਨੌਕਰੀ ਛੱਡ ਕੇ ਬਣੇ ਗਿਟਾਰ ਟੀਚਰ, ਲੈਂਦੇ ਹਨ ਦਿਨ ਦਾ 1 ਰੁਪਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੇਕਰ ਤੁਸੀ ਸਵੇਰੇ 6 ਤੋਂ 9 ਵਜੇ ਦੇ ਵਿਚ ਆਂਧਰਾ ਭਵਨ ਵਿਚ ਜਾਉਗੇ ਤਾਂ ਤੁਹਾਨੂੰ ਫਰਸ਼ ‘ਤੇ ਬੈਠਾ ਇਕ ਅਧਖੜ ਉਮਰ ਦਾ ਵਿਅਕਤੀ ਨਜ਼ਰ ਆਵੇਗਾ...

Leaving the job of MNC and becoming a guitar teacher

ਨਵੀਂ ਦਿੱਲੀ (ਭਾਸ਼ਾ) : ਜੇਕਰ ਤੁਸੀ ਸਵੇਰੇ 6 ਤੋਂ 9 ਵਜੇ ਦੇ ਵਿਚ ਆਂਧਰਾ ਭਵਨ ਵਿਚ ਜਾਉਗੇ ਤਾਂ ਤੁਹਾਨੂੰ ਫਰਸ਼ ‘ਤੇ ਬੈਠਾ ਇਕ ਅਧਖੜ ਉਮਰ ਦਾ ਵਿਅਕਤੀ ਨਜ਼ਰ ਆਵੇਗਾ, ਜਿਸ ਦੀ ਵੱਡੀ ਦਾੜ੍ਹੀ ਹੈ। ਉਹ ਬੱਚਿਆਂ ਨੂੰ ਗਿਟਾਰ ਵਜਾਉਣਾ ਸਿਖਾਉਂਦੇ ਨਜ਼ਰ ਆਉਣਗੇ। ਉਹ ਬੱਚਿਆਂ ਨੂੰ ਗਿਟਾਰ ਮੁਹੱਈਆ ਵੀ ਕਰਵਾਉਂਦੇ ਹਨ ਅਤੇ ਉਨ੍ਹਾਂ ਕੋਲੋਂ ਦਿਨ ਦਾ ਇਕ ਰੁਪਇਆ ਲੈਂਦੇ ਹਨ। ਇਸ ਮਿਊਜ਼ਿਕ ਟੀਚਰ ਦਾ ਨਾਮ ਹੈ ਐਸਵੀ ਰਾਵ, ਜਿਨ੍ਹਾਂ ਨੂੰ ਜ਼ਿਆਦਾਤਰ ਲੋਕ ਗਿਟਾਰ ਰਾਵ ਦੇ ਨਾਮ ਨਾਲ ਵੀ ਜਾਣਦੇ ਹਨ।

ਰਾਵ ਪੇਸ਼ੇ ਤੋਂ ਸਿਵਲ ਇੰਜੀਨੀਅਰ ਹਨ ਅਤੇ ਆਂਧਰਾ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਰਾਵ ਇਕ ਮਿਸ਼ਨ ‘ਤੇ ਹਨ। ਉਹ ਪ੍ਰਧਾਨ ਮੰਤਰੀ ਨੂੰ ਸਵੱਛ ਭਾਰਤ ਅਭਿਆਨ ਦੀ ਤਰਜ ‘ਤੇ ਸੰਗੀਤ ਭਾਰਤ ਅਭਿਆਨ ਚਲਾਉਣ ਲਈ ਰਾਜੀ ਕਰਨਾ ਚਾਹੁੰਦੇ ਹਨ। 55 ਸਾਲ ਦੇ ਐਸਵੀ ਰਾਵ ਰੋਜ਼ ਤਿੰਨ ਜਗ੍ਹਾ ਸੰਗੀਤ ਦੀ ਕਲਾਸ ਲਗਾਉਂਦੇ ਹਨ। ਦੁਪਹਿਰ 2 ਵਜੇ ਤੋਂ ਸ਼ਾਮ 6 ਵਜੇ ਤੱਕ ਉਹ ਫਤਹਿ ਚੌਕ ‘ਤੇ ਅਤੇ ਸ਼ਾਮ 6 ਤੋਂ 9 ਵਜੇ ਤੱਕ ਇੰਡੀਆ ਗੇਟ ‘ਤੇ ਉਨ੍ਹਾਂ ਦੇ ਗਿਟਾਰ ਦੇ ਨੋਟਸ ਸੁਣੇ ਜਾ ਸਕਦੇ ਹਨ।

ਉਨ੍ਹਾਂ ਨੇ ਦੱਸਿਆ, ਹੁਣ ਤੱਕ ਮੈਂ 1,000 ਤੋਂ ਜ਼ਿਆਦਾ ਲੋਕਾਂ ਨੂੰ ਗਿਟਾਰ ਵਜਾਉਣਾ ਸਿਖਾ ਚੁੱਕਿਆ ਹਾਂ। ਉਨ੍ਹਾਂ ਤੋਂ ਗਿਟਾਰ ਸਿੱਖਣ ਵਾਲਿਆਂ ਵਿਚ 160 ਅਜਿਹੇ ਵਿਦਿਆਰਥੀ ਹਨ, ਜੋ ਉਨ੍ਹਾਂ ਦੇ ਨਿਯਮਿਤ ਸਟੂਡੈਂਟ ਬਣ ਚੁੱਕੇ ਹਨ। ਇਨ੍ਹਾਂ ਵਿਚੋਂ ਕੁਝ ਦਿੱਲੀ ਪੁਲਿਸ ਵਿਚ ਕਰਮਚਾਰੀ ਹਨ ਜੋ ਦਿਨ ਭਰ ਦੀ ਮਿਹਨਤ ਦੀ ਥਕਾਵਟ ਘੱਟ ਕਰਨ ਲਈ ਉਨ੍ਹਾਂ ਕੋਲ ਆਉਂਦੇ ਹਨ। 8 ਸਾਲ ਦੀ ਇਸ਼ਾਨਵੀ ਉਨ੍ਹਾਂ ਦੇ ਕੋਲ ਸਕੂਲ ਤੋਂ ਬਾਅਦ ਗਿਟਾਰ ਸਿੱਖਣ ਪਹੁੰਚਦੀ ਹੈ। ਉਹ ਕਹਿੰਦੀ ਹੈ, ਗੁਰੂ ਜੀ ਨੇ ਮੈਨੂੰ ਸਿਰਫ 7 ਦਿਨਾਂ ਵਿਚ ਕੁਝ ਗਾਣਿਆਂ ਦੀ ਧੁਨ ਵਜਾਉਣੀ ਸਿਖਾ ਦਿਤੀ।

ਓਮ ਜੈ ਜਗਦੀਸ਼ ਹਰੇ, ਮੇਰੇ ਮਨਪਸੰਦ ਗਾਣਿਆਂ ਵਿਚੋਂ ਇਕ ਹੈ। ਇਹ ਦੱਸਦੇ-ਦੱਸਦੇ ਇਸ਼ਾਨਵੀ ਨੇ ਗਾਣਾ ਸ਼ੁਰੂ ਕਰ ਦਿਤਾ ਅਤੇ ਉਸ ਦੀਆਂ ਉਂਗਲੀਆਂ ਜਿਵੇਂ ਗਿਟਾਰ ਦੀ ਤਾਰ ਛੇੜਨ ਲੱਗ ਗਈਆਂ ਹੋਣ। 12 ਸਾਲ ਦੇ ਰਿਸ਼ਿਤ ਨੇ ਕੁਝ ਦਿਨ ਪਹਿਲਾਂ ਅਪਣੇ ਇਕ ਦੋਸਤ ਦੀ ਜਨਮ ਦਿਨ ਪਾਰਟੀ ਵਿਚ ਗਿਟਾਰ ਵਜਾਇਆ, ਜੋ ਸਾਰਿਆ ਨੂੰ ਪਸੰਦ ਆਇਆ। ਐਸਵੀ ਰਾਵ ਇਕ ਐਮਐਨਸੀ ਵਿਚ ਕੰਮ ਕਰਦੇ ਸਨ, ਪਰ 2009 ਵਿਚ ਉਨ੍ਹਾਂ ਨੇ ਨੌਕਰੀ ਛੱਡ ਦਿਤੀ। ਇਸ ਤੋਂ ਬਾਅਦ ਉਹ ਕਰਜ਼ ਵਿਚ ਡੁੱਬ ਗਏ।

ਉਹ ਪਰਿਵਾਰ ਤੋਂ ਵੱਖ ਰਹਿਣ ਲੱਗੇ ਅਤੇ ਡਿਪ੍ਰੈਸ਼ਨ ਵਿਚ ਚਲੇ ਗਏ। ਸਾਲ 2010 ਵਿਚ ਉਹ ਤਿਰੁਪਤੀ ਮੰਦਰ  ਗਏ ਅਤੇ ਇਕ ਸੰਗੀਤ ਸਕੂਲ ਤੋਂ ਵਾਜਾ ਯੰਤਰ ਵਜਾਉਣਾ ਸਿੱਖਣ ਲੱਗੇ। ਨਾਲ ਹੀ ਉਨ੍ਹਾਂ ਨੇ ਯੋਗ ਅਤੇ ਧਿਆਨ ਕਰਨਾ ਵੀ ਸ਼ੁਰੂ ਕਰ ਦਿਤਾ ਸੀ। ਹੌਲੀ-ਹੌਲੀ ਉਹ ਡਿਪ੍ਰੈਸ਼ਨ ਤੋਂ ਬਾਹਰ ਅਉਣ ਲੱਗੇ ਅਤੇ ਅਪਣੇ ਪਰਿਵਾਰ ਵਿਚ ਵਾਪਸ ਆ ਗਏ। ਇਸ ਤੋਂ ਬਾਅਦ ਉਨ੍ਹਾਂ ਨੂੰ ਸੰਗੀਤ ਨਾਲ ਪਿਆਰ ਹੋ ਗਿਆ ਸੀ। ਤਿਰੁਪਤੀ ਦੇ ਐਸਵੀ ਮਿਊਜ਼ਿਕ ਕਾਲਜ ਤੋਂ ਸੰਗੀਤ ਦੀ ਸਿੱਖਿਆ ਲੈਣ ਤੋਂ ਬਾਅਦ ਹੁਣ ਛੇਤੀ ਉਹ ਤਿਲੰਗਾਨਾ ਯੂਨੀਵਰਸਿਟੀ ਤੋਂ ਮਿਊਜ਼ਿਕ ਵਿਚ ਗਰੈਜੁਏਟ ਹੋ ਜਾਣਗੇ

ਅਤੇ ਉਸ ਤੋਂ ਬਾਅਦ ਪੀਐਚਡੀ ਕਰਨ ਦੀ ਯੋਜਨਾ ਬਣਾ ਰਹੇ ਹਨ। ਰਾਵ ਬੰਸਰੀ, ਕੀਬੋਰਡ ਐਪ ਵਾਇਲਿਨ ਵੀ ਵਜਾਉਂਦੇ ਹਨ। ਰਾਵ ਨੇ ਦੱਸਿਆ ਕਿ ਉਹ ਇਸ ਸਾਲ 12 ਮਾਰਚ ਨੂੰ ਦਿੱਲੀ ਆਏ ਸੀ ਅਤੇ ਚਾਹੁੰਦੇ ਹਨ ਕਿ ਪ੍ਰਧਾਨ ਮੰਤਰੀ ਸੰਗੀਤ ਭਾਰਤ ਅਭਿਆਨ ਸ਼ੁਰੂ ਕਰਨ। ਉਨ੍ਹਾਂ ਨੇ ਕਿਹਾ, ਸਕੂਲ ਵਿਚ ਸਾਰੇ ਵਿਦਿਆਰਥੀਆਂ ਲਈ ਸੰਗੀਤ ਸਿਖਣਾ ਲਾਜ਼ਮੀ ਕਰ ਦੇਣਾ ਚਾਹੀਦਾ ਹੈ। ਇਸ ਲਈ ਉਹ ਜ਼ਰੂਰਤਮੰਦਾਂ ਨੂੰ ਸੰਗੀਤ ਸਿਖਾਉਂਦੇ ਹਨ। ਉਨ੍ਹਾਂ ਨੇ ਕਿਹਾ, ਸ਼ੌਕ ਰੱਖਣ ਦੇ ਬਾਵਜੂਦ ਕਈ ਲੋਕ ਸੰਗੀਤ ਦੀ ਸਿੱਖਿਆ ਲੈਣ ਦਾ ਖਰਚ ਨਹੀਂ ਚੁੱਕ ਸਕਦੇ। ਮੇਰੀ ਕੋਸ਼ਿਸ਼ ਹੈ ਕਿ ਘੱਟ ਤੋਂ ਘੱਟ ਕੀਮਤ ‘ਤੇ ਮੈਂ ਅਜਿਹੇ ਲੋਕਾਂ ਨੂੰ ਸੰਗੀਤ ਸਿਖਾ ਸਕਾਂ।