ਨੈਸ਼ਨਲ ਪੁਲਿਸ ਮੈਮੋਰੀਅਲ ਉਦਘਾਟਨ ਮੌਕੇ ਜਵਾਨਾਂ ਦੀ ਸੂਰਵੀਰਤਾ ਨੂੰ ਯਾਦ ਕਰ ਕੇ ਭਾਵੁਕ ਹੋਏ ਮੋਦੀ
ਪ੍ਰਧਾਨ ਮੰਤਰੀ ਮੋਦੀ ਨੇ ਐਤਵਾਰ ਨੂੰ ਰਾਸ਼ਟਰੀ ਪੁਲਿਸ ਦਿਵਸ ਉਤੇ ਨੈਸ਼ਨਲ ਪੁਲਿਸ ਮੈਮੋਰੀਅਲ ਦਾ ਉਦਘਾਟਨ ਕੀਤਾ। ਪੁਲਿਸ, ਪੈਰਾ ਮਿਲਟਰੀ ਦੇ ਜਵਾਨਾਂ...
ਨਵੀਂ ਦਿੱਲੀ (ਭਾਸ਼ਾ) : ਪ੍ਰਧਾਨ ਮੰਤਰੀ ਮੋਦੀ ਨੇ ਐਤਵਾਰ ਨੂੰ ਰਾਸ਼ਟਰੀ ਪੁਲਿਸ ਦਿਵਸ ਉਤੇ ਨੈਸ਼ਨਲ ਪੁਲਿਸ ਮੈਮੋਰੀਅਲ ਦਾ ਉਦਘਾਟਨ ਕੀਤਾ। ਪੁਲਿਸ, ਪੈਰਾ ਮਿਲਟਰੀ ਦੇ ਜਵਾਨਾਂ ਦੀ ਸੂਰਵੀਰਤਾ ਨੂੰ ਯਾਦ ਕਰਦੇ ਹੋਏ ਪੀਐਮ ਮੋਦੀ ਭਾਵੁਕ ਹੋ ਗਏ। ਉਨ੍ਹਾਂ ਨੇ ਆਪਦਾ ਪ੍ਰਬੰਧਨ ਲਈ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨਡੀਆਰਐਫ) ਵਿਚ ਤਾਇਨਾਤ ਜਵਾਨਾਂ ਦੀ ਸੂਰਵੀਰਤਾ ਨੂੰ ਯਾਦ ਕਰਦੇ ਹੋਏ ਐਲਾਨ ਕੀਤਾ ਕਿ ਹੁਣ ਤੋਂ ਹਰ ਸਾਲ ਨੇਤਾ ਜੀ ਸੁਭਾਸ਼ ਚੰਦਰ ਬੋਸ ਜੈਯੰਤੀ (23 ਜਨਵਰੀ) ‘ਤੇ ਉਨ੍ਹਾਂ ਦੇ ਨਾਮ ਨਾਲ ਜਵਾਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ।
ਉਨ੍ਹਾਂ ਨੇ ਕਿਹਾ, ਅੱਜ ਦਾ ਦਿਨ ਸੇਵਾ ਅਤੇ ਸਰਵਉੱਚ ਕੁਰਬਾਨੀ ਨੂੰ ਯਾਦ ਕਰਨ ਦਾ ਹੈ। ਪੁਲਿਸ ਸਮਾਰਕ ਦਿਵਸ ਉਨ੍ਹਾਂ ਸਾਹਸੀ ਪੁਲਿਸ ਬਹਾਦਰਾਂ ਦੀ ਕਥਾ ਦਾ ਵੀ ਸਿਮਰਨ ਹੈ ਜਿਨ੍ਹਾਂ ਨੇ ਲੱਦਾਖ ਦੀ ਬਰਫ਼ੀਲੀ ਉਚਾਈ ਵਿਚ ਪਹਿਲੀ ਸੁਰੱਖਿਆ ਕਤਾਰ ਦੇ ਰੂਪ ਵਿਚ ਕੰਮ ਕੀਤਾ, ਅਪਣਾ ਜੀਵਨ ਸਮਰਪਿਤ ਕੀਤਾ। ਆਜ਼ਾਦੀ ਤੋਂ ਲੈ ਕੇ ਹੁਣ ਤੱਕ ਅਪਣੇ ਫ਼ਰਜ਼ ਦੇ ਰਸਤੇ ‘ਤੇ ਚਲਦੇ ਹੋਏ ਅਪਣਾ ਜੀਵਨ ਬਲੀਦਾਨ ਕਰਨ ਵਾਲਿਆਂ ਨੂੰ ਮੇਰਾ ਪ੍ਰਣਾਮ।
ਇਹ ਸਮਾਰਕ ਸੇਵਾ ਅਤੇ ਸੂਰਵੀਰਤਾ ਦਾ ਪ੍ਰਤੀਕ ਤਾਂ ਹੈ ਹੀ, ਨਾਲ ਹੀ ਸਰਕਾਰ ਦੀ ਪ੍ਰਤੀਬੰਧਤਾ ਨੂੰ ਵੀ ਦਰਸਾਉਂਦਾ ਹੈ ਜਿਸ ਦਾ ਆਧਾਰ ਰਾਸ਼ਟਰ ਉਸਾਰੀ ਅਤੇ ਇਸ ਤੋਂ ਜੁੜੇ ਲੋਕਾਂ ਦਾ ਸਨਮਾਨ ਕਰਨਾ ਹੈ।