ਸਬਰੀਮਾਲਾ 'ਤੇ ਪੁਲਿਸ ਅਤੇ ਸਰਕਾਰ ਬੇਵੱਸ, ਦੋ ਹੋਰ ਔਰਤਾਂ ਨੂੰ ਵਾਪਸ ਭੇਜਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਦਰਸ਼ਨਕਾਰੀ 10 ਤੋਂ 50 ਸਾਲ ਦੀ ਉਮਰ ਵਰਗ ਦੀਆਂ ਔਰਤਾਂ ਨੂੰ ਮੰਦਰ ਅੰਦਰ ਦਾਖਲ ਨਾ ਹੋਣ ਦੇਣ ਦੀ ਜ਼ਿਦ ਤੇ ਅੜੇ ਪਏ ਹਨ।

Sabrimala Temple

ਤਿਰੂਵਨੰਤਪੁਰਮ, ( ਭਾਸ਼ਾ ) : ਕੇਰਲ ਦੇ ਸਬਰੀਮਾਲਾ ਮੰਦਰ ਵਿਚ ਦਾਖਲ ਹੋਣ ਨੂੰ ਲੈ ਕੇ ਹੋਏ ਵਿਵਾਦ ਵਿਚ ਸੁਪਰੀਮ ਕੋਰਟ ਦੇ ਨਿਰਦੇਸ਼ ਤੇ ਪ੍ਰਦਰਸ਼ਨਕਾਰੀ ਭਾਰੀ ਪੈ ਰਹੇ ਹਨ। ਇਕ ਪਾਸੇ ਦੇਸ਼ ਦੀ ਸੁਪਰੀਮ ਅਦਾਲਤ ਸਾਰੇ ਉਮਰ ਵਰਗ ਦੀਆਂ ਔਰਤਾਂ ਨੂੰ ਮੰਦਰ ਅੰਦਰ ਦਾਖਲ ਹੋਣ ਦੀ ਇਜ਼ਾਜਤ ਦੇ ਚੁੱਕਾ ਹੈ, ਉਥੇ ਹੀ ਦੂਜੇ ਪਾਸੇ ਪ੍ਰਦਰਸ਼ਨਕਾਰੀ 10 ਤੋਂ 50 ਸਾਲ ਦੀ ਉਮਰ ਵਰਗ ਦੀਆਂ ਔਰਤਾਂ ਨੂੰ ਮੰਦਰ ਅੰਦਰ ਦਾਖਲ ਨਾ ਹੋਣ ਦੇਣ ਦੀ ਜ਼ਿਦ ਤੇ ਅੜੇ ਪਏ ਹਨ। ਐਤਵਾਰ ਨੂੰ ਪੁਖ਼ਤਾ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਮੰਦਰ ਅੰਦਰ ਜਾ ਰਹੀਆਂ ਦੌ ਔਰਤਾਂ ਨੂੰ ਪ੍ਰਦਰਸ਼ਨਕਾਰੀਆਂ ਨੇ ਵਾਪਸ ਮੁੜਨ ਤੇ ਮਜ਼ਬੂਰ ਕਰ ਦਿਤਾ।

ਮੰਦਰ ਦੇ ਦਰਵਾਜ਼ੇ ਖੁੱਲਿਆਂ ਨੂੰ ਪੰਜ ਦਿਨ ਹੋ ਗਏ ਹਨ ਅਤੇ 10 ਸਾਲ ਤੋਂ 50 ਸਾਲ ਦੀ ਉਮਰ ਵਰਗ ਦੀ ਕਿਸੀ ਵੀ ਔਰਤ ਨੂੰ ਮੰਦਰ ਅੰਦਰ ਜਾਣ ਨਹੀਂ ਦਿਤਾ ਜਾ ਰਿਹਾ। ਸ਼ੁਰੂਆਤ ਵਿਚ ਪ੍ਰਦਰਸ਼ਨਕਾਰੀਆਂ ਵਲੋਂ ਮੰਦਰ ਅੰਦਰ ਜਾਣ ਵਾਲੇ ਸਰਕਾਰੀ ਅਤੇ ਨਿਜੀ ਵਾਹਨਾਂ ਨੂੰ ਰੋਕ ਕੇ ਔਰਤਾਂ ਨੂੰ ਵਾਪਿਸ ਭੇਜਿਆ ਗਿਆ। ਅਗਲੇ ਕੁਝ ਦਿਨਾਂ ਵਿਚ ਪੁਲਿਸ ਭਾਰੀ ਸੁਰੱਖਿਆ ਵਿਚਕਾਰ ਔਰਤਾਂ ਨੂੰ ਮੰਦਰ ਦੇ ਅੰਦਰ ਲੈ ਕੇ ਗਈ ਤਾਂ ਉਥੇ ਮੌਜੂਦ ਪ੍ਰਦਰਸ਼ਨਕਾਰੀਆਂ ਦੇ ਸਾਹਮਣੇ ਝੁਕਣਾ ਪਿਆ। ਐਤਵਾਰ ਨੂੰ ਸੁਰੱਖਿਆ ਪ੍ਰਬੰਧਾਂ ਵਿਚ ਪੁਲਿਸ ਦੋ ਔਰਤਾਂ ਨੂੰ ਮੰਦਰ ਵੱਲ ਲਿਜਾ ਰਹੀ ਸੀ ਤਾਂ ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕ ਦਿਤਾ।

ਇਸ ਤੋਂ ਬਾਅਦ ਦੋਹਾਂ ਨੂੰ ਪੰਬਾਂ ਵਿਚ ਪੁਲਿਸ ਕੰਟਰੋਲ ਰੂਮ ਲਿਜਾਇਆ ਗਿਆ। ਬਾਕੀ ਭਗਤ ਬੀਤੇ ਪੰਜ ਦਿਨਾਂ ਤੋਂ ਦਰਸ਼ਨ ਕਰਨ ਦੂਰ-ਦੂਰ ਤੋਂ ਆ ਰਹੇ ਹਨ। ਕੇਰਲ ਆਈਜੀ ਨੇ ਐਤਵਾਰ ਨੂੰ ਵਾਪਸ ਭੇਜੀਆਂ ਗਈਆਂ ਔਰਤਾਂ ਸਬੰਧੀ ਕਿਹਾ ਕਿ ਉਹ ਨਿਯਮਾਂ ਦੀ ਜਾਣਕਾਰੀ ਮਿਲਣ ਤੋਂ ਬਾਅਦ ਸਬਰੀਮਾਲਾ ਨਹੀਂ ਜਾਣਾ ਚਾਹੁੰਦੀਆਂ ਸਨ। ਉਨ੍ਹਾਂ ਕਿਹਾ ਉਹ ਆਂਧਰਾ ਪ੍ਰਦੇਸ਼ ਦੇ ਭਗਤਾਂ ਦੇ ਸਮੂਹ ਦਾ ਹਿੱਸਾ ਸਨ ਅਤੇ ਬਾਕੀ ਮੰਦਰਾਂ ਵਿਚ ਵੀ ਜਾ ਚੁੱਕੀਆਂ ਸਨ। ਉਨ੍ਹਾਂ ਨੂੰ ਸਬਰੀਮਾਲਾ ਦੇ ਖਾਸ ਨਿਯਮਾਂ ਬਾਰੇ ਨਹੀਂ ਪਤਾ ਸੀ, ਜਦ ਉਨ੍ਹਾਂ ਨੂੰ ਕਿਸੇ ਨੇ ਕਿਹਾ ਕਿ ਉਹ ਮੰਦਰ ਨਹੀਂ ਜਾ ਸਕਦੀਆਂ ਤਾਂ ਉਨ੍ਹਾਂ ਇਹ ਬਿਆਨ ਵੀ ਦਿਤਾ।

ਰਾਜ ਦੇ ਮੁਖ ਮੰਤਰੀ ਪਿਨਰਾਈ ਵਿਜਯਨ ਦਾ ਇਹ ਦਾਅਵਾ ਖੋਖਲਾ ਨਜ਼ਰ ਆ ਰਿਹਾ ਹੈ ਜਿਸ ਵਿਚ ਉਨ੍ਹਾਂ ਨੇ ਔਰਤਾਂ ਨੂੰ ਸੁਰੱਖਿਆ ਦੇਣ ਅਤੇ ਅਦਾਲਤ ਦੇ ਨਿਰਦੇਸ਼ ਦਾ ਸਮਰਥਨ ਕਰਨ ਦੀ ਗੱਲ ਕਹੀ ਸੀ। ਬੀਤੇ ਦਿਨੀਂ ਅਪਣੀ ਗੱਲ ਤੋਂ ਮੁਕਰਦੇ ਹੋਏ ਕੇਰਲ ਸਰਕਾਰ ਨੇ ਵੀ ਮੰਦਰ ਮੁੱਦੇ ਤੇ ਕਿਰਿਆਸੀਲਤਾ ਨਾ ਕਰਨ ਦੀ ਸਲਾਹ ਦਿਤੀ ਸੀ। ਖ਼ੁਦ ਮੰਦਰ ਦੇ ਪੁਜਾਰੀ ਵੀ ਪ੍ਰਦਰਸ਼ਨਕਾਰੀਆਂ ਦੇ ਨਾਲ ਹਨ ਅਤੇ ਔਰਤਾਂ ਨੂੰ ਮੰਦਰ ਅੰਦਰ ਦਾਖਣ ਹੋਣ ਤੇ ਪੱਖ ਵਿਚ ਨਹੀਂ ਹਨ। ਰਾਜ ਵਿਚ ਭਾਜਪਾ ਵੀ ਇਸ ਨੂੰ ਮੁੱਦਾ ਬਣਾਕੇ ਪ੍ਰਦਰਸ਼ਨਕਾਰੀਆਂ ਦਾ ਪੱਖ ਲੈਂਦੇ ਹੋਏ ਸੁਪਰੀਮ ਕੋਰਟ ਦੇ ਫੈਸਲੇ ਦਾ ਵਿਰੋਧ ਕਰ ਰਹੀ ਹੈ।

ਦਸ ਦਈਏ ਕਿ ਬੀਤੇ ਸ਼ੁਕਰਵਾਰ ਨੂੰ ਵੀ ਦੋ ਔਰਤਾਂ ਨੇ ਆਈਜੀ ਦੇ ਨਾਲ ਲਗਭਗ 250 ਪੁਲਿਸ ਕਰਮਚਾਰੀਆਂ ਦੇ ਸੁਰੱਖਿਆ ਘੇਰੇ ਵਿਚ ਮੰਦਰ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ ਪਰ ਇਸ ਵਿਚ ਕਾਮਯਾਬੀ ਨਹੀਂ ਮਿਲੀ। ਮੰਦਰ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲੀ ਮਹਿਲਾ ਪੱਤਰਕਾਰ ਕਵਿਤਾ ਜਕੱਲ ਅਤੇ ਐਕਟੀਵਿਸਟ ਰਿਹਾਨਾ ਫਾਤਿਮਾ ਨੂੰ ਬਾਹਰ ਤੋਂ ਹੀ ਵਾਪਸ ਆਉਣਾ ਪਿਆ।

ਉਥੇ ਹੀ ਫਾਤਿਮਾ ਦੇ ਕੋਚੀ ਸਥਿਤ ਘਰ ਵਿਚ ਕੁਝ ਅਣਪਛਾਤੇ ਲੋਕਾਂ ਨੇ ਤੋੜ ਫੋੜ ਵੀ ਕੀਤੀ। ਵਿਪੱਖੀ ਕਾਂਗਰਸ ਨੇ ਹਿੰਦੂ ਧਰਮ ਤੋਂ ਇਲਾਵਾ ਹੋਰਨਾਂ ਨੂੰ ਮੰਦਰ ਅੰਦਰ ਲੈ ਜਾਣ ਦੀ ਕੋਸ਼ਿਸ਼ ਤੇ ਪੁਲਿਸ ਤੇ ਨਿਸ਼ਾਨਾ ਲਗਾਇਆ ਹੈ। ਕਾਂਗਰਸ ਨੇਤਾ ਆਰ ਚੇਨਿਥਾਲਾ ਨੇ ਕਿਹਾ ਕਿ ਸਬਰੀਮਾਲਾ ਮੰਦਰ ਕੋਈ ਯਾਤਰੀ ਸਥਾਨ ਨਹੀਂ ਹੈ, ਸਿਰਫ ਭਗਤ ਹੀ ਮੰਦਰ ਅੰਦਰ ਜਾ ਸਕਦੇ ਹਨ।