ਲਦਾਖ ਵਿਚ ਫੜੇ ਗਏ ਚੀਨੀ ਫੌਜੀ ਨੂੰ ਭਾਰਤ ਨੇ ਵਾਪਸ ਭੇਜਿਆ
ਸੋਮਵਾਰ ਨੂੰ ਲਦਾਖ ਬਾਡਰ ਕੋਲ ਫੜਿਆ ਗਿਆ ਸੀ ਚੀਨੀ ਫੌਜੀ
ਨਵੀਂ ਦਿੱਲੀ: ਭਾਰਤ ਅਤੇ ਚੀਨ ਵਿਚਕਾਰ ਐਲਏਸੀ 'ਤੇ ਤਣਾਅ ਜਾਰੀ ਹੈ। ਬੀਤੇ ਸੋਮਵਾਰ ਨੂੰ ਇਕ ਚੀਨੀ ਫੌਜੀ ਐਲਏਸੀ 'ਤੇ ਭਟਕਦਾ ਹੋਇਆ ਭਾਰਤ ਪਹੁੰਚ ਗਿਆ ਸੀ। ਉਸ ਫੌਜੀ ਨੂੰ ਭਾਰਤੀ ਫੌਜ ਵੱਲੋਂ ਫੜਿਆ ਗਿਆ। ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਏ) ਫੌਜੀ ਨੂੰ ਪੂਰਬੀ ਲਦਾਖ ਦੇ ਡੈਮਚੋਕ ਸੈਕਟਰ ਇਲਾਕੇ ਵਿਚੋਂ ਫੜਿਆ ਗਿਆ ਸੀ।
ਮੰਗਲਵਾਰ ਰਾਤ ਨੂੰ ਭਾਰਤ ਨੇ ਚੀਨੀ ਫੌਜੀ ਨੂੰ ਵਾਪਸ ਭੇਜ ਦਿੱਤਾ। ਪੀਐਲ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਉਹਨਾਂ ਵੱਲੋਂ ਭਾਰਤੀ ਫ਼ੌਜ ਨੂੰ ਜਵਾਨ ਵਾਪਸ ਦੇਣ ਦੀ ਅਪੀਲ ਕੀਤੀ ਗਈ ਸੀ। ਚੀਨੀ ਫੌਜ ਦਾ ਕਹਿਣਾ ਹੈ ਕਿ ਇਹ ਜਵਾਨ ਕੁੱਝ ਚਰਵਾਹਿਆਂ ਨੂੰ ਰਸਤਾ ਦੱਸਣ ਦੇ ਚੱਕਰ ਵਿਚ ਖ਼ੁਦ ਹੀ ਗ਼ਲਤੀ ਨਾਲ ਐਲਏਸੀ ਪਾਰ ਕਰਕੇ ਭਾਰਤੀ ਖੇਤਰ ਵਿਚ ਦਾਖਲ ਹੋ ਗਿਆ।
ਮੰਗਲਵਾਰ ਦੇਰ ਰਾਤ ਨੂੰ ਚੁਸ਼ੂਲ ਮੋਲਡੋ ਮੀਟਿੰਗ ਪੁਆਇੰਟ 'ਤੇ ਫੌਜੀ ਨੂੰ ਵਾਪਸ ਸੌਂਪਿਆ ਗਿਆ। ਚੀਨੀ ਫੌਜੀ ਦਾ ਨਾਮ ਵਾਂਗ ਯਾ ਲੋਂਗ ਸੀ। ਦੱਸ ਦਈਏ ਕਿ ਮਈ ਮਹੀਨੇ ਤੋਂ ਵੀ ਭਾਰਤੀ ਅਤੇ ਚੀਨੀ ਫੌਜੀ ਆਹਮੋ-ਸਾਹਮਣੇ ਹਨ।
ਦੋਵੇਂ ਦੇਸ਼ਾਂ ਵਿਚ ਤਣਾਅ ਜਾਰੀ ਹੈ। ਇਸ ਤਣਾਅ ਦੇ ਚਲਦਿਆਂ ਜੂਨ ਮਹੀਨੇ ਵਿਚ ਲਦਾਖ ਸਥਿਤ ਗਲਵਾਨ ਘਾਟੀ ਵਿਚ ਦੋਵੇਂ ਦੇਸ਼ਾਂ ਦੇ ਜਵਾਨਾਂ ਵਿਚਕਾਰ ਹਿੰਸਕ ਝੜਪ ਹੋਈ ਸੀ, ਜਿਸ ਵਿਚ 20 ਭਾਰਤੀ ਫੌਜੀਆਂ ਦੀ ਜਾਨ ਚਲੀ ਗਈ ਸੀ।