ਨਿਹੰਗ ਅਮਨ ਸਿੰਘ ਦਾ ਬੁੱਢਾ ਦਲ ਨਾਲ ਕੋਈ ਸਬੰਧ ਨਹੀਂ- ਬਾਬਾ ਮਾਨ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬਾਬਾ ਮਾਨ ਸਿੰਘ 96 ਕਰੋੜੀ ਨੇ ਕਿਹਾ ਕਿ ਨਿਹੰਗ ਅਮਨ ਸਿੰਘ ਅਤੇ ਉਸ ਦੀ ਜਥੇਬੰਦੀ ਦੇ ਵਿਅਕਤੀ ਗਲਤ ਕੰਮ ਕਰ ਰਹੇ ਹਨ।

Baba Mann Singh and Aman Singh

ਨਵੀਂ ਦਿੱਲੀ (ਹਰਜੀਤ ਕੌਰ): ਸਿੰਘੂ ਬਾਰਡਰ ’ਤੇ ਵਾਪਰ ਰਹੀਆਂ ਘਟਨਾਵਾਂ ਸਬੰਧੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਮਾਨ ਸਿੰਘ 96 ਕਰੋੜੀ ਨੇ ਅਪਣਾ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਨਿਹੰਗ ਅਮਨ ਸਿੰਘ ਅਤੇ ਉਸ ਦੀ ਜਥੇਬੰਦੀ ਦੇ ਵਿਅਕਤੀ ਗਲਤ ਕੰਮ ਕਰ ਰਹੇ ਹਨ। ਉਹਨਾਂ ਕਿਹਾ ਕਿ ਨਿਹੰਗ ਅਮਨ ਸਿੰਘ ਦਾ ਬੁੱਢਾ ਦਲ ਨਾਲ ਕੋਈ ਸਬੰਧ ਨਹੀਂ ਹੈ।

 

ਬਾਬਾ ਮਾਨ ਸਿੰਘ ਨੇ ਕਿਹਾ ਕਿ ਉਹ ਸਿੰਘੂ ਬਾਰਡਰ ’ਤੇ ਹੋਈ ਬੇਅਦਬੀ ਦੀ ਘਟਨਾ ਦੇ ਦੋਸ਼ੀ ਨੂੰ ਸਜ਼ਾ ਦੇਣ ਵਾਲੇ ਸਿੰਘਾਂ ਦੇ ਨਾਲ ਹਨ ਅਤੇ ਕਾਨੂੰਨੀ ਕਾਰਵਾਈ ਵਿਚ ਉਹਨਾਂ ਦਾ ਸਾਥ ਦਿੱਤਾ ਜਾਵੇਗਾ। ਹਾਲਾਂਕਿ ਉਹਨਾਂ ਇਹ ਵੀ ਕਿਹਾ ਕਿ ਉਹ ਸਿੰਘ ਬੁੱਢਾ ਦਲ ਨਾਲ ਸਬੰਧਤ ਨਹੀਂ ਹੈ ਪਰ ਉਹਨਾਂ ਨੇ ਯੋਧਿਆ ਵਾਲਾ ਕੰਮ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਜੇਲ੍ਹ ਵਿਚ ਬੰਦ ਨਿਹੰਗ ਵੱਖ-ਵੱਖ ਜਥੇਬੰਦੀਆਂ ਨਾਲ ਸਬੰਧਤ ਹਨ।

ਇਸ ਤੋਂ ਇਲਾਵਾ ਨਿਹੰਗ ਅਮਨ ਸਿੰਘ ਸਬੰਧੀ ਬਿਆਨ ਦਿੰਦਿਆਂ ਬਾਬਾ ਮਾਨ ਸਿੰਘ ਨੇ ਕਿਹਾ ਕਿ ਉਹਨਾਂ ਵਲੋਂ ਨਿਹੰਗ ਅਮਨ ਸਿੰਘ ਦੀ ਕੋਈ ਡਿਊਟੀ ਨਹੀਂ ਲਗਾਈ ਗਈ। ਉਸ ਦਾ ਬੁੱਢਾ ਦਲ ਪੰਥ ਨਾਲ ਕਈ ਸਬੰਧ ਨਹੀਂ ਹੈ ਅਤੇ ਉਸ ਨੇ ਅਪਣੀ ਵੱਖਰੀ ਜਥੇਬੰਦੀ ਬਣਾਈ ਹੋਈ ਹੈ। ਅਮਨ ਸਿੰਘ ਨੂੰ ਬਾਬਾ ਮਾਨ ਸਿੰਘ ਅਤੇ ਜਥੇਬੰਦੀ ਦੇ ਹੋਰ ਨਿਹੰਗ ਸਿੰਘਾਂ ਨੇ ਚੇਤਾਵਨੀ ਵੀ ਦਿੱਤੀ ਕਿ ਉਹ ਉਹਨਾਂ ਦਾ ਅਤੇ ਉਹਨਾਂ ਦੀ ਜਥੇਬੰਦੀ ਦਾ ਨਾਂਅ ਨਾ ਵਰਤਿਆ ਜਾਵੇ।

ਉਹਨਾਂ ਦਾ ਕਹਿਣਾ ਹੈ ਕਿ ਅਮਨ ਸਿੰਘ ਦੇ ਬੰਦੇ ਅਪਣੀ ਮਰਜ਼ੀ ਕਰ ਰਹੇ ਹਨ ਅਤੇ ਗਲਤ ਕੰਮ ਕਰ ਰਹੇ ਹਨ। ਉਹਨਾਂ ਨੇ ਸੰਗਤਾਂ ਅਤੇ ਕਿਸਾਨ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਕਿ ਅਮਨ ਸਿੰਘ ਦਾ ਨਾਂਅ ਉਹਨਾਂ ਦੀ ਜਥੇਬੰਦੀ ਨਾਲ ਨਾ ਜੋੜਿਆ ਜਾਵੇ। ਬਾਬਾ ਮਾਨ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੂੰ ਅਮਨ ਸਿੰਘ ਅਤੇ ਨਰਿੰਦਰ ਤੋਮਰ ਦੀ ਮੁਲਾਕਾਤ ਬਾਰੇ ਕੋਈ ਜਾਣਕਾਰੀ ਨਹੀਂ ਸੀ। ਉਹਨਾਂ ਕਿਹਾ ਕਿ ਉਹ ਕਿਸਾਨੀ ਲਈ ਅਤੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਇੱਥੇ ਆਏ ਹਨ।